ਸਿਹਤ ਮੰਤਰੀ ਤੋਂ ਨਾਰਾਜ਼ ਸਾਬਕਾ ਸੀ.ਐੱਮ ਚੰਨੀ ਦੀ ਭਾਬੀ ਐੱਸ.ਐੱਮ.ਓ ਮਨਿੰਦਰ ਕੌਰ ਨੇ ਦਿੱਤਾ ਅਸਤੀਫਾ
- ਅੰਤਰਰਾਸ਼ਟਰੀ
- (Asia/Kolkata)
ਖਰੜ 2 ਅਗਸਤ 2022 ਨਜ਼ਰਾਨਾ ਟਾਈਮਜ਼ ਬਿਊਰੋ
ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਮੈਡੀਕਲ ਅਫਸਰਾਂ –ਡਾਕਟਰਾਂ ਵਲੋਂ ਅਸਤੀਫੇ ਦੇਣ ਦਾ ਦੌਰ ਬਦਸਤੂਰ ਜਾਰੀ ਹੈ । ਹੁਣ ਖਬਰ ਖਰੜ ਤੋਂ ਆਈ ਹੈ । ਜਿੱਥੇ ਸਥਾਣਕ ਸਿਵਲ ਹਸਪਤਾਲ ਦੀ ਐੱਸ.ਐੱਮ.ਓ ਡਾ. ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ । ਡਾ. ਮਨਿੰਦਰ ਕੌਰ ਸਾਬਕਾ ਸੀ.ਐੱਮ ਚਰਨਜੀਤ ਸਿੰਘ ਚੰਨੀ ਦੀ ਭਾਬੀ ਹੈ ।ਦਰਅਸਲ 20 ਜੁਲਾਈ ਨੂੰ ਸਿਹਤ ਮੰਤਰੀ ਜੌੜਾਮਾਜਰਾ ਨੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨਾਲ ਖਰੜ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਸੀ । ਇਸ ਦੌਰਾਨ ਖਰਾਬ ਪੰਖੇ ਅਤੇ ਬਾਥਰੂਮਾਂ ਦੀ ਸਫਾਈ ਨੂੰ ਲੈ ਕੇ ਸਿਹਤ ਮੰਤਰੀ ਜੌੜਾਮਾਜਰਾ ਨੇ ਐੱਸ.ਐੱਮ.ਓ ਡਾ. ਮਨਿੰਦਰ ਕੌਰ ਨੂੰ ਝਾੜ ਲਗਾਈ ਸੀ । ਦੌਰੇ ਤੋਂ ਦੋ ਦਿਨ ਬਾਅਦ ਡਾ. ਮਨਿੰਦਰ ਕੌਰ ਦੀ ਧਨੌਲਾ ਬਦਲੀ ਕਰ ਦਿੱਤੀ ਗਈ ।ਡਾ. ਮਨਿੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਨਿੱਜੀ ਕਾਰਣਾ ਕਰਕੇ ਨੌਕਰੀ ਤੋਂ ਅਸਤੀਫਾ ਦਿੱਤਾ ਹੈ ।ਉਨ੍ਹਾਂ ਸਿਹਤ ਮੰਤਰੀ ‘ਤੇ ਕੋਈ ਵੀ ਟਿੱਪਣੀ ਨਹੀਂ ਕੀਤੀ । ਉਨ੍ਹਾਂ ਦੱਸਿਆ ਕਿ ਕਰੀਬ ਦਸ ਦਿਨ ਪਹਿਲਾਂ ਹੀ ਉਹ ਆਪਣਾ ਅਸਤੀਫਾ ਦੇ ਚੁੱਕੇ ਹਨ ।ਤੁਹਾਨੂੰ ਦੱਸ ਦਈਏ ਕਿ ਡਾ. ਮਨਿੰਦਰ ਕੌਰ ਸਾਬਕਾ ਸੀ.ਐੱਮ ਚਰਨਜੀਤ ਸਿੰਘ ਚੰਨੀ ਦੀ ਭਾਬੀ ਹੈ । ਉਨ੍ਹਾਂ ਦੇ ਪਤੀ ਅਤੇ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਖੁਦ ਐੱਸ.ਐੱਮ.ਓ ਰਹੇ ਹਨ । 2022 ਦੀਆਂ ਵਿਧਾਨ ਸਭਾ ਚੋਣਾ ਲੜਨ ਲਈ ਉਨ੍ਹਾਂ ਅਸਤੀਫਾ ਦੇ ਦਿੱਤਾ ਸੀ । ਕਾਂਗਰਸ ਵਲੋਂ ਟਿਕਟ ਨਾ ਦਿੱਤੇ ਜਾਣ ਦੇ ਬਾਵਜੂਦ ਡਾ. ਮਨੋਹਰ ਨੇ ਬੱਸੀ ਪਠਾਨਾਂ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜੀ ਸੀ । ਜੋਕਿ ਉਹ ਹਾਰ ਗਏ ਸਨ । ਉਨ੍ਹਾਂ ਦੇ ਭਰਾ ਚਰਨਜੀਤ ਚੰਨੀ ਇਨ੍ਹਾਂ ਚੋਣਾ ਚ ਦੋ ਸੀਟਾਂ ਤੋਂ ਲੜ ਕੇ ਵੀ ਜਿੱਤ ਹਾਸਲ ਨਹੀਂ ਕਰ ਸਕੇ ਸਨ ।
Leave a Reply