ਐੱਸਬੀਆਈ ਦੇ 3,897 ਗਾਹਕਾਂ ਦਾ ਡਾਟਾ ਲੀਕ , ਰਿਕਾਰਡ ਡਾਰਕ ਵੈੱਬ ’ਤੇ ਮਿਲੇ, ਜਾਂਚ ਸ਼ੁਰੂ; ਖਾਤਾਧਾਰਕ ਕੀ ਸਾਵਧਾਨੀ ਵਰਤਣ?
- ਰਾਸ਼ਟਰੀ
- (Asia/Kolkata)
ਬਿਜ਼ਨੈੱਸ ਡੈਸਕ: ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਨੇ ਡਾਰਕ ਵੈੱਬ ’ਤੇ ਮੌਜੂਦ ਲਗਭਗ 3.75 ਲੱਖ ਰਿਕਾਰਡਾਂ ਦੀ ਮੁੱਢਲੀ ਜਾਂਚ ਵਿੱਚ ਆਪਣੇ ਗਾਹਕਾਂ ਨਾਲ ਸਬੰਧਤ 3,897 ਰਿਕਾਰਡਾਂ ਵਿੱਚ ਨਿੱਜੀ ਜਾਣਕਾਰੀ ਹੋਣ ਦੀ ਪਛਾਣ ਕੀਤੀ ਹੈ। ਬੈਂਕ ਨੇ ਮਾਮਲੇ ਦੀ ਜਾਂਚ ਲਈ ਸੀਈਆਰਟੀ-ਇਨ ਤੋਂ ਮਾਨਤਾ ਪ੍ਰਾਪਤ ਇੱਕ ਸੁਤੰਤਰ ਸਾਈਬਰ ਸੁਰੱਖਿਆ ਏਜੰਸੀ ਦੀਆਂ ਸੇਵਾਵਾਂ ਲਈਆਂ ਹਨ।
ਇੱਥੇ ਇਹ ਫ਼ਰਕ ਸਮਝਣਾ ਜ਼ਰੂਰੀ ਹੈ ਕਿ 3.75 ਲੱਖ ਜਾਂਚ ਲਈ ਉਪਲਬਧ ਕੁੱਲ ਰਿਕਾਰਡਾਂ ਦੀ ਗਿਣਤੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇੰਨੇ ਐੱਸਬੀਆਈ ਗਾਹਕਾਂ ਦੇ ਖਾਤੇ ਹੈਕ ਹੋਏ ਹਨ। ਬੈਂਕ ਦੀ ਮੁੱਢਲੀ ਪਛਾਣ 3,897 ਗਾਹਕ ਰਿਕਾਰਡਾਂ ਨਾਲ ਸਬੰਧਤ ਹੈ।
16 ਅਕਤੂਬਰ ਨੂੰ ਮਿਲਿਆ ਸੀ ਅਲਰਟ
ਬੈਂਕ ਨੂੰ 16 ਅਕਤੂਬਰ ਨੂੰ ਡਿਫੈਂਸ ਸਾਈਬਰ ਏਜੰਸੀ, ਕੌਮੀ ਸਾਈਬਰ ਸੁਰੱਖਿਆ ਏਜੰਸੀ ਸੀਈਆਰਟੀ-ਇਨ ਅਤੇ ਆਪਣੀ ਖ਼ਤਰਾ ਨਿਗਰਾਨੀ ਸੇਵਾ ਰਾਹੀਂ ਜਾਣਕਾਰੀ ਮਿਲੀ ਸੀ। ਇਸ ਮਗਰੋਂ ਬੈਂਕ ਨੇ ਸਾਈਬਰ ਘਟਨਾ ਨਾਲ ਨਜਿੱਠਣ ਅਤੇ ਸੰਭਾਵਿਤ ਨੁਕਸਾਨ ਰੋਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਐੱਸਬੀਆਈ ਮੁਤਾਬਕ, ਘਟਨਾ ਨਾਲ ਉਸ ਦੇ ਮੁੱਖ ਕਾਰੋਬਾਰੀ ਕੰਮਕਾਜ ਜਾਂ ਵਿੱਤੀ ਪ੍ਰਦਰਸ਼ਨ ਉੱਤੇ ਕੋਈ ਮਾੜਾ ਅਸਰ ਨਹੀਂ ਪਿਆ ਹੈ। ਡੇਟਾ ਦੇ ਸਰੋਤ, ਉਸ ਦੀ ਪ੍ਰਮਾਣਿਕਤਾ ਅਤੇ ਲੀਕ ਦੇ ਦਾਇਰੇ ਬਾਰੇ ਜਾਂਚ ਜਾਰੀ ਹੈ।
ਕਿਹੜੀ ਜਾਣਕਾਰੀ ਸਾਹਮਣੇ ਆਉਣ ਦੀ ਗੱਲ ਹੈ?
