5 ਮਿੰਟ ‘ਚ ਐੱਮ.ਐੱਸ.ਪੀ. ਦੇਣ ਵਾਲੇ ਹੁਣ ਭੱਜ ਰਹੇ ਹਨ– ਬ੍ਰਹਮਪੁਰਾ ਦਾ ਆਪ ‘ਤੇ ਨਿਸ਼ਾਨਾ

5 ਮਿੰਟ ‘ਚ ਐੱਮ.ਐੱਸ.ਪੀ. ਦੇਣ ਵਾਲੇ ਹੁਣ ਭੱਜ ਰਹੇ ਹਨ– ਬ੍ਰਹਮਪੁਰਾ ਦਾ ਆਪ ‘ਤੇ ਨਿਸ਼ਾਨਾ

ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੂੰ ਲੋਕਾਂ ਨਾਲ ਧੋਖਾ ਕਹਿੰਦੇ ਹੋਏ ਅਕਾਲੀ ਆਗੂ ਨੇ ਭਗਵੰਤ ਮਾਨ ਸਰਕਾਰ ਨੂੰ ਨਾਕਾਮ ਕਰਾਰ ਦਿੱਤਾ

ਤਰਨ ਤਾਰਨ, 19 ਜੁਲਾਈ 2025

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਤਾਜ਼ਾ ਬਿਆਨ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) 'ਤੇ ਤੀਖੇ ਹਮਲੇ ਕੀਤੇ। ਉਨ੍ਹਾਂ ਨੇ ਖਡੂਰ ਸਾਹਿਬ ਤੋਂ 'ਆਪ' ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਦਿੱਤੇ ਅਸਤੀਫ਼ੇ ਨੂੰ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕਰਾਰ ਦਿੱਤਾ।

ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ 'ਚ ਆਉਣ 'ਤੇ ਕੇਵਲ 5 ਮਿੰਟਾਂ ਵਿੱਚ ਹਰ ਫ਼ਸਲ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਦੇਣਗੇ। "ਹੁਣ ਢਾਈ ਸਾਲ ਬੀਤ ਚੁੱਕੇ ਹਨ, MSP ਤਾਂ ਦੂਰ ਦੀ ਗੱਲ ਹੈ, ਕਿਸਾਨਾਂ ਦੀ ਬੁਨਿਆਦੀ ਮੁਸ਼ਕਲ ਵੀ ਨਹੀਂ ਸੁਣੀ ਗਈ। ਜਦੋਂ ਲੋਕ ਸਵਾਲ ਪੁੱਛਣ ਲੱਗੇ ਤਾਂ ਉਨ੍ਹਾਂ ਨੇ ਜਵਾਬ ਦੇਣ ਦੀ ਥਾਂ ਅਸਤੀਫ਼ਾ ਦੇ ਕੇ ਭੱਜ ਜਾਣਾ ਚੁਣਿਆ," ਉਨ੍ਹਾਂ ਕਿਹਾ।

ਬ੍ਰਹਮਪੁਰਾ ਨੇ ਕਿਹਾ ਕਿ ਇਹ ਸਿਰਫ਼ ਇੱਕ ਵਿਧਾਇਕ ਦਾ ਅਸਤੀਫ਼ਾ ਨਹੀਂ, ਸਗੋਂ ਭਗਵੰਤ ਮਾਨ ਸਰਕਾਰ ਦੀ ਸਮੂਹਿਕ ਨਾਕਾਮੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ, ਨੌਜਵਾਨਾਂ ਅਤੇ ਕਾਨੂੰਨ ਵਿਵਸਥਾ ਸਭ ਮੋਰਚਿਆਂ 'ਤੇ ਫੇਲ੍ਹ ਹੋ ਚੁੱਕੀ ਹੈ।

ਅਖੀਰ ਵਿੱਚ ਉਨ੍ਹਾਂ ਕਿਹਾ ਕਿ ਅਸਤੀਫ਼ਾ ਦੇਣ ਨਾਲ ‘ਆਪ’ ਆਗੂ ਆਪਣੇ ਵਾਅਦਿਆਂ ਤੋਂ ਬਚ ਨਹੀਂ ਸਕਦੇ। ਲੋਕ ਜਵਾਬ ਮੰਗਣਗੇ ਅਤੇ ਅਕਾਲੀ ਦਲ ਹਮੇਸ਼ਾਂ ਪੰਜਾਬੀਆਂ ਦੇ ਹੱਕ ਲਈ ਅਵਾਜ਼ ਬੁਲੰਦ ਕਰਦਾ ਰਹੇਗਾ।