ਕਾਂਗਰਸ-ਭਾਜਪਾ ਵੱਲੋਂ ਸਿੱਖਾਂ ਦੇ ਕਾਤਲਾਂ ਨੂੰ ਸ਼ਰਧਾਂਜਲੀਆਂ
- ਰਾਜਨੀਤੀ
- 24 Aug, 2026 06:36 PM (Asia/Kolkata)
ਕਾਂਗਰਸ ਅਤੇ ਭਾਜਪਾ ਦੋਵੇਂ ਹੀ ਸਿੱਖਾਂ ਦੀਆਂ ਕਾਤਲ, ਦੋਖੀ ਅਤੇ ਦੁਸ਼ਮਣ ਪਾਰਟੀਆਂ ਹਨ। ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤੇ ਭਾਜਪਾ ਨੇ ਸਮਰਥਨ ਦਿੱਤਾ। ਨਵੰਬਰ 1984 ਦੀ ਸਿੱਖ ਨਸਲਕੁਸ਼ੀ 'ਚ ਵੀ ਕਾਂਗਰਸੀ ਵਿਧਾਇਕਾਂ ਦੇ ਨਾਲ ਰਲ ਕੇ ਭਾਜਪਾ ਅਤੇ ਆਰ.ਐੱਸ.ਐੱਸ. ਦੇ ਗੁੰਡੇ-ਵਰਕਰਾਂ ਨੇ ਰੋਲ ਨਿਭਾਇਆ। ਪਿਛਲੇ ਦਿਨੀਂ ਜਦੋਂ ਨਵੰਬਰ 1984 ਦੇ ਸਿੱਖ ਕਤਲੇਆਮ 'ਚ ਦੋਸ਼ੀ ਰਹੇ ਸੱਜਣ ਕੁਮਾਰ ਦੀ ਮੌਤ ਹੋਈ (ਜਿਸ ਦੇ ਜੁਰਮ ਭਾਰਤੀ ਅਦਾਲਤਾਂ 'ਚ ਵੀ ਸਾਬਤ ਹੋ ਚੁੱਕੇ ਨੇ) ਤਾਂ ਉਸ ਨੂੰ ਕਾਂਗਰਸ ਦੇ ਆਫੀਸ਼ੀਅਲ ਪੇਜ ਤੋਂ ਸ਼ਰਧਾਂਜਲੀ ਦੇ ਕੇ ਇਕੱਲਾ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਹੀ ਨਹੀਂ ਛਿੜਕਿਆ ਗਿਆ ਸਗੋਂ ਕਾਂਗਰਸ ਨੇ ਇਹ ਵੀ ਜਤਾਇਆ ਕਿ ਉਹ ਅੱਜ ਵੀ ਸਿੱਖਾਂ ਪ੍ਰਤੀ ਕੀ ਸੋਚ ਰੱਖਦੀ ਹੈ। ਕਾਂਗਰਸ ਦੇ ਕੁਝ ਆਗੂਆਂ ਨੇ ਸੱਜਣ ਕੁਮਾਰ ਨੂੰ ਹੀਰੋ ਅਤੇ ਕਾਂਗਰਸੀ ਸੰਸਦ ਮੈਂਬਰ ਦੇਪਿੰਦਰ ਹੁੱਡਾ ਨੇ ਉਸ ਨੂੰ ਰੋਲ ਮਾਡਲ ਵੀ ਆਖ ਦਿੱਤਾ। ਜਿਸ ਤੋਂ ਸਪਸ਼ਟ ਹੋ ਗਿਆ ਕਿ ਸਿੱਖਾਂ ਦੇ ਗਲਾਂ ਵਿੱਚ ਬਲ਼ਦੇ ਟਾਇਰ ਪਾ ਕੇ ਮਾਰਨ ਵਾਲੇ, ਗੁਰਦੁਆਰਿਆਂ ਨੂੰ ਅੱਗਾਂ ਲਾਉਣ ਵਾਲੇ ਅਤੇ ਸਿੱਖ ਪਰਿਵਾਰਾਂ ਦੀਆਂ ਬੀਬੀਆਂ ਦੀ ਪੱਤ ਲੁੱਟਣ ਵਾਲੇ ਸੱਜਣ ਕੁਮਾਰ ਵਰਗੇ ਦਰਿੰਦਿਆਂ ਤੇ ਬੁੱਚੜਾਂ ਲਈ ਕਾਂਗਰਸੀਆਂ ਦੇ ਮਨਾਂ 'ਚ ਕਿੰਨਾ ਸਤਿਕਾਰ ਹੈ ਤੇ ਦੂਜੇ ਪਾਸੇ ਜੂਨ 1984 ਦੇ ਘੱਲੂਘਾਰੇ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨੂੰ ਗ਼ਲਤ ਆਖਣਾ ਤੇ ਮਮੂਲੀ ਜਿਹੀ ਮਾਫ਼ੀ ਮੰਗਣਾ ਇਹ ਕਾਂਗਰਸ ਦੇ ਸਿਰਫ਼ ਸਿਆਸੀ ਡਰਾਮੇ ਹਨ, ਅਸਲ ਵਿੱਚ ਕਾਂਗਰਸ ਨੂੰ ਆਪਣੇ ਕੀਤੇ ਕਾਰਿਆਂ ਦਾ ਕੋਈ ਦੁੱਖ, ਅਫ਼ਸੋਸ ਜਾਂ ਪਛਤਾਵਾ ਨਹੀਂ ਹੈ। ਜੇ ਕਾਂਗਰਸ ਕੋਲ ਅੱਜ ਵੀ ਕੇਂਦਰ ਵਿੱਚ ਸੱਤਾ ਆ ਜਾਏ ਤਾਂ ਉਹ ਸਿੱਖਾਂ ਤੇ ਹੋਰ ਘੱਟ-ਗਿਣਤੀ ਕੌਮਾਂ ਨਾਲ ਘੱਟ ਨਹੀਂ ਕਰਨਗੇ। ਜਿਵੇਂ ਜੂਨ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਪ੍ਰਧਾਨ ਮੰਤਰੀ ਪਾਪਣ ਇੰਦਰਾ ਗਾਂਧੀ ਤੇ ਨਵੰਬਰ 1984 ਵਿੱਚ ਭਾਰਤ ਭਰ ਵਿੱਚ ਸਿੱਖ ਨਸਲਕੁਸ਼ੀ ਕਰਵਾਉਣ ਵਾਲੇ ਰਾਜੀਵ ਗਾਂਧੀ, ਨਰਸਿਮਹਾ ਰਾਉ, ਲਲਿਤ ਮਾਕਨ, ਅਰਜਨ ਦਾਸ, ਜਗਦੀਸ਼ ਟਾਇਟਲਰ, ਸੱਜਣ ਕੁਮਾਰ ਅਤੇ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਮੁੱਖ ਮੰਤਰੀ ਬੁੱਚੜ ਬੇਅੰਤ ਸਿਹੁੰ ਅਤੇ ਡੀ.ਜੀ.ਪੀ. ਕੇ.ਪੀ.ਐੱਸ. ਗਿੱਲ ਕਾਂਗਰਸ ਵਾਸਤੇ ਨਾਇਕ ਹਨ। ਓਵੇਂ ਹੀ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਮੰਗ ਕਰਨ ਵਾਲਾ ਭਾਜਪਾ ਦਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਚੌਧਰੀ ਚਰਨ ਸਿਹੁੰ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਲੱਗਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੋੜਨ ਵਾਲਾ ਤੇ ਸਿੱਖਾਂ ਵਿਰੁੱਧ ਨਾਹਰੇ ਲਾਉਣ ਵਾਲਾ ਹਰਬੰਸ ਲਾਲ ਖੰਨਾ ਤੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ ਭਾਰਤੀ ਫ਼ੌਜੀਆਂ ਨੂੰ ਮਠਿਆਈ ਵੰਡ ਕੇ ਖ਼ੁਸ਼ੀਆਂ ਮਨਾਉਣ ਵਾਲੀ ਲਕਸ਼ਮੀ ਕਾਂਤਾ ਚਾਵਲਾ ਭਾਜਪਾਈਆਂ ਵਾਸਤੇ ਨਾਇਕ ਅਤੇ ਰੋਲ ਮਾਡਲ ਹੈ। ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਨਰਸਿਮਾ ਰਾਓ ਅਤੇ ਅਡਵਾਨੀ ਨੂੰ ਭਾਜਪਾ ਸਰਕਾਰ 'ਭਾਰਤ ਰਤਨ' ਅਵਾਰਡ ਦੇ ਕੇ ਨਿਵਾਜਦੀ ਹੈ। ਬਾਦਲ-ਭਾਜਪਾ ਦੇ ਰਾਜ 'ਚ ਵੀ ਸਿੱਖਾਂ ਦੇ ਕਾਤਲਾਂ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਨੂੰ ਵੱਡੇ ਅਹੁਦੇ ਦਿੱਤੇ ਜਾਂਦੇ ਹਨ ਤੇ ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਤੇ ਅੱਜ ਵੀ ਕੇਂਦਰ ਦੀ ਭਾਜਪਾ ਸਰਕਾਰ ਵਿਦੇਸ਼ਾਂ 'ਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕਰਵਾ ਚੁੱਕੀ ਹੈ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀ ਕੋਸ਼ਿਸ਼ ਹੋਈ ਸੀ ਜਿਸ ਦਾ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਪਰਦਾਫਾਸ਼ ਕੀਤਾ ਹੈ। ਕਾਂਗਰਸ ਹੋਵੇ ਜਾਂ ਭਾਜਪਾ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਤੇ ਇਹਨਾਂ ਦਾ ਇੱਕੋ ਏਜੰਡਾ ਹੈ ਸਿੱਖਾਂ ਅਤੇ ਹੋਰ ਘੱਟ-ਗਿਣਤੀ ਕੌਮਾਂ ਦਾ ਕਤਲੇਆਮ ਕਰਕੇ ਭਾਰਤ ਦੀ ਰਾਜ ਸੱਤਾ ਉੱਤੇ ਕਾਬਜ ਹੋ ਕੇ ਰਹਿਣਾ ਤੇ ਹਿੰਦੂਤਵ ਨੂੰ ਫੈਲਾਉਣਾ। ਕਾਂਗਰਸ ਦਾ ਵਿਰੋਧ ਭਾਜਪਾ ਸਿਰਫ਼ ਉੱਪਰੋਂ-ਉੱਪਰੀ ਸਿਆਸਤ ਦੀ ਨਜ਼ਰ ਨਾਲ ਹੀ ਕਰਦੀ ਹੈ ਉਸ ਨੂੰ ਸਿੱਖਾਂ ਨਾਲ ਕੋਈ ਹਮਦਰਦੀ ਨਹੀਂ ਤੇ ਨਾ ਹੀ ਉਹ ਕੋਈ ਸਿੱਖਾਂ ਦੀ ਜਾਂ ਪੰਜਾਬ ਦੀ ਹਿਤੈਸ਼ੀ ਹੈ। ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਇੰਦਰਾ ਗਾਂਧੀ, ਰਾਜੀਵ ਗਾਂਧੀ, ਨਰਸਿਮ੍ਹਾ ਰਾਓ ਅਤੇ ਕੇ.ਪੀ.ਐੱਸ. ਗਿੱਲ ਨੂੰ ਸ਼ਰਧਾਂਜਲੀਆਂ ਦਿੰਦੇ ਹਨ ਤੇ ਹਰਬੰਸ ਲਾਲ ਖੰਨੇ ਦੇ ਬੁੱਤ 'ਤੇ ਵੀ ਅਨੇਕਾਂ ਭਾਜਪਾਈ ਆਗੂ ਫੁੱਲਾਂ ਦੇ ਹਾਰ ਪਾਉਂਦੇ ਹਨ। ਸੱਜਣ ਕੁਮਾਰ ਤਾਂ ਮਰ ਗਿਆ ਪਰ ਜਿਸ ਦਿਨ ਲਾਲ ਕ੍ਰਿਸ਼ਨ ਅਡਵਾਨੀ ਤੇ ਲਕਸ਼ਮੀ ਕਾਂਤਾ ਚਾਵਲਾ ਮਰੇਗੀ ਉਸ ਦਿਨ ਭਾਜਪਾ ਦੇ ਆਗੂ ਉਹਨਾਂ ਨੂੰ ਵੀ ਸ਼ਰਧਾਂਜਲੀਆਂ ਭੇਟ ਕਰਨਗੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply