ਦਰਬਾਰ ਬਾਬਾ ਸ਼ੇਖ ਨਸ਼ੀਰਾ ਅੱਪਰਾ ਵਿਖੇ ਸਾਲਾਨਾ ਦੋ ਦਿਨਾਂ ਸਾਲਾਨਾ ਜੋੜ ਮੇਲਾ ਸ਼ਾਨੌ ਸ਼ੌਕਤ ਨਾਲ ਸੰਪਨ
- ਧਾਰਮਿਕ
- 13 Jul, 2026 08:43 AM (Asia/Kolkata)
ਪੰਜਾਬੀ ਗਾਇਕ ਸਰਦਾਰ ਅਲੀ ਤੇ ਕਮਲ ਖ਼ਾਨ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕ ਕੀਲੇ
ਅੱਪਰਾ, 13 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਅੱਪਰਾ ਦੇ ਮੰਡੀ ਰੋਡ ਵਿਖੇ ਸਥਿਤ ਦਰਬਾਰ ਬਾਬਾ ਸ਼ੇਖ ਨਸ਼ੀਰਾ ਜੀ ਦੇ ਅਸਥਾਨ 'ਤੇ ਬ੍ਰਹਮਲੀਨ ਸਾਂਈ ਪ੍ਰਕਾਸ਼ ਰਾਮ ਜੀ ਦੇ ਆਸ਼ੀਰਵਾਦ ਸਦਕਾ ਸਾਂਈ ਕਿਸ਼ਨ ਲਾਲ ਦੀ ਅਗਵਾਈ ਹੇਠ ਦਰਬਾਰ ਬਾਬਾ ਸ਼ੇਖ ਨਸ਼ੀਰਾ ਪ੍ਰਬੰਧਕ ਕਮੇਟੀ, ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾਂ ਸਾਲਾਨਾ ਜੋੜ ਪੂਰਨ ਸ਼ਰਧਾ ਨਾਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜੇਸ਼ ਕੁਮਾਰ ਜੌਨੀ ਤੇ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਮਿਤੀ 11 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਦਰਬਾਰ ਵਿਖੇ ਚਾਦਰ ਤੇ ਝੰਡੇ ਦੀ ਰਸਮ ਸਾਂਈ ਕਿਸ਼ਨ ਲਾਲ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਵਲੋਂ ਪੂਰੇ ਉਤਸ਼ਾਹ ਨਾਲ ਨਿਭਾਈ ਗਈ। ਇਸ ਮੌਕੇ ਸਰਪੰਚ ਵਿਨੈ ਅੱਪਰਾ, ਚੌਧਰੀ ਮੁਹੰਮਦ ਅਲੀ ਪੋਸਵਾਲ ਚੈਅਰਮੈਨ ਗੁੱਜਰ ਵਿਕਾਸ ਪ੍ਰੀਸ਼ਦ ਪੰਜਾਬ ਤੇ ਹੋਰ ਮੋਹਤਬਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਇਸ ਉਪਰੰਤ ਗਾਇਕ ਸਰਦਾਰ ਅਲੀ ਤੇ ਸ਼ਾਹ ਸਿਸਟਰ ਤੇ ਸੰਤ ਰਾਮ ਦੀਪਕ ਕੱਵਾਲ ਪਾਰਟੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਮਿਤੀ 12 ਜੁਲਾਈ ਦਿਨ ਐਤਵਾਰ ਨੂੰ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਦਰਬਾਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਧਾਰਮਿਕ ਤੇ ਸੱਭਿਆਚਾਰਕ ਸਟੇਜ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਕਮਲ ਖ਼ਾਨ, ਕਮਲ ਕਟਾਣੀਆਂ, ਪਰਮਜੀਤ ਪੰਮ, ਭੋਲਾ ਕੋਮਲ ਤੇ ਜਗਦੀਸ਼ ਜੋਤ, ਲਵ ਕਲਿਆਣ, ਬਲਿਹਾਰ ਸੇਖੋਂ, ਜੇ ਚੀਮਾ, ਦਿਲਬਹਾਰ ਸ਼ੌਕਤ, ਰਵੀ ਖ਼ਾਨ, ਫਤਿਹਵੀਰ, ਪਿ੍ਆ ਹੰਸ, ਸੁੱਚਾ ਸਬਰੀ, ਡਾ. ਗੁਰਨੇਕ ਤੇ ਜੈਸਿਕਾ ਮਿਊਜੀਕਲ ਗਰੁੱਪ ਨੱਕਾਲ ਪਾਰਟੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਤੇ ਆਪਣੀ ਗਾਇਕੀ ਨਾਲ ਦਰਸ਼ਕ ਕੀਲ ਲਏ। ਮੇਲੇ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਦੀਪਾ ਮੀਓਂਵਾਲ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ।
Leave a Reply