ਖ਼ਾਲਸਾ ਪੰਥ ਦੇ ਸੂਰਬੀਰ ਜੁਝਾਰੂ ਸ਼ਹੀਦ ਭਾਈ ਕੰਵਲਜੀਤ ਸਿੰਘ ਵਾਹਿਗੁਰੂ ਦੀ ਯਾਦ 'ਚ ਕਰਵਾਇਆ ਸ਼ਹੀਦੀ ਸਮਾਗਮ
- ਰਾਜਨੀਤੀ
- 17 May, 2026 04:15 PM (Asia/Kolkata)
ਸ਼ਹੀਦਾਂ ਦਾ ਨਿਸ਼ਾਨਾ ਹਰ ਹੀਲੇ ਕਰਾਂਗੇ ਪੂਰਾ : ਭਾਈ ਰਣਜੀਤ ਸਿੰਘ
ਅੰਮ੍ਰਿਤਸਰ, 17 ਮਈ , ਨਜ਼ਰਾਨਾ ਟਾਈਮਜ ਬਿਊਰੋ - ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੇ ਗਲੋਂ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਅਰੰਭੇ ਸੰਘਰਸ਼ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਕੰਵਲਜੀਤ ਸਿੰਘ ਵਾਹਿਗੁਰੂ ਦੀ ਯਾਦ ਵਿੱਚ ਸਲਾਨਾ ਸ਼ਹੀਦੀ ਸਮਾਗਮ ਉਹਨਾਂ ਦੇ ਪਿੰਡ ਸਰਵਾਲੀ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪੂਰੀ ਸ਼ਰਧਾ, ਭਾਵਨਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ। ਸਹਿਜ ਪਾਠ ਅਤੇ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸੰਤ ਬਾਬਾ ਨਿਸ਼ਾਨ ਸਿੰਘ ਨਾਮਧਾਰੀ ਵੱਲੋਂ ਕਥਾ ਵਿਚਾਰਾਂ ਹੋਈਆਂ। ਫਿਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਕਾਹਨੂੰਵਾਨ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਜੁਗਰਾਜ ਸਿੰਘ ਲਾਲੇ ਨੰਗਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਪੰਥਕ ਵਿਚਾਰਾਂ ਦੀ ਸਾਂਝ ਕਰਦਿਆਂ ਸ਼ਹੀਦ ਭਾਈ ਕੰਵਲਜੀਤ ਸਿੰਘ ਵਾਹਿਗੁਰੂ ਦੀ ਸ਼ਹਾਦਤ ਨੂੰ ਸਤਿਕਾਰ ਭੇਟ ਕੀਤਾ। ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਕੰਵਲਜੀਤ ਸਿੰਘ ਵਾਹਿਗੁਰੂ ਦੇ ਭਰਾ ਸ. ਸਰਦੂਲ ਸਿੰਘ ਨੂੰ ਸਿਰੋਪਾਓ ਅਤੇ ਤਵਾਰੀਖ਼ ਸ਼ਹੀਦ ਏ ਖਾਲਿਸਤਾਨ ਕਿਤਾਬ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਭਾਈ ਬਲਵਿੰਦਰ ਸਿੰਘ ਡਾਲਾ, ਭਾਈ ਗੁਰਨਾਮ ਸਿੰਘ ਦਾਲਮ, ਭਾਈ ਮੱਖਣ ਸਿੰਘ ਸ਼ਾਹਪੁਰ, ਭਾਈ ਕੁਲਵੰਤ ਸਿੰਘ ਦਿਆਲਗੜ੍ਹ ਆਦਿ ਹਾਜ਼ਰ ਸਨ। ਗੁਰੂ ਕੇ ਲੰਗਰ ਅਤੁੱਟ ਵਰਤੇ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ਼ਹੀਦ ਭਾਈ ਕੰਵਲਜੀਤ ਸਿੰਘ ਵਾਹਿਗੁਰੂ ਦੀ ਤੁਲਨਾ ਪੁਰਾਤਨ ਸ਼ਹੀਦਾਂ ਦੇ ਨਾਲ ਕੀਤੀ ਤੇ ਆਖਿਆ ਕਿ ਉਹ ਕਿੰਨੇ ਵਡਭਾਗੇ ਹਨ ਜਿਨ੍ਹਾਂ ਦੇ ਨਾਂ ਨਾਲ 'ਵਾਹਿਗੁਰੂ' ਸ਼ਬਦ ਜੁੜਿਆ ਹੈ। ਭਾਈ ਕੰਵਲਜੀਤ ਸਿੰਘ ਵਾਹਿਗੁਰੂ ਜੋ ਨਾਮਧਾਰੀ ਪਰਿਵਾਰ ਵਿੱਚੋਂ ਸਨ ਅਤੇ ਸੰਤ ਭਿੰਡਰਾਂਵਾਲਿਆਂ ਤੋਂ ਅੰਮ੍ਰਿਤ ਛਕ ਕੇ ਧਰਮ ਯੁੱਧ ਮੋਰਚੇ ਵਿੱਚ ਸਰਗਰਮ ਹੋ ਗਏ ਸਨ, ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਭਾਰਤੀ ਫ਼ੌਜਾਂ ਵਿਰੁੱਧ ਜੰਗ ਲੜੀ ਤੇ ਫਿਰ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੀ ਕਮਾਂਡ ਸੰਭਾਲੀ, ਗੁਰਸੇਵਕ ਥਾਣੇਦਾਰ ਜਿਹੇ ਕਈ ਦੁਸ਼ਟ ਸੋਧੇ, ਅਖ਼ੀਰਲੀ ਗ੍ਰਿਫ਼ਤਾਰੀ ਮਗਰੋਂ ਆਪ ਨੂੰ ਬੀਕੋ ਵਿੱਚ ਘੋਰ ਤਸੀਹੇ ਦੇ ਕੇ 12 ਮਈ 1989 ਨੂੰ ਸ਼ਹੀਦ ਕਰ ਦਿੱਤਾ ਗਿਆ। ਤਸ਼ੱਦਦ ਦੌਰਾਨ ਭਾਈ ਕੰਵਲਜੀਤ ਸਿੰਘ ਵਾਹਿਗੁਰੂ ਨੇ ਆਪਣੇ ਸਾਥੀਆਂ ਦੇ ਟਿਕਾਣਿਆਂ ਤੇ ਹਥਿਆਰਾਂ ਬਾਰੇ ਕੁਝ ਨਾ ਦੱਸਿਆ ਤੇ ਕੇਵਲ ਵਾਹਿਗੁਰੂ-ਵਾਹਿਗੁਰੂ ਜਪਦੇ ਰਹੇ। ਉਹਨਾਂ ਕਿਹਾ ਕਿ ਅਸੀਂ ਸ਼ਹੀਦਾਂ ਦਾ ਖ਼ਾਲਿਸਤਾਨ ਦਾ ਨਿਸ਼ਾਨਾ ਹਰ ਹੀਲੇ ਪੂਰਾ ਕਰਾਂਗੇ।
Leave a Reply