ਇੰਗਲੈਂਡ ਦੌਰੇ ਤੋਂ ਵਾਪਸ ਪਰਤੇ ਬ੍ਰਹਮਪੁਰਾ,ਕਿਹਾ- ਐਨਆਰਆਈ ਪੰਜਾਬੀਆਂ ਦਾ ਅਕਾਲੀ ਦਲ 'ਤੇ ਭਰੋਸਾ ਅਟੁੱਟ

ਇੰਗਲੈਂਡ ਦੌਰੇ ਤੋਂ ਵਾਪਸ ਪਰਤੇ ਬ੍ਰਹਮਪੁਰਾ,ਕਿਹਾ- ਐਨਆਰਆਈ ਪੰਜਾਬੀਆਂ ਦਾ ਅਕਾਲੀ ਦਲ 'ਤੇ ਭਰੋਸਾ ਅਟੁੱਟ

ਵਿਦੇਸ਼ ਦੌਰੇ ਤੋਂ ਪਰਤਦਿਆਂ ਹੀ ਲੈਂਡ ਪੂਲਿੰਗ ਨੀਤੀ ਖਿਲਾਫ਼ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ

ਰਾਕੇਸ਼ ਨਈਅਰ ਚੋਹਲਾ

ਤਰਨ ਤਾਰਨ,5 ਅਗਸਤ

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਇੰਚਾਰਜ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅੱਜ ਆਪਣੇ ਇੰਗਲੈਂਡ ਦੌਰੇ ਤੋਂ ਵਾਪਸ ਪਰਤ ਆਏ ਹਨ।ਉਨ੍ਹਾਂ ਦੀ ਵਾਪਸੀ 'ਤੇ ਸੀਨੀਅਰ ਅਕਾਲੀ ਆਗੂ ਸ.ਗੁਰਸੇਵਕ ਸਿੰਘ ਸ਼ੇਖ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਅਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਇਸ ਮੌਕੇ 'ਤੇ ਗੱਲਬਾਤ ਕਰਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ ਭਾਵੇਂ ਇਹ ਉਨ੍ਹਾਂ ਦਾ ਨਿੱਜੀ ਦੌਰਾ ਸੀ,ਪਰ ਇੰਗਲੈਂਡ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ 'ਤੇ ਭਾਰੀ ਵਿਸ਼ਵਾਸ ਅਤੇ ਭਰੋਸਾ ਪ੍ਰਗਟ ਕੀਤਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦਾ ਹਰ ਪੰਜਾਬੀ ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਦੀਆਂ ਕਿਸਾਨ-ਮਾਰੂ ਅਤੇ ਪੰਜਾਬ-ਵਿਰੋਧੀ ਨੀਤੀਆਂ ਤੋਂ ਬੇਹੱਦ ਨਿਰਾਸ਼ ਅਤੇ ਗੁੱਸੇ ਵਿੱਚ ਹੈ।ਉਨ੍ਹਾਂ ਦਾ ਸਪੱਸ਼ਟ ਮੰਨਣਾ ਹੈ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦੇ ਸਮਰੱਥ ਹੈ।ਸ.ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਉਹ 7 ਅਗਸਤ ਨੂੰ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਵਿਖੇ ਬੁਲਾਈ ਗਈ ਪਾਰਟੀ ਦੀ ਹੰਗਾਮੀ ਮੀਟਿੰਗ ਵਿੱਚ ਹਿੱਸਾ ਲੈਣਗੇ।ਉਨ੍ਹਾਂ ਨੇ 'ਆਪ' ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਪਾਲਿਸੀ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਇੱਕ ਗਿਣੀ-ਮਿਥੀ ਸਾਜ਼ਿਸ਼ ਹੈ।ਅਸੀਂ ਇਸ ਕਾਲੇ ਕਾਨੂੰਨ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅਤੇ ਸਰਕਾਰ ਨੂੰ ਇਸ ਨੂੰ ਵਾਪਸ ਲੈਣ ਲਈ ਮਜਬੂਰ ਕਰ ਦਿਆਂਗੇ।ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਸ.ਗੁਰਸੇਵਕ ਸਿੰਘ ਸ਼ੇਖ ਅਤੇ ਹੋਰ ਆਗੂਆਂ ਨਾਲ ਤਰਨ ਤਾਰਨ ਦੀ ਆਉਣ ਵਾਲੀ ਜ਼ਿਮਨੀ ਚੋਣ ਅਤੇ ਖਡੂਰ ਸਾਹਿਬ ਹਲਕੇ ਦੇ ਹੋਰ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ।ਉਨ੍ਹਾਂ ਅੰਤ ਵਿੱਚ ਕਿਹਾ ਕਿ ਜੇਕਰ 'ਆਪ' ਸਰਕਾਰ ਨੇ ਇਹ ਕਾਲਾ ਕਾਨੂੰਨ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾਵੇਗਾ ਅਤੇ ਕੇਜਰੀਵਾਲ ਦੀ ਇਸ 'ਰਿਮੋਟ-ਕੰਟਰੋਲ' ਸਰਕਾਰ ਦੀਆਂ ਜੜ੍ਹਾਂ ਪੁੱਟ ਦੇਵੇਗਾ।