ਸਰਕਾਰ ਨੇ ਸਿੱਖਾਂ ਨੂੰ ਚੈਨ ਨਾਲ ਬਹਿਣ ਦੇਣਾ ਕਿ ਨਹੀਂ ?

ਸਰਕਾਰ ਨੇ ਸਿੱਖਾਂ ਨੂੰ ਚੈਨ ਨਾਲ ਬਹਿਣ ਦੇਣਾ ਕਿ ਨਹੀਂ ?

ਇਸ ਸਮੇਂ ਸਿੱਖ ਨੌਜਵਾਨੀ ਭਾਰਤੀ ਹਕੂਮਤ ਦੇ ਨਿਸ਼ਾਨੇ 'ਤੇ ਹੈ। ਨੌਜਵਾਨਾਂ 'ਚ ਪੰਥ ਤੇ ਪੰਜਾਬ ਪ੍ਰਤੀ ਆਈ ਜਾਗ੍ਰਿਤੀ ਸਰਕਾਰ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਉਹ ਚਾਹੇ ਸੂਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ। ਸਿੱਖ ਨੌਜਵਾਨਾਂ ਨੂੰ ਥਾਣਿਆਂ ਅਤੇ ਸਪੈਸ਼ਲ ਸੈੱਲਾਂ 'ਚ ਸੱਦਣਾ, ਪੁੱਛਗਿੱਛ ਕਰਨੀ, ਪਰਿਵਾਰਾਂ ਅਤੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਇਕੱਠੀ ਕਰਨੀ, ਸ਼ੱਕੀ ਨਿਗ੍ਹਾ ਨਾਲ ਵੇਖਣਾ, ਡਰਾਉਣਾ, ਧਮਕਾਉਣਾ ਤੇ ਝੁਕਾਉਣਾ ਪੁਲਿਸ ਦਾ ਕੰਮ ਬਣਿਆ ਹੋਇਆ ਹੈ। ਇੱਥੇ ਹੀ ਬਸ ਨਹੀਂ ਕਈ ਨੌਜਵਾਨਾਂ ਨੂੰ ਤਾਂ ਝੂਠੇ ਕੇਸਾਂ ਵਿੱਚ ਵੀ ਫਸਾਇਆ ਜਾ ਰਿਹਾ ਹੈ।
ਜਿਹੜੇ ਸਿੱਖ ਨੌਜਵਾਨ ਸੋਸ਼ਲ ਮੀਡੀਆ ਉੱਤੇ ਆਪਣੇ ਗੁਰੂ ਸਾਹਿਬਾਨਾਂ ਅਤੇ ਸ਼ਹੀਦਾਂ ਦੀ ਵਿਚਾਰਧਾਰਾ, ਪੰਥਕ ਸਿਧਾਂਤਾਂ, ਸਿੱਖ ਕੌਮ ਦੇ ਹੱਕਾਂ ਤੇ ਅਜ਼ਾਦੀ ਦੀ ਗੱਲ ਸ਼ਾਂਤਮਈ ਅਤੇ ਜ਼ਮਹੂਰੀਅਤ ਢੰਗ ਨਾਲ ਲਿਖ-ਬੋਲ ਕੇ ਕਰਦੇ ਹਨ, ਸਰਕਾਰ ਉਹਨਾਂ ਉੱਤੇ ਵੀ ਸ਼ਿਕੰਜਾ ਕੱਸ ਰਹੀ ਹੈ, ਨੌਜਵਾਨਾਂ ਦੀਆਂ ਲਿਸਟਾਂ ਬਣੀਆਂ ਹੋਈਆਂ ਹਨ ਤੇ ਅਕਸਰ ਹੀ ਪੁਲਿਸ ਉਹਨਾਂ ਦੇ ਘਰ ਵਿੱਚ ਆ ਧਮਕਦੀ ਹੈ ਤੇ ਪਰਿਵਾਰਾਂ ਨੂੰ ਇੰਝ ਜਚਾਉਂਦੀ ਹੈ ਜਿਵੇਂ ਨੌਜਵਾਨਾਂ ਨੇ ਸੋਸ਼ਲ ਮੀਡੀਆ ਉਤੇ ਕੋਈ ਬੰਬ ਚਲਾ ਦਿੱਤਾ ਹੋਵੇ ਜਾਂ ਲਾਈਕ-ਕੁਮੈਂਟ ਕਰਕੇ ਤੇ ਪੋਸਟ ਪਾ ਕੇ ਹੀ ਕਤਲ ਕਰ ਦਿੱਤਾ ਹੋਵੇ। 