ਸਾਹਮਣੇ ਆਏ ਵੇਰਵਿਆਂ ਵਿੱਚ ਗਾਹਕਾਂ ਦੇ ਨਾਂ, ਲਿੰਗ, ਜਨਮ ਮਿਤੀ, ਘਰ ਦੇ ਪਤੇ, ਈਮੇਲ ਪਤੇ ਅਤੇ ਰਜਿਸਟਰਡ ਮੋਬਾਈਲ ਨੰਬਰ ਸ਼ਾਮਲ ਹੋਣ ਦੀ ਜਾਣਕਾਰੀ ਹੈ। ਇਸ ਤੋਂ ਇਲਾਵਾ ਬੈਂਕ ਸ਼ਾਖਾ ਦੇ ਵੇਰਵੇ, ਕਸਟਮਰ ਇਨਫਰਮੇਸ਼ਨ ਫਾਈਲ (ਸੀਆਈਐੱਫ) ਨੰਬਰ, ਲੀਡ ਆਈਡੀ ਅਤੇ ਕਰਜ਼ੇ ਨਾਲ ਸਬੰਧਤ ਕੁਝ ਜਾਣਕਾਰੀ ਦਾ ਵੀ ਜ਼ਿਕਰ ਹੈ।
ਸਾਂਝੀ ਕੀਤੀ ਜਾਣਕਾਰੀ ਵਿੱਚ ਏਟੀਐੱਮ ਪਿੰਨ, ਨੈੱਟ ਬੈਂਕਿੰਗ ਪਾਸਵਰਡ ਜਾਂ ਹੋਰ ਲਾਗਇਨ ਵੇਰਵੇ ਲੀਕ ਹੋਣ ਦੀ ਪੁਸ਼ਟੀ ਨਹੀਂ ਹੈ। ਨਿੱਜੀ ਜਾਣਕਾਰੀ ਸਾਹਮਣੇ ਆਉਣਾ ਆਪਣੇ ਆਪ ਵਿੱਚ ਖਾਤੇ ਤੱਕ ਅਣਅਧਿਕਾਰਤ ਪਹੁੰਚ ਮਿਲ ਜਾਣ ਦਾ ਸਬੂਤ ਨਹੀਂ ਹੈ।
ਨਿੱਜੀ ਜਾਣਕਾਰੀ ਵਰਤ ਕੇ ਭਰੋਸਾ ਜਿੱਤ ਸਕਦੇ ਹਨ ਠੱਗ
ਅਜਿਹੀ ਜਾਣਕਾਰੀ ਦੀ ਵਰਤੋਂ ਕਰਕੇ ਠੱਗ ਬੈਂਕ ਅਧਿਕਾਰੀ ਬਣ ਕੇ ਫ਼ੋਨ ਕਰ ਸਕਦੇ ਹਨ। ਗਾਹਕ ਦਾ ਪਤਾ, ਕਰਜ਼ੇ ਦਾ ਵੇਰਵਾ ਜਾਂ ਸੀਆਈਐੱਫ ਨੰਬਰ ਦੱਸ ਕੇ ਉਹ ਕਾਲ ਨੂੰ ਅਸਲੀ ਦਿਖਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਇਸ ਤੋਂ ਬਾਅਦ ਖਾਤਾ ਬੰਦ ਹੋਣ ਦਾ ਡਰ ਦਿਖਾ ਕੇ ਓਟੀਪੀ ਜਾਂ ਪਾਸਵਰਡ ਮੰਗਿਆ ਜਾ ਸਕਦਾ ਹੈ। ਕਰਜ਼ਾ ਮਨਜ਼ੂਰ ਕਰਨ ਜਾਂ ਪ੍ਰੋਸੈਸਿੰਗ ਫੀਸ ਦੇ ਨਾਂ ’ਤੇ ਪੈਸੇ ਭੇਜਣ ਲਈ ਵੀ ਕਿਹਾ ਜਾ ਸਕਦਾ ਹੈ। ਕਿਸੇ ਕਾਲ ਕਰਨ ਵਾਲੇ ਕੋਲ ਸਹੀ ਨਿੱਜੀ ਜਾਣਕਾਰੀ ਹੋਣਾ ਉਸ ਦੇ ਅਸਲੀ ਬੈਂਕ ਮੁਲਾਜ਼ਮ ਹੋਣ ਦੀ ਪੁਸ਼ਟੀ ਨਹੀਂ ਕਰਦਾ।
ਖਾਤਾਧਾਰਕ ਇਹ ਸਾਵਧਾਨੀਆਂ ਵਰਤਣ
- ਓਟੀਪੀ, ਯੂਪੀਆਈ ਪਿੰਨ, ਏਟੀਐੱਮ ਪਿੰਨ, ਸੀਵੀਵੀ ਜਾਂ ਨੈੱਟ ਬੈਂਕਿੰਗ ਪਾਸਵਰਡ ਕਿਸੇ ਨਾਲ ਸਾਂਝੇ ਨਾ ਕਰੋ।
- ਐੱਸਐੱਮਐੱਸ, ਈਮੇਲ ਜਾਂ ਵਟਸਐਪ ਰਾਹੀਂ ਆਏ ਸ਼ੱਕੀ ਲਿੰਕ ਨਾ ਖੋਲ੍ਹੋ।
- ਬੈਂਕ ਨਾਲ ਸੰਪਰਕ ਲਈ ਅਧਿਕਾਰਤ ਵੈੱਬਸਾਈਟ, ਐਪ ਜਾਂ ਪ੍ਰਮਾਣਿਤ ਗਾਹਕ ਸੇਵਾ ਚੈਨਲ ਹੀ ਵਰਤੋ।
- ਖਾਤੇ ਦੇ ਐੱਸਐੱਮਐੱਸ ਅਤੇ ਈਮੇਲ ਅਲਰਟ ਚਾਲੂ ਰੱਖੋ ਅਤੇ ਲੈਣ-ਦੇਣ ਤੇ ਕਾਰਡ ਸਟੇਟਮੈਂਟਾਂ ਦੀ ਜਾਂਚ ਕਰਦੇ ਰਹੋ।
- ਕਿਸੇ ਅਣਪਛਾਤੇ ਵਿਅਕਤੀ ਦੇ ਕਹਿਣ ’ਤੇ ਫ਼ੋਨ ਦਾ ਕੰਟਰੋਲ ਦੇਣ ਵਾਲੀ ਐਪ ਇੰਸਟਾਲ ਨਾ ਕਰੋ ਅਤੇ ਕਥਿਤ ‘ਸੁਰੱਖਿਅਤ ਖਾਤੇ’ ਵਿੱਚ ਪੈਸੇ ਨਾ ਭੇਜੋ।
ਐੱਸਬੀਆਈ ਦੀ ਸੁਰੱਖਿਆ ਸਲਾਹ ਅਨੁਸਾਰ, ਬੈਂਕ ਫ਼ੋਨ, ਐੱਸਐੱਮਐੱਸ ਜਾਂ ਈਮੇਲ ਰਾਹੀਂ ਪਾਸਵਰਡ, ਪਿੰਨ, ਸੀਵੀਵੀ ਜਾਂ ਓਟੀਪੀ ਨਹੀਂ ਮੰਗਦਾ। ਅਣਅਧਿਕਾਰਤ ਲੈਣ-ਦੇਣ ਦਾ ਪਤਾ ਲੱਗਣ ’ਤੇ ਤੁਰੰਤ ਬੈਂਕ ਨੂੰ ਸੂਚਿਤ ਕਰੋ ਅਤੇ ਭਾਰਤ ਦੀ ਸਾਈਬਰ ਅਪਰਾਧ ਹੈਲਪਲਾਈਨ 1930 ਉੱਤੇ ਸ਼ਿਕਾਇਤ ਕਰੋ। ਆਨਲਾਈਨ ਸ਼ਿਕਾਇਤ cybercrime.gov.in ਉੱਤੇ ਵੀ ਕੀਤੀ ਜਾ ਸਕਦੀ ਹੈ।
Leave a Reply