ਗੁਰਦੁਆਰਾ ਸਿੰਘ ਸਭਾ ਹੇਲਬਰੋਨ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਦੀਆਂ ਸ਼ਾਨਦਾਰ ਪ੍ਰਾਪਤੀਆਂ

ਗੁਰਦੁਆਰਾ ਸਿੰਘ ਸਭਾ ਹੇਲਬਰੋਨ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਦੀਆਂ ਸ਼ਾਨਦਾਰ ਪ੍ਰਾਪਤੀਆਂ

ਹੇਲਬਰੋਨ (ਜਰਮਨੀ) ਜਗਦੀਸ਼ ਸਿੰਘ ਆਂਖਨ ਨਜ਼ਰਾਨਾ ਟਾਈਮਜ਼

ਗੁਰਦੁਆਰਾ ਸਿੰਘ ਸਭਾ ਹੇਲਬਰੋਨ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦਾ ਸਮਾਪਤੀ ਸਮਾਰੋਹ ਬੜੇ ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿੱਚ ਸੰਪੰਨ ਹੋਇਆ। ਇਸ ਕੈਂਪ ਵਿੱਚ ਲਗਭਗ 65 ਬੱਚਿਆਂ ਅਤੇ ਵੱਡਿਆਂ ਨੇ ਭਾਗ ਲੈ ਕੇ ਗੁਰਮਤਿ, ਸਿੱਖ ਇਤਿਹਾਸ ਅਤੇ ਪੰਜਾਬੀ ਭਾਸ਼ਾ ਬਾਰੇ ਕੀਮਤੀ ਜਾਣਕਾਰੀ ਹਾਸਲ ਕੀਤੀ।
ਕੈਂਪ ਦੌਰਾਨ ਪੰਜਾਬੀ ਦੇ ਅਧਿਆਪਕਾਂ ਭੈਣ ਰਾਜਵਿੰਦਰ ਕੌਰ, ਭੈਣ ਗੁਰਲੀਨ ਕੌਰ ਅਤੇ ਭੈਣ ਰਾਜਵੰਤ ਕੌਰ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਸਰਾਹਣਯੋਗ ਸੇਵਾਵਾਂ ਨਿਭਾਈਆਂ ਗਈਆਂ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਵੇਲ ਸਿੰਘ ਨੇ ਬੱਚਿਆਂ ਨੂੰ ਤਬਲਾ ਸਿੱਖਾਉਣ ਦੀ ਸੇਵਾ ਨਿਭਾਈ।
ਭਾਈ ਜਗਦੀਸ਼ ਸਿੰਘ ਆਖਨ (ਸਿੱਖ ਸੰਦੇਸ਼ਾ, ਜਰਮਨੀ) ਵੱਲੋਂ ਗੁਰਬਾਣੀ ਵਿਆਕਰਣ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਕਾ ਸਰਸਾ ਨਦੀ, ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਸਹਿਜ ਪਾਠ ਸੰਬੰਧੀ ਸੰਗਤਾਂ ਦੇ ਸਵਾਲਾਂ ਦੇ ਸੰਤੋਸ਼ਜਨਕ ਜਵਾਬ ਦਿੱਤੇ ਗਏ, ਜਿਸ ਤੋਂ ਪ੍ਰੇਰਿਤ ਹੋ ਕੇ 11 ਗੁਰੂ ਪਿਆਰੇਆਂ (8 ਭੈਣਾਂ ਅਤੇ 3 ਵੀਰਾਂ) ਨੇ ਸਹਿਜ ਪਾਠ ਰੱਖੇ, ਜੋ ਕੈਂਪ ਦੀ ਵੱਡੀ ਪ੍ਰਾਪਤੀ ਰਹੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਵੱਲੋਂ ਬੱਚਿਆਂ ਲਈ ਗੁਰਮਤਿ ਕਲਾਸਾਂ ਅਤੇ ਲਿਖਤੀ ਪ੍ਰੀਖਿਆਵਾਂ ਕਰਵਾਈਆਂ ਗਈਆਂ, ਜਿਨ੍ਹਾਂ ਦਾ ਨਤੀਜਾ 100 ਫੀਸਦੀ ਰਿਹਾ। ਬੱਚਿਆਂ ਲਈ ਪ੍ਰਸ਼ਨ-ਮੰਚ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੇ ਬਰਾਬਰ ਅੰਕ ਹਾਸਲ ਕਰ ਕੇ ਸਭ ਨੂੰ ਪ੍ਰਭਾਵਿਤ ਕੀਤਾ।
ਕੈਂਪ ਦੌਰਾਨ ਦਸਤਾਰ ਬੰਨਣ ਦੀ ਸਿੱਖਲਾਈ ਭਾਈ ਸੋਹਣ ਸਿੰਘ, ਭਾਈ ਗਬਰ ਸਿੰਘ ਅਤੇ ਭਾਈ ਗੋਬਿੰਦ ਸਿੰਘ ਵੱਲੋਂ ਦਿੱਤੀ ਗਈ। ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖੀ ਅਤੇ ਗੁਰਮਤਿ ਨਾਲ ਜੋੜਨਾ ਸੀ, ਜਿਸ ਵਿੱਚ ਮਾਤਾ-ਪਿਤਾ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਸਮਾਪਤੀ ਸਮਾਰੋਹ ਦੌਰਾਨ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਸੇਵਾਦਾਰਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਭਾਈ ਸੋਹਣ ਸਿੰਘ ਨੇ ਨਿਭਾਈ। ਅਖੀਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ, ਅਧਿਆਪਕਾਂ ਅਤੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

Ali Imran Chattha
Ali Imran Chattha
00923000688240
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.