ਕਪੂਰਥਲਾ ਪੁਲਿਸ ਦੀ ਵੱਡੀ ਕਾਮਯਾਬੀ: ਜਿੰਦਰ ਧਨੀਆ ਕਤਲ ਕਾਂਡ ਵਿੱਚ 3 ਮੁਲਜ਼ਮ ਗ੍ਰਿਫਤਾਰ

ਕਪੂਰਥਲਾ ਪੁਲਿਸ ਦੀ ਵੱਡੀ ਕਾਮਯਾਬੀ: ਜਿੰਦਰ ਧਨੀਆ ਕਤਲ ਕਾਂਡ ਵਿੱਚ 3 ਮੁਲਜ਼ਮ ਗ੍ਰਿਫਤਾਰ

ਐਸਐਸਪੀ ਗੌਰਵ ਤੂਰਾ ਦੀ ਅਗਵਾਈ ਹੇਠ ਪੁਲਿਸ ਦੀ ਸਖ਼ਤ ਕਾਰਵਾਈ, ਵਾਰਦਾਤ ਵਿੱਚ ਵਰਤਿਆ ਦਾਤਰ ਵੀ ਬਰਾਮਦ
28 ਜੂਨ ਨੂੰ ਦਿਨ-ਦਿਹਾੜੇ ਹੋਏ ਕਤਲ ਮਾਮਲੇ ਦੀ ਜਾਂਚ ਵਿੱਚ ਅਹਿਮ ਸਫਲਤਾ, ਇੱਕ ਜੁਵੇਨਾਈਲ(ਨਾਬਾਲਗ) ਵੀ ਕਾਬੂ
ਕਪੂਰਥਲਾ, 17 ਜੁਲਾਈ ਗੌਰਵ ਮੜੀਆ
ਕਪੂਰਥਲਾ ਪੁਲਿਸ ਨੇ ਬਹੁਚਰਚਿਤ ਜਤਿੰਦਰ ਕੁਮਾਰ ਉਰਫ਼ ਜਿੰਦਰ ਧਨੀਆ ਕਤਲ ਕਾਂਡ ਦੀ ਜਾਂਚ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਦੋ ਬਾਲਗ ਅਤੇ ਇੱਕ ਜੁਵੇਨਾਈਲ ਸ਼ਾਮਲ ਹੈ। ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਵਿੱਚ ਵਰਤਿਆ ਗਿਆ ਤੇਜ਼ਧਾਰ ਦਾਤਰ ਵੀ ਬਰਾਮਦ ਕਰ ਲਿਆ ਹੈ।
ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਕਪੂਰਥਲਾ ਸ੍ਰੀ ਗੌਰਵ ਤੂਰਾ (ਆਈਪੀਐਸ) ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 28 ਜੂਨ 2026 ਨੂੰ ਸ਼ਹਿਰ ਕਪੂਰਥਲਾ ਦੇ ਲਾਹੌਰੀ ਗੇਟ ਇਲਾਕੇ ਵਿੱਚ ਹੋਏ ਜਤਿੰਦਰ ਕੁਮਾਰ ਉਰਫ਼ ਜਿੰਦਰ ਧਨੀਆ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਗੰਭੀਰਤਾ ਨਾਲ ਲੈਂਦਿਆਂ ਜਾਂਚ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਹਰਿੰਦਰ ਸਿੰਘ ਗਿੱਲ, ਉਪ ਪੁਲਿਸ ਕਪਤਾਨ ਡਾ. ਸ਼ੀਤਲ ਸਿੰਘ, ਥਾਣਾ ਸਿਟੀ ਕਪੂਰਥਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਅਮਨਦੀਪ ਕੁਮਾਰ ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਐਸਆਈ ਰਮਨ ਕੁਮਾਰ ਨੂੰ ਸੌਂਪੀ ਗਈ ਸੀ। ਟੀਮਾਂ ਨੇ ਤਕਨੀਕੀ ਸਬੂਤਾਂ, ਸੀਸੀਟੀਵੀ ਫੁਟੇਜ, ਖੁਫੀਆ ਜਾਣਕਾਰੀ ਅਤੇ ਲਗਾਤਾਰ ਛਾਪੇਮਾਰੀ ਦੇ ਆਧਾਰ 'ਤੇ ਇਸ ਮਾਮਲੇ ਵਿੱਚ ਲੋੜੀਂਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਘਟਨਾ ਦਾ ਵੇਰਵਾ
