ਮਾਨ ਸਰਕਾਰ ਦੀ ਨਾਕਾਮ ਯੋਜਨਾਬੰਦੀ ਨੇ ਅੰਨਦਾਤਾ ਨੂੰ ਖੇਤਾਂ ਤੋਂ ਗਰਿੱਡਾਂ ਅੱਗੇ ਲਿਆ ਬਿਠਾਇਆ-ਖੋਜੇਵਾਲ
- ਰਾਜਨੀਤੀ
- 02 Jul, 2026 08:33 AM (Asia/Kolkata)
ਕਪੂਰਥਲਾ 2 ਜੁਲਾਈ ਗੌਰਵ ਮੜੀਆ
ਬਿਜਲੀ ਕੱਟਾਂ ਖ਼ਿਲਾਫ਼ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ,ਗਰਿੱਡ ਘਿਰਾਓ ਅਤੇ ਚੱਕਾ ਜਾਮ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਠ ਘੰਟੇ ਨਿਰੰਤਰ ਬਿਜਲੀ ਅਤੇ ਪਾਵਰ ਸਰਪਲੱਸ ਪੰਜਾਬ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ ਰਹੇ ਹਨ। ਇਹ ਪ੍ਰਤੀਕਰਮ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦਿੱਤਾ।ਉਨ੍ਹਾਂਨੇ ਕਿਹਾ ਕਿ ਝੋਨੇ ਦੀ ਲੁਆਈ ਦੇ ਸੀਜ਼ਨ ਵਿੱਚ ਪੰਜਾਬ ਦੀ ਬਿਜਲੀ ਮੰਗ 14,000 ਤੋਂ 16,000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ,ਜਦਕਿ ਸਰਕਾਰ ਦੀ ਸਪਲਾਈ ਅਤੇ ਲੋਡ ਮੈਨੇਜਮੈਂਟ ਦੀ ਹਕੀਕਤ ਅੱਜ ਸਭ ਦੇ ਸਾਹਮਣੇ ਹੈ।ਪੰਜਾਬ ਵਿੱਚ ਲਗਭਗ 13.94 ਲੱਖ ਖੇਤੀਬਾੜੀ ਟਿਊਬਵੈੱਲ ਹਨ,ਜੋ ਖੇਤੀ ਦੀ ਰੀੜ੍ਹ ਦੀ ਹੱਡੀ ਹਨ, ਪਰ ਇਨ੍ਹਾਂ ਲਈ ਲੋੜੀਂਦੀ ਬਿਜਲੀ ਦੇਣ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।ਖੋਜੇਵਾਲ ਨੇ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਦਾਅਵਾ ਕਰਦੀ ਰਹੀ,ਪਰ ਕਿਸਾਨਾਂ ਨੂੰ ਸਿਰਫ਼ 3 ਤੋਂ 4 ਘੰਟੇ ਹੀ ਟੁੱਟੀ-ਫੁੱਟੀ ਸਪਲਾਈ ਮਿਲ ਰਹੀ ਹੈ। ਬਿਜਲੀ ਕਦੇ ਦਿਨ ਵਿੱਚ ਗਾਇਬ, ਕਦੇ ਰਾਤ ਨੂੰ ਕੱਟ—ਇਹ ਪ੍ਰਬੰਧ ਨਹੀਂ,ਪ੍ਰਸ਼ਾਸਕੀ ਅਰਾਜਕਤਾ ਹੈ।ਖੋਜੇਵਾਲ ਨੇ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟਾਂ ਦੀ ਹਾਲਤ ਵੀ ਮਾਨ ਸਰਕਾਰ ਦੀ ਤਿਆਰੀ ਦੀ ਪੋਲ ਖੋਲਦੀ ਹੈ।ਲਹਿਰਾ ਮੋਹੱਬਤ ਥਰਮਲ ਪਲਾਂਟ ਵਿੱਚ ਕਈ ਯੂਨਿਟ ਬੰਦ ਰਹੇ, ਜਦਕਿ ਰੋਪੜ ਥਰਮਲ ਪਲਾਂਟ ਦੀ ਉਤਪਾਦਨ ਸਮਰੱਥਾ ਵੀ ਦਬਾਅ ਹੇਠ ਰਹੀ।ਜਦ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਝੋਨੇ ਦੇ ਸੀਜ਼ਨ ਵਿੱਚ ਮੰਗ ਰਿਕਾਰਡ ਪੱਧਰ ਤੇ ਜਾਵੇਗੀ,ਤਾਂ ਬੈਕਅੱਪ ਪ੍ਰਬੰਧ ਪਹਿਲਾਂ ਕਿਉਂ ਨਹੀਂ ਕੀਤੇ ਗਏ?ਉਨ੍ਹਾਂ ਕਿਹਾ ਕਿ ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗਾ ਡੀਜ਼ਲ ਫੂਕ ਕੇ ਜਨਰੇਟਰ ਚਲਾਉਣ ਲਈ ਮਜਬੂਰ ਹਨ। ਇੱਕ ਏਕੜ ਝੋਨੇ ਦੀ ਸਿੰਚਾਈ ਦਾ ਵਾਧੂ ਡੀਜ਼ਲ ਖਰਚਾ ਕਿਸਾਨ ਦੀ ਕਮਰ ਤੋੜ ਰਿਹਾ ਹੈ। ਪਹਿਲਾਂ ਹੀ ਕਰਜ਼ੇ ਹੇਠ ਦਬਿਆ ਅੰਨਦਾਤਾ ਹੁਣ ਸਰਕਾਰ ਦੀ ਨਾਕਾਮੀ ਦੀ ਕੀਮਤ ਆਪਣੀ ਜੇਬ ਤੋਂ ਭਰ ਰਿਹਾ ਹੈ।ਖੋਜੇਵਾਲ ਨੇ ਕਿਹਾ ਕਿ ਆਮਆਦਮੀ ਪਾਰਟੀ ਸਰਕਾਰ ਦਾ ਸਾਰਾ ਧਿਆਨ ਇਸ਼ਤਿਹਾਰਾਂ, ਸੋਸ਼ਲ ਮੀਡੀਆ ਅਤੇ ਇਮੇਜ ਮੈਨੇਜਮੈਂਟ ‘ਤੇ ਹੈ। ਜ਼ਮੀਨ ‘ਤੇ ਨਾ ਬਿਜਲੀ ਹੈ ਨਾ ਪ੍ਰਬੰਧ ਹੈ,ਨਾ ਜਵਾਬਦੇਹੀ ਹੈ।ਇਹ ਸਰਕਾਰ ਪਾਵਰ ਸਰਪਲੱਸ ਨਹੀਂ, ਪ੍ਰੋਪੈਗੈਂਡਾ ਸਰਪਲੱਸ ਹੈ।ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਏਅਰ-ਕੰਡੀਸ਼ਨਡ ਹਾਲਾਂ ਵਿੱਚ ਸਟੇਜੀ ਭਾਸ਼ਣ ਦੇਣ ਦੀ ਥਾਂ ਪਿੰਡਾਂ ਵਿੱਚ ਜਾਣ,ਗਰਿੱਡਾਂ ਅੱਗੇ ਬੈਠੇ ਕਿਸਾਨਾਂ ਦੀਆਂ ਅੱਖਾਂ ਵਿੱਚ ਝਾਤ ਮਾਰਣ ਅਤੇ ਦੱਸਣ ਕਿ ਉਨ੍ਹਾਂ ਦੇ ਵਾਅਦਿਆਂ ਦਾ ਕੀ ਬਣਿਆ।ਖੋਜੇਵਾਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਭਗਵੰਤ ਮਾਨ ਦੇ ਇਸ ਧੋਖੇ,ਇਸ ਨਾਕਾਮੀ ਅਤੇ ਇਸ ਅਹੰਕਾਰ ਨੂੰ ਯਾਦ ਰੱਖੇਗਾ ਅਤੇ ਸਮਾਂ ਆਉਣ ਤੇ ਇਸਦਾ ਲੋਕਤੰਤਰਿਕ ਜਵਾਬ ਜ਼ਰੂਰ ਦੇਵੇਗਾ।
Leave a Reply