ਖ਼ਾਲਿਸਤਾਨ ਦੀ ਸਿਰਜਣਾ ਲਈ ਸਿੱਖ ਮਾਨਸਿਕਤਾ ਨੂੰ ਹਲੂਣਾ ਦੇ ਕੇ ਮੁੜ ਬਾਦਸ਼ਾਹੀ ਦੀ ਤਾਂਘ ਜਗਾਉਣ ਅਤੇ ਸੰਘਰਸ਼ ਨੂੰ ਪ੍ਰਚੰਡ ਕਰਨ ਦੀ ਲੋੜ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- 07 Aug, 2026 02:28 PM (Asia/Kolkata)
ਚੰਡੀਗੜ੍ਹ, 7 ਅਗਸਤ , ਮੰਗਤ ਸਿੰਘ ਸੈਦਪੁਰ - ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੀ ਅੱਜ ਵੀਹਵੀਂ ਵਰ੍ਹੇਗੰਢ ਉੱਤੇ ਜਾਰੀ ਬਿਆਨ ਵਿੱਚ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 'ਰਾਜ ਕਰਨਾ ਜਾਂ ਲੜ ਮਰਨਾ' ਦੇ ਸਿਧਾਂਤ ਨੇ ਹਮੇਸ਼ਾਂ ਹੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਸੀ ਪਰ ਜਦੋਂ ਦਾ ਸਿੱਖ ਕੌਮ ਦੇ ਵੱਡੇ ਹਿੱਸੇ ਨੇ ਹਿੰਦੁਸਤਾਨ ਦੀ ਗ਼ੁਲਾਮੀ ਕਬੂਲ ਕੇ ਤੇ ਅਣਖ਼ ਮਾਰ ਕੇ ਜਿਊਣਾ ਸ਼ੁਰੂ ਕੀਤਾ ਹੈ ਤਾਂ ਸਿੱਖ ਕੌਮ ਦੇ ਪੱਲੇ ਖ਼ੁਆਰੀ ਹੀ ਪੈ ਰਹੀ ਹੈ। ਉਹ ਸਿੱਖ ਕਿੰਨੇ ਬੇ-ਜ਼ਮੀਰੇ ਹਨ ਜਿਹੜੇ ਹਰ ਰੋਜ਼ ਬੇਇਨਸਾਫ਼ੀ ਅਤੇ ਜ਼ਲਾਲਤ ਝੱਲ ਕੇ ਵੀ ਅਜ਼ਾਦੀ ਦੇ ਰਾਹ ਨਹੀਂ ਪੈ ਰਹੇ। ਉਹਨਾਂ ਨੂੰ ਗ਼ੁਲਾਮੀ ਦੇ ਵਿੱਚ ਹੀ ਸਵਾਦ ਆਉਣ ਲੱਗ ਪਿਆ ਹੈ ਤੇ ਉਹ ਗ਼ੁਲਾਮੀ ਨੂੰ ਹੀ ਜ਼ਿੰਦਗੀ ਸਮਝੀ ਬੈਠੇ ਨੇ, ਸ਼ਾਇਦ ਉਹਨਾਂ ਦੀ ਹਾਲਤ ਖੂਹ ਵਿਚਲੇ ਡੱਡੂ ਵਾਲ਼ੀ ਹੋ ਗਈ ਹੈ। ਉਹਨਾਂ ਨੂੰ ਅਜ਼ਾਦੀ ਦੀ ਅਹਿਮੀਅਤ ਹੀ ਨਹੀਂ ਪਤਾ। ਉਹ ਸਿੱਖੀ ਮਾਰਗ ਤੇ ਸਿੱਖ ਸੰਘਰਸ਼ ਤੋਂ ਭੁੱਲੇ-ਭਟਕੇ ਫਿਰਦੇ ਹਨ। ਕਲਗੀਧਰ ਪਾਤਸ਼ਾਹ ਨੇ ਆਪਣੇ ਖ਼ਾਲਸੇ ਪੁੱਤਰਾਂ ਨੂੰ ਰਾਜ ਕਰਨ ਦਾ ਵਚਨ ਦਿੱਤਾ ਹੈ। "ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ। ਏ ਯਾਦ ਰਖੇ ਹਮਰੀ ਗੁਰਿਆਈ।" ਇਸੇ ਖ਼ਾਲਸੇ ਨੇ ਹੀ ਕਦੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ, ਕਦੇ ਸਿੱਖ ਮਿਸਲਾਂ ਦੇ ਸਰਦਾਰਾਂ ਤੇ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਰਾਜ ਕੀਤਾ ਸੀ ਤੇ ਇਸੇ ਖ਼ਾਲਸੇ ਨੇ ਦੇਸ ਪੰਜਾਬ ਦੀ ਧਰਤੀ 'ਤੇ ਮੁੜ ਖ਼ਾਲਸਾ ਰਾਜ ਦੇ ਝੰਡੇ ਗੱਡਣੇ ਹਨ। ਇਸੇ ਰਾਜ ਦੀ ਪ੍ਰਾਪਤੀ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਅਜ਼ਾਦੀ ਦਾ ਬਿਗਲ ਵਜਾਇਆ ਸੀ ਤੇ ਹਜ਼ਾਰਾਂ ਸਿੰਘਾਂ-ਸੂਰਮਿਆਂ ਨੇ ਸੀਸ ਤਲੀ 'ਤੇ ਧਰ ਕੇ ਸ਼ਹਾਦਤਾਂ ਦਿੱਤੀਆਂ ਹਨ। ਦਸਮੇਸ਼ ਪਿਤਾ ਦੇ ਬਿੰਦੀ ਪੁੱਤਰ (ਚਾਰ ਸਾਹਿਬਜ਼ਾਦੇ) ਵੀ ਧਰਮ ਦੀ ਖ਼ਾਤਰ ਤੇ ਖ਼ਾਲਸਾ ਰਾਜ ਦੀ ਸਿਰਜਣਾ ਲਈ ਚਮਕੌਰ ਦੀ ਗੜ੍ਹੀ ਤੇ ਸਰਹੰਦ ਦੀਆਂ ਨੀਹਾਂ ਵਿੱਚ ਸ਼ਹਾਦਤਾਂ ਦੇ ਗਏ ਸਨ ਤੇ ਨਾਦੀ ਪੁੱਤਰਾਂ ਭਾਵ ਖ਼ਾਲਸੇ ਨੇ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖ਼ਾਲਿਸਤਾਨ ਦੀ ਸਥਾਪਤੀ ਲਈ ਲਹੂ ਡੋਲ੍ਹਵਾਂ ਸੰਘਰਸ਼ ਕੀਤਾ ਅਤੇ ਕਰ ਰਹੇ ਹਨ। ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਲਈ ਗੁਰੂ ਸਾਹਿਬ ਨੇ ਸਾਨੂੰ 'ਰਾਜ ਕਰੇਗਾ ਖ਼ਾਲਸਾ' ਦਾ ਸੰਕਲਪ ਬਖ਼ਸ਼ਿਸ਼ ਕੀਤਾ ਹੈ। ਤਾਂ ਜੋ ਇਸ ਖ਼ਾਲਸੇ ਦੇ ਰਾਜ ਵਿੱਚ ਹਰ ਕੋਈ ਸੁਖੀ ਵੱਸ ਸਕੇ। "ਬੇਗਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।।" ਜਿਸ ਬੇਗਮਪੁਰੇ ਦੀ ਗੱਲ ਭਗਤ ਸਾਹਿਬਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀਤੀ ਉਸ ਨੂੰ ਖ਼ਾਲਸੇ ਨੇ ਹੀ ਸਾਕਾਰ ਕਰਨਾ ਹੈ। ਇਹ ਅਜ਼ਾਦ ਖ਼ਾਲਸਾ ਰਾਜ ਦਾ ਸੰਕਲਪ ਤੇ ਨਿਸ਼ਾਨਾ ਬਹੁਤ ਮਹਾਨ, ਉੱਤਮ ਅਤੇ ਪਵਿੱਤਰ ਹੈ। ਦਿੱਲੀ ਦਰਬਾਰ ਦੇ ਅਧੀਨ ਹੋ ਕੇ ਕਿਸੇ ਧਿਰ ਵੱਲੋਂ ਪੰਜਾਬ ਵਿੱਚ ਵੋਟਾਂ ਰਾਹੀਂ ਸਰਕਾਰ ਬਣਾ ਲੈਣੀ, ਮੁੱਖ ਮੰਤਰੀ ਬਣ ਜਾਣਾ ਤੇ ਭਾਰਤੀ ਸੰਵਿਧਾਨ ਅਤੇ ਬਿਪਰਵਾਦੀ ਨੀਤੀਆਂ ਨੂੰ ਹੀ ਲਾਗੂ ਕਰ ਦੇਣਾ ਖ਼ਾਲਸਾ ਰਾਜ ਨਹੀਂ ਹੈ। ਖ਼ਾਲਸੇ ਦਾ ਰਾਜ ਤਾਂ ਪੂਰਨ ਪ੍ਰਭੂਸੱਤਾ ਸੰਪੰਨ ਅਜ਼ਾਦੀ ਵਿੱਚ ਹੀ ਨਜ਼ਰੀਂ ਆਏਗਾ। ਖ਼ਾਲਸਾ ਰਾਜ ਦਾ ਸੰਕਲਪ ਅਤੇ ਸਿਧਾਂਤ ਸਰਹੱਦਾਂ ਵਿੱਚ ਵੀ ਹੈ, ਸਰਹੱਦਾਂ ਤੋਂ ਬਾਹਰੀ ਵੀ ਹੈ ਤੇ ਬ੍ਰਹਿਮੰਡੀ ਵੀ ਹੈ। ਇਸ ਨੂੰ ਪੰਜਾਬ ਤੋਂ ਇਲਾਵਾ ਖ਼ਾਲਸਾ ਆਪਣੀ ਤਾਕਤ ਅਤੇ ਲੋਕਾਂ ਦੇ ਸਹਿਯੋਗ ਨਾਲ਼ ਹੋਰ ਰਾਜਾਂ ਤੇ ਦੇਸਾਂ ਵਿੱਚ ਵੀ ਲਾਗੂ ਕਰ ਸਕਦਾ ਹੈ। ਸੰਸਾਰ ਦੇ ਸਾਰੇ ਸ਼ਾਸਕਾਂ ਵਿੱਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਸਭ ਰਾਜਾਂ ਵਿੱਚੋਂ ਖ਼ਾਲਸਾ ਰਾਜ ਸਭ ਤੋਂ ਪਹਿਲੇ ਨੰਬਰ 'ਤੇ ਹੈ ਇਹ ਗੱਲ ਦੁਨੀਆਂ ਭਰ ਦੇ ਇਤਿਹਾਸਕਾਰ ਅਤੇ ਵਿਦਵਾਨ ਮੰਨਦੇ ਹਨ ਤੇ ਖ਼ਾਲਸਾ ਰਾਜ ਦੀਆਂ ਸਿਫ਼ਤਾਂ ਕਰਦੇ ਲੋਕ ਅੱਜ-ਤਕ ਨਹੀਂ ਥੱਕਦੇ। ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਘੇਲ ਸਿੰਘ, ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਜਥੇਦਾਰ ਅਕਾਲੀ ਫੂਲਾ ਸਿੰਘ, ਜਰਨੈਲ ਹਰੀ ਸਿੰਘ ਨਲੂਆ, ਭਾਈ ਮਹਾਰਾਜ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ, ਮਹਾਰਾਜਾ ਰਣਜੀਤ ਸਿੰਘ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਖ਼ਾਲਸਾ ਰਾਜ ਦੇ ਮਹਾਂਨਾਇਕ ਹਨ। ਇਹ ਪੰਜਾਬ ਸਿੱਖਾਂ ਦਾ ਹੈ ਤੇ ਸਿੱਖ ਪੰਜਾਬ ਦੇ ਹਨ। ਪੰਜਾਬ ਸਿੱਖਾਂ ਦਾ ਕੌਮੀ ਘਰ ਹੈ। ਅੱਜ ਸਿੱਖ ਮਾਨਸਿਕਤਾ ਨੂੰ ਹਲੂਣਾ ਤੇ ਹੁਲਾਰਾ ਦੇ ਕੇ ਮੁੜ ਬਾਦਸ਼ਾਹੀ ਦੀ ਤਾਂਘ ਜਗਾਉਣ ਅਤੇ ਸੰਘਰਸ਼ ਨੂੰ ਪ੍ਰਚੰਡ ਕਰਨ ਦੀ ਲੋੜ ਹੈ ਤਾਂ ਜੋ ਖ਼ਾਲਸਾ ਰਾਜ (ਖ਼ਾਲਿਸਤਾਨ) ਮੁੜ ਸਿਰਜਿਆ ਜਾਏ।
Leave a Reply