ਪੁਲਿਸ ਵਾਲੇ ਸਵਾਲਾਂ ਵਿੱਚ ਹੀ ਸਿੱਖ ਨੌਜਵਾਨਾਂ ਨੂੰ ਗ਼ੁਨਾਹਗਾਰ ਸਾਬਤ ਕਰੀ ਜਾਂਦੇ ਹੁੰਦੇ ਨੇ ਪਰ ਜੇ ਅੱਗੋਂ ਕੋਈ ਸੂਝਵਾਨ ਨੌਜਵਾਨ, ਤਜ਼ਰਬੇਕਾਰ ਆਗੂ ਜਾਂ ਉਸ ਦਾ ਨਿਧੜਕ ਪਰਿਵਾਰਕ ਮੈਂਬਰ ਟੱਕਰ ਜਾਵੇ ਤਾਂ ਫਿਰ ਪੁਲਸੀਆਂ ਨੂੰ ਕੋਈ ਜਵਾਬ ਨਹੀਂ ਆਉਂਦਾ ਕਿਉਂਕਿ ਸਰਕਾਰ ਅਤੇ ਪੁਲਿਸ ਕਾਨੂੰਨ ਦੀ ਦੁਰਵਰਤੋਂ ਕਰ ਰਹੀ ਹੁੰਦੀ ਹੈ। ਸਰਕਾਰੀ ਧੱਕੇਸ਼ਾਹੀ ਦਾ ਇਹ ਸਿਲਸਿਲਾ ਪਤਾ ਨਹੀਂ ਕਦੋਂ ਮੁੱਕਣਾ ਹੈ! ਪੰਥਕ ਸਫ਼ਾਂ ਵਿੱਚ ਸਰਗਰਮ ਸਿੱਖ ਨੌਜਵਾਨਾਂ ਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ। 
ਜਿਸ ਨੂੰ ਆਪਣੇ ਪੰਥ ਅਤੇ ਪੰਜਾਬ ਨਾਲ ਪਿਆਰ ਹੈ ਉਹ ਤਾਂ ਆਪਣੀ ਕੌਮ ਨਾਲ ਹੋ ਰਹੀਆਂ ਧੱਕੇਸ਼ਾਹੀਆਂ, ਜ਼ੁਲਮਾਂ ਅਤੇ ਬੇਇਨਸਾਫ਼ੀਆਂ ਵਿਰੁੱਧ ਲਿਖੇਗਾ-ਬੋਲੇਗਾ ਹੀ, ਇਹੀ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਲੋਕਾਈ ਦੀ ਭਲਾਈ ਲਈ ਮਹਾਨ ਸਿੱਖਿਆ ਦਿੱਤੀ ਸੀ ਪਰ ਅਣਖੀਲੇ ਸਿੱਖ ਨੌਜਵਾਨਾਂ ਦੀਆਂ ਜ਼ੁਬਾਨਾਂ ਬੰਦ ਕਰਵਾਉਣ ਦੇ ਯਤਨ ਹੋ ਰਹੇ ਹਨ। ਸਿੱਖ ਨੌਜਵਾਨਾਂ ਵੱਲੋਂ ਲਿਖੀਆਂ ਪੋਸਟਾਂ ਦੇ ਸਕਰੀਨਸ਼ੋਟਾਂ ਦੇ ਪ੍ਰਿੰਟ ਕੱਢ ਕੇ ਪੁਲਿਸ ਨੇ ਵੱਡਾ ਥੱਬਾ ਬਣਾਇਆ ਹੁੰਦਾ ਹੈ ਤੇ ਅੱਗੇ ਇੰਝ ਰੱਖ ਦਿੰਦੇ ਹਨ ਜਿਵੇਂ ਤੁਹਾਡੇ ਜੁਰਮਾਂ ਦੇ ਇਹ ਸਬੂਤ ਹੋਣ। 
ਪੁਰਾਣੇ ਬੰਦੀ ਸਿੰਘਾਂ ਤੋਂ ਇਲਾਵਾ ਵੀ ਅਨੇਕਾਂ ਸਿੱਖ ਨੌਜਵਾਨ ਪੰਜਾਬ ਅਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਇਹ ਨੌਜਵਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ, ਦੇਹਧਾਰੀ ਗੁਰੂ-ਡੰਮ੍ਹ ਅਤੇ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਮਾੜੇ ਵਿਹਾਰ ਕਰਕੇ ਦੁਖੀ ਸਨ, ਉਹਨਾਂ ਦੇ ਪੰਥਕ ਦਰਦ ਅਤੇ ਜਜ਼ਬਾਤਾਂ ਨੇ ਉਬਾਲਾ ਖਾਧਾ ਤੇ ਇਸ ਜੁਝਾਰੂ ਜਵਾਨੀ ਨੇ ਪੰਥ ਤੇ ਪੰਜਾਬ ਲਈ ਜੋ ਠੀਕ ਲੱਗਾ ਕਰਨਾ ਚਾਹਿਆ, ਕੁਝ ਕਾਮਯਾਬ ਤੇ ਕੁਝ ਅਸਫ਼ਲ ਹੋਏ ਤੇ ਕੈਦਾਂ ਕੱਟ ਰਹੇ ਹਨ। 
ਪੁਲਿਸ ਅਤੇ ਸਰਕਾਰ ਨੇ ਕਦੇ ਸੋਚਿਆ ਕਿ ਇਹ ਨੌਜਵਾਨ ਇਹਨਾਂ ਰਾਹਾਂ ਉੱਤੇ ਕਿਉਂ ਪਏ ? ਉਹਨਾਂ ਆਪਣੇ ਭਵਿੱਖ ਦਾਅ ਉੱਤੇ ਕਿਉਂ ਲਾਏ ? ਸੁੱਖ-ਆਰਾਮ ਦੀ ਜ਼ਿੰਦਗੀ, ਬੱਚੇ ਅਤੇ ਕੰਮ-ਕਾਜ ਛੱਡ ਕੇ ਕੋਈ ਕਾਰਵਾਈ ਕਰਕੇ ਉਹ ਜੇਲ੍ਹਾਂ ਕਿਉਂ ਕੱਟ ਰਹੇ ਹਨ ? ਇਹ ਕੋਈ ਉਹਨਾਂ ਨੂੰ ਚਾਅ ਨਹੀਂ ਸੀ ਚੜ੍ਹਿਆ ਹੋਇਆ ਉਹ ਸਰਕਾਰਾਂ ਦੇ ਸਤਾਏ ਹੋਏ ਹਨ ਤੇ ਆਪਣੀ ਕੌਮ ਦੀ ਜ਼ਲਾਲਤ ਉਹਨਾਂ ਤੋਂ ਝੱਲੀ ਨਹੀਂ ਸੀ ਜਾਂਦੀ, ਉਹ ਪੰਥ ਤੇ ਪੰਜਾਬ ਦੇ ਦਰਦੀ ਸਿੰਘ ਹਨ। ਉਹਨਾਂ ਦੀ ਹੂਕ ਨੂੰ ਸੁਣੋ, ਉਹ ਆਪਣੇ ਅੰਦਰ ਬੜਾ ਕੁਝ ਸਮੋਈ ਬੈਠੇ ਹਨ। 
ਸੂਬਾ ਤੇ ਕੇਂਦਰ ਸਰਕਾਰਾਂ ਜਾਂ ਕਿਸੇ ਪਾਰਟੀ ਦੇ ਆਗੂ ਨੇ ਇਹਨਾਂ ਦਾ ਦਰਦ ਤੇ ਭਾਵਨਾ ਨੂੰ ਕਦੇ ਸਮਝਿਆ ਹੀ ਨਹੀਂ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਰੌਲਾ ਪਾ ਕੇ ਸਿੱਖਾਂ/ਖ਼ਾਲਿਸਤਾਨੀਆਂ ਵਿਰੁੱਧ ਬਿਰਤਾਂਤ ਰਚ ਕੇ ਢੰਡੋਰਾ ਪਿੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਦ ਕਿ ਲੋੜ ਹੈ ਕਿ ਸਿੱਖਾਂ ਤੇ ਪੰਜਾਬ ਦੇ ਮਸਲਿਆਂ ਨੂੰ ਹੱਲ ਕੀਤਾ ਜਾਵੇ ਤਾਂ ਜੋ ਸਿੱਖ ਭਾਵਨਾਵਾਂ ਨੂੰ ਕੁਝ ਦਿਲਾਸਾ ਮਿਲ ਸਕੇ। ਜੇ ਸਰਕਾਰ ਸੋਚੇ ਕਿ ਸਿੱਖਾਂ ਨੂੰ ਪੀੜ, ਸੰਤਾਪ ਤੇ ਦੁੱਖ ਵੀ ਦਿੰਦੇ ਰਹਿਣਾ ਹੈ ਤੇ ਸਿੱਖਾਂ ਨੂੰ ਕੁਝ ਲਿਖਣ-ਬੋਲਣ ਤੇ ਕਰਨ ਵੀ ਨਹੀਂ ਦੇਣਾ ਤਾਂ ਇਹ ਤਾਂ ਹੋ ਹੀ ਨਹੀਂ ਸਕਦਾ। ਪਰ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਨੂੰ ਕੀ ਸਮਝਿਆ ਜਾਏ ? ਕੀ ਸਿੱਖ ਚੁੱਪ-ਚਾਪ ਬੈਠੇ ਸਰਕਾਰ ਦਾ ਧੱਕਾ ਤੇ ਜਬਰ ਸਹਿੰਦੇ ਰਹਿਣ ? ਸੱਚ ਤਾਂ ਇਹ ਹੈ ਕਿ ਸਰਕਾਰ ਜਿਸ ਤਰ੍ਹਾਂ ਕਿਰਿਆ ਕਰੇਗੀ ਓਸ ਦੇ ਜਵਾਬ 'ਚ ਸਿੱਖਾਂ ਵੱਲੋਂ ਪ੍ਰਤੀਕਿਰਿਆ ਵੀ ਹੁੰਦੀ ਰਹੇਗੀ। ਇਹ ਫ਼ੈਸਲਾ ਸਰਕਾਰ ਕਰੇ ਕਿ ਉਸ ਨੇ ਸਿੱਖਾਂ ਨੂੰ ਚੈਨ ਨਾਲ ਬਹਿਣ ਦੇਣਾ ਹੈ ਜਾਂ ਨਹੀਂ! 
ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.