ਪੰਜਾਬ ਦੇ ਵੋਟਰ ਆਪ ਤੈਅ ਕਰਨ ਵਿਧਾਨ ਸਭਾ ਚੋਣਾਂ ਦਾ ਏਜੇਂਡਾ - ਲੇਖਕ -ਡਾ. ਸਤਿੰਦਰ ਪਾਲ ਸਿੰਘ

ਪੰਜਾਬ ਦੇ ਵੋਟਰ ਆਪ ਤੈਅ ਕਰਨ ਵਿਧਾਨ ਸਭਾ ਚੋਣਾਂ ਦਾ ਏਜੇਂਡਾ - ਲੇਖਕ -ਡਾ. ਸਤਿੰਦਰ ਪਾਲ ਸਿੰਘ

ਪੰਜਾਬ ਦੇ ਵੋਟਰ ਆਪ ਤੈਅ ਕਰਨ ਵਿਧਾਨ ਸਭਾ ਚੋਣਾਂ ਦਾ ਏਜੇਂਡਾ -ਲੇਖਕ -ਡਾ. ਸਤਿੰਦਰ ਪਾਲ ਸਿੰਘ 

ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਮੈਦਾਨ ਸੱਜਣਾ ਆਰੰਭ ਹੋ ਗਿਆ ਹੈ। ਸਾਰੇ ਹੀ ਰਾਜਨੀਤਿਕ ਦਲ ਵੋਟਰਾਂ ਨੂੰ ਲੁਭਾਉਣ ਲਈ ਆਪੋ ਆਪਣੇ ਘੋਸ਼ਣਾ ਪੱਤਰ ਲੈ ਕੇ ਆਉਣ ਲਈ ਤਿਆਰ ਹੋ ਰਹੇ ਹਨ। ਚੋਣ ਘੋਸ਼ਣਾ ਪੱਤਰ ਰਾਹੀਂ ਸਿਆਸੀ ਦਲ ਵੋਟਰਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਹਿੱਤ ‘ਚ ਉਹ ਕੀ ਕਰਨਾ ਚਾਹੁੰਦੇ ਹਨ । ਇਸ ਦਾ ਮੂਲ ਮਨੋਰਥ ਹੁੰਦਾ ਹੈ ਵੋਟਰ ਨੂੰ ਆਪਣੇ ਨਾਲ ਸਹਿਮਤ ਕਰ ਚੋਣ ਜਿੱਤਣਾ ਤੇ ਸਰਕਾਰ ਬਣਾਉਣਾ। ਲੋਕਤੰਤਰ ਦੀ ਇਹ ਸੁਭਾਵਕ ਪ੍ਰਕ੍ਰਿਆ ਹੈ। ਪੂਰੇ ਦੇਸ਼ ਵਾਂਗੂੰ ਹੀ ਪੰਜਾਬ ਵਿੱਚ ਵੀ ਇਹ ਹੀ ਹਮੇਸ਼ਾ ਦੀ ਤਰ੍ਹਾਂ ਹੋਣ ਵਾਲਾ ਹੈ। ਬੇਸ਼ਕ ਪੰਜਾਬ ਭਾਰਤ ਦਾ ਪ੍ਰਾਂਤਾਂ ‘ ਚੋਂ ਇੱਕ ਹੈ ਪਰ ਹੋਰਨਾਂ ਨਾਲੋਂ ਵੱਖ ਹੈ। ਇਸ ਦੇ ਦੋ ਮੁੱਖ ਕਾਰਨ ਹਨ। ਇੱਕ ਦੇਸ਼ ਦੀ ਸੀਮਾ ਦੇ ਬੇਹੱਦ ਕਰੀਬ ਹੋਣਾ , ਦੂਜਾ ਪੰਜਾਬ ਦੀ ਧਰਤੀ ਦੀ ਅਧਿਆਤਮਕ ਮਹੱਤਤਾ। ਇਹ ਦੋਵੇ ਹੀ ਅਤਿ ਸੰਵੇਦਨਸ਼ੀਲ ਸੱਚ ਹਨ। ਪੰਜਾਬ ਦਾ ਜੀਵਨ ਇਨ੍ਹਾਂ ਬਿੰਦੂਆਂ ਦੇ ਚੁਫੇਰੇ ਹੀ ਵਿਚਰਨ ਕਰਦਾ ਆਇਆ ਹੈ। ਪੰਜਾਬ ਦਾ ਹਿੱਤ ਇਨ੍ਹਾਂ ‘ਚ ਹੀ ਸਮੋਇਆ ਹੋਇਆ ਹੈ। ਇਹ ਸੱਚ ਸਿਆਸੀ ਲਾਭ ਹਾਨੀ ਤੋਂ ਪਰੇ ਦਾ ਸੱਚ ਹੈ। ਇਹੋ ਕਾਰਨ ਹੈ ਕਿ ਪੰਜਾਬ ਵਿੱਚ ਸਦਾ ਹੀ ਸਿਆਸੀ ਦ੍ਰਿਸ਼ਟੀਕੋਣ ਇਸ ਤੋਂ ਬਚਨ ਦਾ ਜਤਨ ਕਰਦਾ ਆਇਆ ਹੈ। ਚੋਣਾਂ ਵਿੱਚ ਇਸ ਨੂੰ ਅਣਦੇਖਾ ਕਰ ਕੇ ਸਰਕਾਰਾਂ ਬਣਦੀਆਂ ਆਇਆਂ ਹਨ। ਅਜਿਹੀਆਂ ਬਣਿਆਂ ਸਰਕਾਰਾਂ ਕਿੰਨਿਆਂ ਕੁ ਸਫਲ ਰਹਿਆਂ ਹਨ ਇਸ ਦਾ ਜਵਾਬ ਪੰਜਾਬ ਦੇ ਵੋਟਰ ਦਾ ਮਨ ਹੀ ਦੇ ਸਕਦਾ ਹੈ। 

ਸਿਆਸੀ ਦਲਾਂ ਦਾ ਹਿੱਤ ਚੋਣ ਜਿੱਤ ਕੇ ਸਰਕਾਰ ਬਣਾਉਣਾ ਹੁੰਦਾ ਹੈ। ਚੋਣ ਜਿੱਤਣ ਲਈ ਕੀਤੇ ਗਏ ਵਾਇਦੇ ਵੋਟਰ ਨੂੰ ਭਰਮ ਵਿੱਚ ਪਾ ਕੇ ਹਕੀਕਤ ਤੋਂ ਵੱਖਰੇ ਸੁਪਨੇ ਦਿਖਾਉਣ ਵਿੱਚ ਸਫਲ ਹੋ ਜਾਂਦੇ ਹਨ। ਵੋਟਰ ਇਸ ਮਾਇਆ ਜਾਲ ਵਿੱਚ ਫੱਸ ਕੇ ਵੋਟ ਦੇ ਦਿੰਦਾ ਹੈ। ਪਰ ਜਦੋਂ ਸੱਚ ਨਾਲ ਸਾਹਮਣਾ ਹੁੰਦਾ ਹੈ ਤਾਂ ਪੈਦਾ ਹੋਣ ਵਾਲੀ ਨਿਰਾਸ਼ਾ ਹਕੀਕਤ ਦੇ ਸੰਕਟ ਨੂੰ ਹੋਰ ਗਹਿਰਾ ਕਰ ਦਿੰਦੀ ਹੈ। ਫੌਰੀ ਸਮਾਂ ਤਾਂ ਲੰਘ ਜਾਂਦਾ ਹੈ ਪਰ ਭਵਿੱਖ ਦਾ ਹਨੇਰਾ ਉਤਨਾ ਹੀ ਸੰਘਣਾ ਹੁੰਦਾ ਜਾਂਦਾ ਹੈ। ਘੱਟੋ ਘੱਟ ਪੰਜਾਬ ਨਾਲ ਤਾਂ ਇਹੋ ਹੀ ਹੋ ਰਿਹਾ ਜਾਪਦਾ ਹੈ। ਪੰਜਾਬ ਦੇ ਵੋਟਰ ਨੂੰ ਚੰਗਾ ਅਨੁਭਵ ਹੋ ਗਿਆ ਹੋਏਗਾ ਕਿ ਸਰਕਾਰਾਂ ਬਦਲਣਾ , ਪਾਰਟੀਆਂ ਬਦਲਣਾ ਕੋਈ ਵਿਕਲਪ ਨਹੀਂ ਹੈ। ਪੰਜਾਬ ਜਿਹੇ ਸੰਵੇਦਨਸ਼ੀਲ ਰਾਜ ਨੂੰ ਸਿਆਸੀ ਪਰ੍ਯੋਗਸ਼ਾਲਾ ਬਣਾਉਣ ਦੇ ਵੱਡੇ ਸੰਕਟ ਹਨ। ਦੇਸ਼ ਦੀ ਵੰਡ ਤੋਂ ਬਾਅਦ ਹੀ ਪੰਜਾਬ ਦੀ ਪਹਿਲੀ ਲੋੜ ਸ਼ਾਂਤੀ ਦੀ ਰਹੀ ਹੈ। ਸੀਮਾਵਰਤੀ ਪ੍ਰਾਂਤ ਹੋਣ ਕਾਰਨ ਵੀ ਤੇ ਅਧਿਆਤਮ ਦੀ ਧਰਤੀ ਹੋਣ ਕਾਰਨ ਵੀ।ਇਹ ਪੰਜਾਬ ਦਾ ਮੁੱਖ ਏਜੇਂਡਾ ਹੈ ਜੋ ਸਦਾ ਹੀ ਮੁੱਖ ਰਹਿਣ ਵਾਲਾ ਹੈ। ਵਿਚਾਰਕ ਭਿੰਨਤਾਵਾਂ ਹੋ ਸਕਦੀਆਂ ਹਨ , ਭਿੰਨ ਭਿੰਨ ਹਿੱਤ ਹੋ ਸਕਦੇ ਹਨ ਪਰ ਕਿਸੇ ਵੀ ਹਿੱਤ ਦੀ ਪੂਰਤੀ ਸ਼ਾਂਤੀ ਬਿਨਾ ਸੰਭਵ ਨਹੀਂ ਹੈ। ਸਮਾਜਕ ਸ਼ਾਂਤੀ ਹੋਵੇ , ਪ੍ਰੇਮ , ਸਦਭਾਵ ਹੋਵੇ , ਭਰੋਸੇ ਦਾ ਵਾਤਾਵਰਨ ਹੋਵੇ ਤਾਂ ਹੀ ਹਿੱਤ ਪੂਰੇ ਹੋ ਸਕਦੇ ਹਨ ਉਹ ਭਾਵੇਂ ਧਾਰਮਿਕ ਹੋਣ , ਆਰਥਿਕ , ਸਮਾਜਕ ਜਾਂ ਸਿਆਸੀ। ਸ਼ਾਂਤੀ ਨਹੀਂ ਤਾਂ ਵਿਨਾਸ਼ ਹੀ ਬੱਚਦਾ ਹੈ। ਸਿੱਖ ਧਰਮ ਦਾ ਉਦੈ ਪੰਜਾਬ ਦੀ ਧਰਤੀ ਤੋਂ ਹੋਇਆ। ਗੁਰੂ ਨਾਨਕ ਸਾਹਿਬ ਨੇ ਭਿੰਨ ਸਿਧਾਂਤਕ ਵਿਚਾਰ ਪ੍ਰਗਟ ਕੀਤੇ ਪਰ ਸਮਾਜਕ ਸਮਰਸਤਾ ਤੇ ਕਦੇ ਵੀ ਆਂਚ ਨਹੀਂ ਆਉਣ ਦਿੱਤੀ। ਗੁਰੂ ਸਾਹਿਬ ਨੇ ਸਦਾ ਗੁਣਾਂ ਤੇ ਗੁਣੀਂ ਆਚਾਰ ਦੀ ਗੱਲ ਕੀਤੀ ਜਿਸ ਨੂੰ ਕੋਈ ਵੀ ਅਪ੍ਰਵਾਨ ਨਹੀਂ ਕਰ ਸਕਦਾ ਸੀ। ਗੁਰੂ ਸਾਹਿਬ ਦੀ ਮਾਨਤਾ ਜਗਤ ਗੁਰੂ ਵੱਜੋਂ ਹੋਈ ਅਤੇ ਉਨ੍ਹਾਂ ਦੇ ਉਪਦੇਸ਼ ਮਨੁੱਖਤਾ ਦੇ ਉਪਦੇਸ਼ ਬਣ ਗਏ। ਗੁਰਸਿੱਖੀ ਇੱਕ ਸ਼ਾਂਤੀ ਪੂਰਨ ਸਮਾਜਿਕ ਕ੍ਰਾਂਤੀ ਸੀ। ਭਾਈਚਾਰਾ ਅਤੇ ਸਾਂਝੀਵਾਲਤਾ ਦੀ ਭਾਵਨਾ ਦ੍ਰਿੜ੍ਹ ਹੋਈ। ਅੱਜ ਪੰਜਾਬ ਨੂੰ ਇਸ ਦੀ ਸਖਤ ਲੋੜ ਹੈ। ਇਹ ਪੰਜਾਬ ਦੇ ਲੋਕਾਂ ਦਾ ਮੁੱਖ ਏਜੇਂਡਾ ਹੈ। ਪੰਜਾਬ ਦੇ ਵੋਟਰ ਦੇ ਵੋਟ ਦਾ ਹੱਕਦਾਰ ਉਹ ਹੋਣਾ ਚਾਹੀਦੇ ਜੋ ਪੰਜਾਬ ਅੰਦਰ ਭਾਈਚਾਰਾ , ਸਾਂਝੀਵਾਲਤਾ , ਸੁਹਿਰਦਤਾ ਨੂੰ ਮਜਬੂਤ ਕਰ ਸਕੇ ਨਾ ਕਿ ਪੰਜਾਬ ਨੂੰ ਫਿਰਕਿਆਂ , ਜਾਤਾਂ , ਧਰਮਾਂ , ਵਿੱਚ ਵੰਡ ਕੇ ਚੋਣ ਜਿੱਤਣ ਵਿੱਚ ਰੁਚੀ ਰੱਖਦਾ ਹੋਵੇ । 

ਆਰਥਿਕਤਾ ਪੰਜਾਬ ਦਾ ਦੂਜਾ ਵੱਡਾ ਲੋਕ ਮੁੱਦਾ ਹੈ ਜੋ ਸ਼ਾਂਤੀ ਨਾਲ ਜੁੜਿਆ ਹੋਇਆ ਹੈ। ਸਮਾਜ ਵਿੱਚ ਸ਼ਾਂਤੀ ਹੈ ਤਾਂ ਹੀ ਆਰਥਿਕ ਉੱਨਤੀ ਹੋ ਸਕਦੀ ਹੈ।ਅਰਥਿਤਕ ਤਰੱਕੀ ਸੰਸਾਰ ਲਈ ਅੱਜ ਦਾ ਸੱਚ ਹੋ ਸਕਦਾ ਹੈ ਪਰ ਇਸ ਦੀ ਪਛਾਣ ਤਾਂ ਗੁਰੂ ਸਾਹਿਬਾਨ ਨੇ ਪੰਜ ਸ਼ਤਾਬਦੀਆਂ ਪਹਿਲਾਂ ਹੀ ਕਰ ਲਈ ਸੀ। ਗੁਰੂ ਨਾਨਕ ਸਾਹਿਬ ਨੇ ਇਮਾਨਦਾਰ ਕਿਰਤ ਲਈ ਪ੍ਰੇਰਿਤ ਕੀਤਾ। ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਨਗਰ ਵਿੱਚ ਭਿੰਨ ਭਿੰਨ ਕਿੱਤਿਆਂ ਦੇ ਕਿਰਤੀਆਂ ਨੂੰ ਆਪ ਬੁਲਾ ਕੇ ਵਸਾਇਆ ਸੀ ਅਤੇ ਉਨ੍ਹਾਂ ਨੂੰ ਰੋਜਗਾਰ ਲਈ ਹਰ ਸਹਾਇਤਾ ਵੀ ਪ੍ਰਦਾਨ ਕੀਤੀ ਸੀ।ਗੁਰੂਆਂ ਦੀ ਇਸ ਧਰਤੀ ਨੂੰ ਤਾਂ ਪੂਰੇ ਵਿਸ਼ਵ ਵਿੱਚ ਕਿਰਤ ਅਤੇ ਕਿਰਤੀਆਂ ਦੀ ਧਰਤੀ ਦੇ ਰੂਪ ਵਿੱਚ ਆਪਣੀ ਪਛਾਣ ਕਾਇਮ ਕਰ ਲੈਣੀ ਚਾਹੀਦੀ ਸੀ। ਪੰਜਾਬ ਨੇ ਸਿਰਫ ਖੇਤੀ ਵਿੱਚ ਆਪਣੇ ਆਪ ਨੂੰ ਕੇਂਦਰਿਤ ਕਰ ਲਿਆ। ਗੁਰੂ ਰਾਮਦਾਸ ਸਾਹਿਬ ਦੀ ਅੰਮ੍ਰਿਤਸਰ ਦੀ ਭਾਵਨਾ ਨੂੰ ਵਿਸਾਰ ਹੀ ਦਿੱਤਾ ਗਿਆ। ਸਰਕਾਰਾਂ ਕਦੋਂ ਚਾਹੁੰਦੀਆਂ ਕਿ ਲੋਕ ਆਰਥਿਕ ਸਮਰਿੱਧੀ ਪ੍ਰਾਪਤ ਕਰ ਜਾਗਰੂਕ ਹੋਣ ਇਸ ਕਾਰਨ ਉਹ ਵੀ ਅਵੇਸਲਿਆਂ ਹੋ ਗਾਈਆਂ । ਪੰਜਾਬ ਵਿੱਚ ਆਰਥਿਕਤਾ ਦਾ ਮਾਹੌਲ ਹੀ ਨਹੀਂ ਬਣ ਸਕਿਆ। ਪੂੰਜੀ ਨਿਵੇਸ਼ ਲਈ ਸੈਮੀਨਾਰ ਜਿਹੇ ਵਿਖਾਵੇ ਹੁੰਦੇ ਰਹੇ ਪਰ ਨਤੀਜਿਆਂ ਪ੍ਰਤੀ ਗੰਭੀਰਤਾ ਦੀ ਘਾਟ ਹੀ ਨਜਰ ਆਈ। ਅਰਥਚਾਰੇ ਨੂੰ ਸ਼ਾਂਤੀ ਨਾਲ ਜੋੜਿਆ ਜਾ ਸਕਦਾ ਹੈ ਪਰ ਪਿੱਛਲੇ ਦੋ ਦਹਾਕਿਆਂ ਵਿੱਚ ਵੀ ਤਾਂ ਕੁੱਝ ਖਾਸ ਉਪਲਬਧੀ ਨਹੀਂ ਵਿਖਾਈ ਪਈ ਹੈ ਨਾਂ ਹੀ ਅੱਗੇ ਸਿਆਸੀ ਦਲ ਇਸ ਬਾਰੇ ਗੰਭੀਰ ਜਾਪਦੇ ਹਨ। 

ਪੰਜਾਬ ਸਿਖਿਆ ਦੇ ਖੇਤਰ ਵਿੱਚ ਵੀ ਕੁੱਝ ਖਾਸ ਨਹੀਂ ਕਰ ਸਕਿਆ ਹੈ। ਉਹ ਧਰਤੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੇ ਗਿਆਨ ਸਾਗਰ ਦੀ ਸੰਪਾਦਨਾ ਹੋਈ ਹੋਵੇ , ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਪ੍ਰਾਪਤ ਹੋਈ ਹੋਵੇ ਉਹ ਧਰਤੀ ਤਾਂ ਗਿਆਨ , ਸਿਖਿਆ ਦੇ ਵਿਸ਼ਵ ਪ੍ਰਸਿੱਧ ਕੇਂਦਰ ਵੱਜੋਂ ਵਿਕਸਿਤ ਹੋ ਜਾਣੀ ਚਾਹੀਦੀ ਸੀ। ਅੱਜ ਪੰਜਾਬ ਵਿੱਚ ਕੋਈ ਅਜਿਹੀ ਯੂਨੀਵਰਸਿਟੀ , ਕਾਲੇਜ ਨਹੀਂ ਜਿਸ ਵਿੱਚ ਐਡਮਿਸ਼ਨ ਲਈ ਭਾਰਤ ਦੇ ਦੂਜੇ ਪ੍ਰਾਂਤਾਂ ਦੇ ਲੋਗ ਚਾਹ ਰੱਖਦੇ ਹੋਣ। ਪੰਜਾਬ ਅੰਦਰ ਕਿਤਨੇ ਆਈ ਆਈ ਟੀ , ਆਈ ਆਈ ਐਮ ਖੋਲੇ ਗਏ ਹਨ। ਪੰਜਾਬ ਅੰਦਰ ਇਸ ਲਈ ਕੋਈ ਆਵਾਜ ਵੀ ਉੱਠਦੀ ਸੁਣੀ ਨਹੀਂ ਗਈ ਹੈ। ਕਿਸੇ ਸਿਆਸੀ ਦਲ ਨੇ ਆਪਣੇ ਚੋਣ ਘੋਸ਼ਣਾ ਪੱਤਰ ਵਿੱਚ ਪੰਜਾਬ ਦੇ ਸਿਖਿਆ ਖੇਤਰ ਨੂੰ ਲੋੜੀਂਦੀ ਤਰਜੀਹ ਨਹੀਂ ਦਿੱਤੀ ਹੈ ਕਿਉਂਕਿ ਵੋਟਾਂ ਦੇ ਮੱਦੇ ਨਜਰ ਇਹ ਜਰੂਰੀ ਮਹਿਸੂਸ ਨਹੀਂ ਹੋਇਆ। ਸਿਖਿਆ ਦੀ ਚਰਚਾ ਹੀ ਨਹੀਂ ਹੁੰਦੀ। ਵਿਦੇਸ਼ ਜਾਣ ਲਈ ਪੰਜਾਬ ਦਾ ਹਰ ਨੌਜਵਾਨ ਜਤਨ ਕਰਦਾ ਹੈ ਪਰ ਇਹ ਨਹੀਂ ਸਮਝਿਆ ਗਿਆ ਕਿ ਪੜ੍ਹ ਲਿੱਖ ਕੇ ਵਿਦੇਸ਼ ਜਾਣਾ ਆਰਥਿਕ ਤੌਰ ਤੇ ਲਾਭਦਾਈ ਵੀ ਹੈ ਅਤੇ ਸਨਮਾਨ ਜਨਕ ਵੀ। 

ਭਾਰਤ ਵਿੱਚ ਪੰਜਾਬ ਰੂਹਾਨੀਅਤ ਦਾ ਮੁੱਖ ਕੇਂਦਰ ਹੈ। ਕਿਸੇ ਵੀ ਸਰਕਾਰ ਨੇ ਪੰਜਾਬ ਨੂੰ ਆਪਣਾ ਪਾਵਨ ਅਸਥਾਨ ਦਿਵਾਉਣ ਲਈ ਕੋਈ ਸਾਰਥਕ ਜਤਨ ਨਹੀਂ ਕੀਤਾ। ਪੰਜਾਬ ਦਾ ਹਰ ਨਗਰ ਅਧਿਆਤਮਕ ਮਹੱਤਤਾ ਰੱਖਦਾ ਹੈ ਸ੍ਰੀ ਦਰਬਾਰ ਸਾਹਿਬ ਦੀ ਆਪਣੀ ਪਛਾਣ ਸਾਰੇ ਸੰਸਾਰ ਵਿੱਚ ਹੈ ਪਰ ਅੰਮ੍ਰਿਤਸਰ ਨੂੰ ਵਿਕਸਿਤ ਕਰਨ ਦੀ ਕੋਈ ਸੰਪੂਰਨ ਯੋਜਨਾ ਅੱਜ ਤੱਕ ਨਹੀਂ ਬਣੀ।ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ , ਨਿਵਾਸ ਘੱਟ ਪੈਂਦੀਆਂ ਹਨ। ਕਿਸੇ ਵੀ ਸਰਕਾਰ ਨੇ ਇਹ ਘਾਟ ਪੂਰੀ ਕਰਨ ਲਈ ਕੋਈ ਰੁਚੀ ਨਹੀਂ ਵਿਖਾਈ। ਸ੍ਰੀ ਆਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਸਾਜਿਆ ਗਿਆ , ਸਰਹਿੰਦ ਜਿੱਥੇ ਬਾਬਾ ਜ਼ੋਰਾਵਰ ਸਿੰਘ ਜੀ , ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਹੋਈ , ਚਮਕੌਰ ਸਾਹਿਬ ਜਿੱਥੇ ਸੰਸਾਰ ਦੀ ਸੱਭ ਤੋਂ ਅਸਾਂਵੀ ਜੰਗ ਲੜੀ ਗਈ ਤੇ ਬਾਬਾ ਅਜੀਤ ਸਿੰਘ , ਬਾਬਾ ਜੁਝਾਰ ਸਿੰਘ ਸ਼ਹੀਦ ਹੋਏ , ਸ੍ਰੀ ਦਮਦਮਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਪ੍ਰਾਪਤ ਹੋਈ , ਜੈਤੋ ਜਿੱਥੇ ਸੰਸਾਰ ਦਾ ਸੱਭ ਤੋਂ ਲੰਮਾ ਤੇ ਸ਼ਾਂਤੀਪੂਰਨ ਮੋਰਚਾ ਲਾਇਆ ਤੇ ਫਤਿਹ ਕੀਤਾ ਗਿਆ ਆਦਿਕ ਅਸਥਾਨ ਭਾਰਤ ਦੇ ਨਕਸ਼ੇ ਵਿੱਚ ਅੱਜ ਵੀ ਆਪਣੀ ਬਣਦੀ ਯੋਗ ਥਾਂ ਲੱਭ ਰਹੇ ਹਨ। ਇਹ ਧਾਰਮਿਕ ਅਸਥਾਨ ਨਹੀਂ , ਮਨੁੱਖਤਾ ਦੇ ਗੌਰਵਮਈ ਅਸਥਾਨ ਹਨ ਜਿਨ੍ਹਾਂ ਨੂੰ ਦੁਨੀਆ ਦੇ ਨਕਸ਼ੇ ਵਿੱਚ ਲਿਆਉਣਾ ਚਾਹੀਦਾ ਸੀ। ਇਸ ਨਾਲ ਭਾਰਤ ਦੀ ਸ਼ਾਨ ਵੱਧਦੀ। ਪਰ ਅਜਿਹਾ ਨਹੀਂ ਹੋਇਆ। 

ਪੰਜਾਬ ਨੂੰ ਮੁੱਖ ਮੁੱਦਿਆਂ ਤੋਂ ਹਟਾ ਕੇ ਅਜਿਹੇ ਫੌਰੀ ਮੁੱਦਿਆਂ ਵਿੱਚ ਅਜਿਹਾ ਉਲਝਾ ਦਿੱਤਾ ਗਿਆ ਹੈ ਕਿ ਮੁੱਖ ਮੁੱਦੇ ਦ੍ਰਿਸ਼ਟੀ ਤੋਂ ਉਹਲੇ ਹੋ ਗਏ ਹਨ। ਅੱਜ ਜਿਨ੍ਹਾਂ ਮੁੱਦਿਆਂ ਨੂੰ ਚੋਣ ਦੇ ਮੁੱਦੇ ਬਣਾਇਆ ਜਾ ਰਿਹਾ ਹੈ ਬਸ ਉਹ ਹੀ ਪੰਜਾਬ ਦੇ ਮੁੱਦੇ ਨਹੀਂ ਹਨ। ਮੁੱਖ ਮੁੱਦੇ ਅਣਦੇਖੇ ਕਰ ਕੇ ਬਾਕੀ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ ਇਹ ਇੱਕ ਸਧਾਰਨ ਜਿਹਾ ਸਿਧਾਂਤ ਹੈ ਜਿਵੇਂ ਰੋਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਜਦੋਂ ਤੱਕ ਉਸ ਦੀ ਜੜ ਤੱਕ ਪੁੱਜ ਕੇ ਨਿਦਾਨ ਨਾਂ ਕੀਤਾ ਜਾਵੇ । ਪੰਜਾਬ ਦਾ ਵੋਟਰ ਆਪਣੇ ਮੁੱਖ ਮੁੱਦਿਆਂ ਦੀ ਪਛਾਣ ਆਪ ਕਰੇ ਤੇ ਆਪ ਇਨ੍ਹਾਂ ਨੂੰ ਚੋਣ ਦੇ ਮੁੱਦੇ ਬਣਾਏ। ਇਸ ਵਿੱਚ ਹੀ ਪੰਜਾਬ ਦਾ ਹਿੱਤ ਹੈ ਤੇ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਕੁੱਝ ਆਸ ਜਗਾ ਸਕਦੀਆਂ ਹਨ। ਸਰਕਾਰ ਕਿਸ ਦਲ ਦੀ ਬਣਨੀ ਹੈ ਇਸ ਨਾਲ ਉਸ ਦਲ ਦਾ , ਉਸ ਦਲ ਦੇ ਆਗੂਆਂ ਦਾ ਭਲਾ ਤਾਂ ਹੋ ਸਕਦਾ ਹੈ। ਪੰਜਾਬ ਦਾ ਭਲਾ ਉਸ ਦੇ ਵਿੱਚ ਨਹੀਂ ਹੈ ।
 

ਡਾ. ਸਤਿੰਦਰ ਪਾਲ ਸਿੰਘ 
ਈ - 1716 , ਰਾਜਾਜੀਪੁਰਮ 
ਲਖਨਊ - 226017 
ਈ ਮੇਲ - [email protected]

 ਡਾ ਸਤਿੰਦਰ ਪਾਲ ਸਿੰਘ
ਡਾ ਸਤਿੰਦਰ ਪਾਲ ਸਿੰਘ
0000000000
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.