ਪੁਲਿਸ ਅਨੁਸਾਰ 28 ਜੂਨ 2026 ਨੂੰ ਮੁਹੱਲਾ ਲਾਹੌਰੀ ਗੇਟ ਕਪੂਰਥਲਾ ਵਿੱਚ ਜਤਿੰਦਰ ਕੁਮਾਰ ਉਰਫ਼ ਜਿੰਦਰ ਧਨੀਆ, ਪੁੱਤਰ ਜਿੰਦਰ ਲਾਲ, ਵਾਸੀ ਮੁਹੱਲਾ ਸ਼ੌਰੀਆਂ, ਦਾ ਕਥਿਤ ਤੌਰ 'ਤੇ ਨਿਖਿਲ ਸ਼ਰਮਾ ਉਰਫ਼ ਬੋਵਾ, ਸੌਰਵ ਕੁਮਾਰ ਉਰਫ਼ ਮਾਸੀ, ਨਿਕਸ਼ਿਤ ਉਰਫ਼ ਲਾਲੂ, ਸੁਖਵਿੰਦਰ ਸਿੰਘ ਉਰਫ਼ ਸਾਹਿਲ, ਪ੍ਰਿਤਪਾਲ ਸਿੰਘ ਅਤੇ ਇੱਕ ਜੁਵੇਨਾਈਲ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਥਾਣਾ ਸਿਟੀ ਕਪੂਰਥਲਾ ਵਿੱਚ ਮੁਕੱਦਮਾ ਨੰਬਰ 215 ਮਿਤੀ 28 ਜੂਨ 2026 ਅਧੀਨ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ।
ਇਹ ਮੁਲਜ਼ਮ ਕੀਤੇ ਗਏ ਗ੍ਰਿਫਤਾਰ
ਜਾਂਚ ਦੌਰਾਨ ਪੁਲਿਸ ਨੇ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ—
ਨਿਕਸ਼ਿਤ ਉਰਫ਼ ਲਾਲੂ ਪੁੱਤਰ ਰਜਿੰਦਰ ਕੁਮਾਰ, ਵਾਸੀ ਮੁਹੱਲਾ ਲਾਹੌਰੀ ਗੇਟ, ਕਪੂਰਥਲਾ।
ਇੱਕ ਜੁਵੇਨਾਈਲ। ਹਥਿਆਰ ਵੀ ਹੋਇਆ ਬਰਾਮਦ
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਵਿੱਚ ਵਰਤਿਆ ਗਿਆ ਤੇਜ਼ਧਾਰ ਦਾਤਰ ਬਰਾਮਦ ਕਰ ਲਿਆ ਗਿਆ ਹੈ। ਹੋਰ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਮੁਲਜ਼ਮਾਂ ਦੀ ਭਾਲ ਜਾਰੀ
ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਇਸ ਕਤਲ ਕਾਂਡ ਵਿੱਚ ਨਾਮਜ਼ਦ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਕਾਨੂੰਨ ਤੋਂ ਬਚਣ ਨਹੀਂ ਦਿੱਤਾ ਜਾਵੇਗਾ ਅਤੇ ਸਾਰੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਿਸ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਕਤਲ ਕਾਂਡ ਵਿੱਚ ਕੀਤੀਆਂ ਗ੍ਰਿਫਤਾਰੀਆਂ ਨੂੰ ਪੁਲਿਸ ਦੀ ਜਾਂਚ ਲਈ ਇੱਕ ਮਹੱਤਵਪੂਰਨ ਸਫਲਤਾ ਮੰਨਿਆ ਜਾ ਰਿਹਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.