ਪ੍ਰਧਾਨ ਧਾਮੀ ਜੀ! ਸੁਖਬੀਰ ਬਾਦਲ ਦੀ ਭਗਤੀ 'ਚੋਂ ਨਿਕਲੋ ਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸੈਟੇਲਾਈਟ ਚੈੱਨਲ ਬਣਾਓ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਪ੍ਰਧਾਨ ਧਾਮੀ ਜੀ! ਸੁਖਬੀਰ ਬਾਦਲ ਦੀ ਭਗਤੀ 'ਚੋਂ ਨਿਕਲੋ ਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸੈਟੇਲਾਈਟ ਚੈੱਨਲ ਬਣਾਓ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 9 ਅਗਸਤ , ਜੁਗਰਾਜ ਸਿੰਘ ਸਰਹਾਲੀ — ਸ੍ਰੀ ਦਰਬਾਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰੀ ਨਜ਼ਰ ਆ ਰਹੀ ਹੈ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਲਤੀ 'ਤੇ ਗਲਤੀ ਕਰੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੁਝ ਹੋਰ ਦਿਸਦਾ ਹੀ ਨਹੀਂ ਹੈ, ਉਹ ਸੰਗਤਾਂ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਬਿਲਕੁਲ ਵੀ ਨਹੀਂ ਸਮਝਦੀ। ਗੁਰਬਾਣੀ ਪ੍ਰਸਾਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈੱਨਲ ਬਣਾਉਣ ਵਾਲੇ ਪਾਸੇ ਤੁਰ ਹੀ ਨਹੀਂ ਰਹੀ ਤੇ ਉਹ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕੀਤੇ ਆਦੇਸ਼ ਨੂੰ ਵੀ ਦਰਕਿਨਾਰ ਕਰ ਰਹੀ ਹੈ, ਹੁਣ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਫ਼ਰਜ ਬਣਦਾ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਸਹੀ ਪਾਸੇ ਤੋਰਨ ਦਾ ਯਤਨ ਕਰਨ। ਗੁਰਬਾਣੀ ਪ੍ਰਸਾਰਣ ਨੂੰ ਘਰ-ਘਰ ਵਿੱਚ ਪਹੁੰਚਾਉਣ ਦੀ ਬਜਾਏ ਸ਼੍ਰੋਮਣੀ ਕਮੇਟੀ ਕੇਵਲ ਸੁਖਬੀਰ ਸਿੰਘ ਬਾਦਲ ਦੇ ਪੀਟੀਸੀ ਚੈੱਨਲ ਨਾਲ ਗੰਡਤੁੱਪ ਕਰਕੇ ਬੈਠੀ ਹੋਈ ਹੈ ਤੇ ਜਦੋਂ ਵੀ ਇਹ ਮਾਮਲਾ ਉੱਠਦਾ ਹੈ ਤਾਂ ਸ਼੍ਰੋਮਣੀ ਕਮੇਟੀ ਸੰਗਤਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਦਾ ਯਤਨ ਕਰਦੀ ਹੈ। ਜਿਵੇਂ ਬਾਦਲਕੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਜਗੀਰ ਸਮਝਦੇ ਹਨ, ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੀ ਗੁਰਬਾਣੀ ਪ੍ਰਸਾਰਣ ਆਪਣਾ ਏਕਾ ਅਧਿਕਾਰ ਸਮਝਦੀ ਹੈ। ਸ਼੍ਰੋਮਣੀ ਕਮੇਟੀ ਨੇ ਯੂਟਿਊਬ ਚੈਨਲ ਵੀ ਸੰਗਤਾਂ ਵੱਲੋਂ ਵਾਰ-ਵਾਰ ਕਹਿਣ ਉੱਤੇ ਬੜੀ ਮਜਬੂਰੀ ਵੱਸ ਸ਼ੁਰੂ ਕੀਤਾ ਸੀ ਤਾਂ ਜੋ ਸੈਟੇਲਾਈਟ ਚੈੱਨਲ ਤੋਂ ਪੱਲਾ ਝਾੜ ਕੇ ਇਸ ਵਿਵਾਦ ਨੂੰ ਇੱਥੇ ਹੀ ਠੱਪ ਦਿੱਤਾ ਜਾਵੇ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਜੀ.ਟੀ.ਸੀ. ਚੈੱਨਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਹੀ ਯੂਟਿਊਬ ਚੈਨਲ ਤੋਂ ਲਿੰਕ ਲੈ ਕੇ ਗੁਰਬਾਣੀ ਦਾ ਪ੍ਰਸਾਰਣ ਕਰਨਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਚੈੱਨਲ ਦੇ ਉੱਤੇ ਕਾਨੂੰਨੀ ਕਾਰਵਾਈ ਕਰਨਾ ਅਤੇ ਹੋਰ ਚੈੱਨਲਾਂ ਨੂੰ ਵੀ ਗੁਰਬਾਣੀ ਪ੍ਰਸਾਰਣ ਕੀਤੇ ਜਾਣ ਤੋਂ ਰੋਕਣਾ ਅਤੇ ਬੁਖਲਾਹਟ ਤੇ ਧਮਕੀ ਭਰੇ ਲਹਿਜੇ ਵਿੱਚ ਜਹਿਰੀਲੇ ਬੋਲ ਬੋਲਣਾ ਇਹ ਸ਼੍ਰੋਮਣੀ ਕਮੇਟੀ ਦੀ ਗੁੰਡਾਗਰਦੀ ਅਤੇ ਬਦਮਾਸ਼ੀ ਨਹੀਂ ਤਾਂ ਹੋਰ ਕੀ ਹੈ ? ਸ਼੍ਰੋਮਣੀ ਕਮੇਟੀ ਆਪਣਾ ਚੈੱਨਲ ਖੋਲ੍ਹ ਨਹੀਂ ਰਹੀ ਹੈ ਤੇ ਕਿਸੇ ਹੋਰ ਨੂੰ ਚਲਾਉਣ ਨਹੀਂ ਦੇ ਰਹੀ ਹੈ, ਜਦੋਂ ਬਾਕੀ ਟੀ.ਵੀ. ਚੈੱਨਲ ਗੁਰਬਾਣੀ ਪ੍ਰਸਾਰਣ ਨੂੰ ਚਲਾਉਣਾ ਚਾਹੁੰਦੇ ਹਨ ਤਾਂ ਸ਼੍ਰੋਮਣੀ ਕਮੇਟੀ ਨੂੰ ਤਕਲੀਫ ਕੀ ਹੈ ? ਕੀ ਗੁਰਬਾਣੀ ਕੀਰਤਨ ਨੂੰ ਬਾਦਲ ਜੁੰਡਲੀ ਅਤੇ ਧਾਮੀ ਲਾਣਾ ਆਪਣੀ ਨਿੱਜੀ ਜਾਇਦਾਦ ਸਮਝੀ ਫਿਰਦੇ ਹਨ ? ਇਸ ਪਿੱਛੇ ਸ਼੍ਰੋਮਣੀ ਕਮੇਟੀ ਅਤੇ ਬਾਦਲਕਿਆਂ ਦੀਆਂ ਜੋ ਸਿਆਸੀ ਚਾਲਾਂ ਹਨ ਸਿੱਖ ਸੰਗਤ ਸਭ ਸਮਝਦੀ ਹੈ। ਜਦੋਂ ਸ਼੍ਰੋਮਣੀ ਕਮੇਟੀ ਦੇ ਹੀ ਮੈਂਬਰ ਸ. ਭਗਵੰਤ ਸਿੰਘ ਸਿਆਲਕਾ ਇਹ ਕਹਿ ਚੁੱਕੇ ਸਨ ਕਿ ਸ਼੍ਰੋਮਣੀ ਕਮੇਟੀ ਦੇ ਯੂਟਿਊਬ ਚੈਨਲ ਤੋਂ ਲਿੰਕ ਲੈ ਕੇ ਕੋਈ ਵੀ ਚਲਾ ਸਕਦਾ ਹੈ ਤਾਂ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੂੰ ਕੀ ਪਿੱਸੂ ਪੈ ਗਏ ਹਨ ? ਉਸਨੇ ਗੁਰਬਾਣੀ ਕੀਰਤਨ ਨੂੰ ਰੋਕਣ ਉੱਤੇ ਹੀ ਲੱਕ ਬੰਨ੍ਹ ਲਿਆ ਹੈ ਜਿਵੇਂ ਇਸਨੇ ਠੇਕਾ ਲਿਆ ਹੋਵੇ। ਗੁਰਬਾਣੀ ਦਾ ਪ੍ਰਸਾਰਣ ਦੁਨੀਆਂ ਦੇ ਕੋਨੇ ਕੋਨੇ ਵਿੱਚ ਫਰੀ ਹੋਣਾ ਚਾਹੀਦਾ ਹੈ, ਬਥੇਰੇ ਸ਼ਰਧਾਲੂ ਇਹ ਸੇਵਾ ਕਰਨ ਲਈ ਤਿਆਰ ਹਨ। ਜੇ ਕੋਈ ਚੈਨਲ ਸ਼੍ਰੋਮਣੀ ਕਮੇਟੀ ਦੇ ਹੀ ਯੂਟਿਊਬ ਲਿੰਕ ਤੋਂ ਬਿਨਾਂ ਕੋਈ ਮਸ਼ਹੂਰੀ, ਵਪਾਰ ਅਤੇ ਕੁਝ ਐਡੀਟਿੰਗ ਕੀਤੇ ਬਿਨਾਂ ਹੀ ਸਤਿਕਾਰ ਸਹਿਤ ਚਲਾਉਂਦਾ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਇਤਰਾਜ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਪ੍ਰਧਾਨ ਧਾਮੀ ਬੜੀ ਹੀ ਬੁਖਲਾਹਟ ਅਤੇ ਧਮਕੀ ਵਿੱਚ ਕਹਿ ਰਹੇ ਹਨ ਕਿ ਜਿਹੜਾ ਵੀ ਚੈਨਲ, ਸੋਸ਼ਲ ਮੀਡੀਆ ਨੈੱਟਵਰਕ ਜਾਂ ਵੈੱਬ ਪਲੈਟਫਾਰਮ ਉੱਤੇ ਬਿਨਾਂ ਅਧਿਕਾਰਤ ਲਿਖਤੀ ਮਨਜ਼ੂਰੀ ਦੇ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰੇਗਾ ਉਸ ਵਿਰੁੱਧ ਸ਼੍ਰੋਮਣੀ ਕਮੇਟੀ ਸਖਤ ਕਾਨੂੰਨੀ ਕਾਰਵਾਈ ਕਰੇਗੀ ਜਦਕਿ ਸੱਚ ਇਹ ਹੈ ਕਿ ਸ਼੍ਰੋਮਣੀ ਕਮੇਟੀ ਤਾਂ ਕਿਸੇ ਨੂੰ ਅਧਿਕਾਰ ਦੇਣਾ ਹੀ ਨਹੀਂ ਚਾਹੁੰਦੀ ਤਾਂ ਫਿਰ ਕੀ ਕੀਤਾ ਜਾਵੇ। ਪ੍ਰਧਾਨ ਧਾਮੀ ਦਾ ਵੱਸ ਚੱਲੇ ਤਾਂ ਉਹ ਹਰ ਇੱਕ ਸਿੱਖ ਉੱਤੇ ਪਰਚਾ ਦਰਜ ਕਰਵਾ ਦੇਵੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕੁਝ ਸੰਸਥਾਵਾਂ/ਸੰਪਰਦਾਵਾਂ ਨੇ ਵੀ ਆਪਣੇ ਚੈੱਨਲ ਬਣਾ ਲਏ ਹਨ ਪਰ ਸ਼੍ਰੋਮਣੀ ਕਮੇਟੀ ਨੇ ਆਪਣਾ ਸੈਟੇਲਾਈਟ ਚੈੱਨਲ ਨਹੀਂ ਬਣਾਇਆ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਦਾ ਆਕਾ ਸੁਖਬੀਰ ਸਿੰਘ ਬਾਦਲ ਇਸ ਗੱਲ ਦੀ ਇਜਾਜ਼ਤ ਹੀ ਨਹੀਂ ਦਿੰਦਾ ਹੈ ਤੇ ਸ਼੍ਰੋਮਣੀ ਕਮੇਟੀ ਹੋਰ ਵੀ ਕਈ ਬਹਾਨੇ ਘੜੀ ਫਿਰਦੀ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਆਪਣਾ ਟੀਵੀ ਚੈਨਲ ਨਹੀਂ ਬਣਾਉਂਦੀ ਓਦੋਂ ਤੱਕ ਬਾਕੀ ਚੈੱਨਲਾਂ ਨੂੰ ਮਰਯਾਦਾ ਸਹਿਤ ਮੁਫਤ ਗੁਰਬਾਣੀ ਪ੍ਰਸਾਰਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.