ਖੜਗੇ ਦੀ ਹਾਂ, ਬਘੇਲ ਦੀ ਨਾਂਹ! ਪੰਜਾਬ ਕਾਂਗਰਸ ਦੀ ਕਮਾਨ ਨੂੰ ਲੈ ਕੇ ਫਸਿਆ ਪੇਚ
- ਰਾਜਨੀਤੀ
- 15 Jul, 2026 07:35 AM (Asia/Kolkata)
ਚੰਡੀਗੜ੍ਹ , ਮੰਗਤ ਸਿੰਘ ਸੈਦਪੁਰ -: ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਦਿੱਲੀ 'ਚ ਚੱਲ ਰਹੇ ਮੰਥਨ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਪੰਜਾਬ ਦੌਰੇ ਨੂੰ ਲੈ ਕੇ ਪੂਰੀ ਰਿਪੋਰਟ ਹਾਈਕਮਾਨ ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਵੱਡੀ ਸਿਆਸੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪਾਰਟੀ ਨਾਲ ਜੁੜੇ ਭਰੋਸੇਯੋਗ ਸੂਤਰਾਂ ਮੁਤਾਬਕ ਪੰਜਾਬ ਇਕਾਈ 'ਚ ਤਬਦੀਲੀ ਨੂੰ ਲੈ ਕੇ ਹਾਈਕਮਾਨ ਅੰਦਰ ਹੀ ਵੱਖ-ਵੱਖ ਰਾਏ ਬਣੀਆਂ ਹੋਈਆਂ ਹਨ ਅਤੇ ਅਜੇ ਅੰਤਿਮ ਫ਼ੈਸਲਾ ਨਹੀਂ ਹੋਇਆ। ਸੂਤਰਾਂ ਦਾ ਦਾਅਵਾ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਪੰਜਾਬ 'ਚ ਸੰਗਠਨਕ ਬਦਲਾਅ ਦੇ ਹੱਕ 'ਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਨੂੰ ਖ਼ਤਮ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨਵਾਂ ਸਿਆਸੀ ਸੰਦੇਸ਼ ਦੇਣ ਵਾਸਤੇ ਲੀਡਰਸ਼ਿਪ 'ਚ ਤਬਦੀਲੀ ਇੱਕ ਵਿਕਲਪ ਹੋ ਸਕਦੀ ਹੈ।
ਦੂਜੇ ਪਾਸੇ ਸੂਤਰਾਂ ਅਨੁਸਾਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ ਇਸ ਸਮੇਂ ਕਿਸੇ ਵੱਡੇ ਬਦਲਾਅ ਦੇ ਪੱਖ 'ਚ ਨਹੀਂ ਹਨ। ਉਨ੍ਹਾਂ ਦੀ ਰਾਏ ਹੈ ਕਿ ਮੌਜੂਦਾ ਹਾਲਾਤਾਂ 'ਚ ਲੀਡਰਸ਼ਿਪ ਬਦਲਣ ਨਾਲ ਨਵਾਂ ਵਿਵਾਦ ਖੜ੍ਹਾ ਹੋ ਸਕਦਾ ਹੈ ਅਤੇ ਸੰਗਠਨ 'ਤੇ ਇਸ ਦਾ ਉਲਟ ਅਸਰ ਪੈ ਸਕਦਾ ਹੈ। ਇਸੇ ਕਾਰਨ ਦਿੱਲੀ 'ਚ ਪੰਜਾਬ ਦੇ ਮਾਮਲੇ 'ਤੇ ਲਗਾਤਾਰ ਵਿਚਾਰ-ਵਟਾਂਦਰਾ ਜਾਰੀ ਹੈ।
ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਅਤੇ ਫੀਡਬੈਕ ਦੇ ਆਧਾਰ 'ਤੇ ਹੀ ਹਾਈਕਮਾਨ ਅੰਤਿਮ ਫ਼ੈਸਲਾ ਲਵੇਗੀ। ਹਾਲਾਂਕਿ ਕਾਂਗਰਸ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਦਿੱਲੀ 'ਚ ਚੱਲ ਰਹੀਆਂ ਬੈਠਕਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦਾ ਮੁੱਦਾ ਹਾਈਕਮਾਨ ਦੀ ਤਰਜ਼ੀਹ ਬਣਿਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਸਿਆਸੀ ਫ਼ੈਸਲਾ ਸਾਹਮਣੇ ਆ ਸਕਦਾ ਹੈ।
Leave a Reply