ਸਿੱਖੋ! ਜ਼ਲਾਲਤ ਕਰਨ ਵਾਲ਼ਿਆਂ ਦੀ ਜ਼ਿੰਦਾਬਾਦ ਕਿਉਂ ?

ਸਿੱਖੋ! ਜ਼ਲਾਲਤ ਕਰਨ ਵਾਲ਼ਿਆਂ ਦੀ ਜ਼ਿੰਦਾਬਾਦ ਕਿਉਂ ?

ਅੱਜ-ਕੱਲ੍ਹ ਸਿੱਖਾਂ ਦੀ ਹਰ ਥਾਂ ਜ਼ਲਾਲਤ ਹੋ ਰਹੀ ਹੈ, ਇਵੇਂ ਹੀ ਇਤਿਹਾਸ ਨੇ 2000 ਸਾਲ ਯਹੂਦੀਆਂ ਦੀ ਜ਼ਲਾਲਤ ਵੇਖੀ ਹੈ। 1894 ਵਿੱਚ ਪੈਰਿਸ ਵਿੱਚ ਰਹਿੰਦੇ ਇੱਕ ਯਹੂਦੀ ਪੱਤਰਕਾਰ 'ਥਿਓਡਰ ਹਰਜ਼ਲ' ਨੇ ਸ਼ਹਿਰ ਦੇ ਇੱਕ ਚੌਂਕ ਵਿੱਚ ਇੱਕ ਯਹੂਦੀ ਫ਼ੌਜੀ ਕਪਤਾਨ ਐਲਫਰੈਡ ਡਰਾਈਫ ਦੀ ਸ਼ਰੇਆਮ ਲੋਕਾਂ ਵਿੱਚ ਹੋ ਰਹੀ ਕੁੱਤੇਖਾਣੀ ਵੇਖੀ। ਸਭ ਨੂੰ ਪਤਾ ਸੀ ਕਿ ਯਹੂਦੀ ਫ਼ੌਜੀ ਕਪਤਾਨ ਐਲਫਰੈਡ ਡਰਾਈਫ ਨੂੰ ਝੂਠੇ ਦੋਸ਼ਾਂ ਤਹਿਤ ਉਮਰ ਕੈਦ ਕਰਵਾਈ ਗਈ ਸੀ ਜਿਵੇਂ ਜਨਰਲ ਸੁਬੇਗ ਸਿੰਘ ਖ਼ਿਲਾਫ਼ ਝੂਠੇ ਦੋਸ਼ ਲਾਏ ਗਏ ਸਨ। ਜਿਵੇਂ ਅੱਜ-ਕੱਲ੍ਹ ਵੀ ਸਿੱਖ ਜੁੱਤੀਆਂ ਖਾ ਕੇ ਕਹਿੰਦੇ ਰਹਿੰਦੇ ਨੇ, "ਭਾਰਤ ਮਾਤਾ ਕੀ ਜੈ, ਹਿੰਦੋਸਤਾਨ ਜ਼ਿੰਦਾਬਾਦ"; ਇਵੇਂ ਹੀ ਯਹੂਦੀ ਲੋਕਾਂ ਦਾ ਰਵੱਈਆ ਸੀ।
ਛਿੱਤਰ ਖਾ ਕੇ ਵੀ ਜ਼ਿੰਦਾਬਾਦ ਓਸੇ ਹਕੂਮਤ ਦੀ, ਜਿਹੜਾ ਛਿੱਤਰ ਮਰਵਾ ਰਿਹਾ ਸੀ। ਯਹੂਦੀਆਂ ਵਿੱਚ ਵੀ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਸਨ, ਜਿਹੜੇ ਆਪਣੇ ਸਵਾਰਥਾਂ ਲਈ ਕੌਮੀ ਭਾਵਨਾਵਾਂ ਦਾ ਘਾਣ ਕਰਦੇ ਸਨ ਤੇ ਜਿਹੜੇ ਲੋਕ ਕੌਮੀ ਦਰਦ ਰੱਖਦੇ ਸਨ, ਉਹਨਾਂ ਵਿਰੁੱਧ ਆਮ ਲੋਕਾਂ ਨੂੰ ਭੜਕਾਉਦੇ ਰਹਿੰਦੇ ਸਨ। ਜਿਵੇਂ ਪੰਥਕ ਸੋਚ ਵਾਲ਼ਿਆਂ ਸਿੱਖਾਂ ਬਾਰੇ 'ਮਾਤਾ ਦਾ ਮਾਲ' ਬਣੇ ਸਿੱਖ ਸੋਚਦੇ ਨੇ, "ਇਹ ਸਾਡੇ ਵੀ ਜੁੱਤੀਆਂ ਪਵਾਉਣਗੇ"; ਓਵੇਂ ਹੀ ਯਹੂਦੀਆਂ ਵਿੱਚ ਕੁਝ ਲੋਕ ਸੋਚਦੇ ਸਨ। ਪਰ ਯਹੂਦੀਆਂ ਵਾਂਗ ਸਿੱਖਾਂ ਵਿੱਚ ਵੀ ਉਹ ਸੂਰਮੇ ਸਨ, ਜਿਹੜੇ ਕਹਿੰਦੇ ਸਨ ਕਿ ਓਨੀਆਂ ਕੁ ਜੁੱਤੀਆਂ ਉਂਝ ਹੀ ਬਿਨਾ ਗੱਲੋਂ ਖਾਣ ਨਾਲ਼ੋਂ, ਕੁਝ ਕਰ ਕੇ ਖਾਣੀਆਂ ਹੀ ਚੰਗੀਆਂ ਨੇ।
ਯਹੂਦੀ ਪੱਤਰਕਾਰ ਥਿਓਡਰ ਹਰਜਲ ਨੇ ਜਦ ਯਹੂਦੀ ਫ਼ੌਜੀ ਕਪਤਾਨ ਐਲਫਰੈਡ ਡਰਾਈਫ ਦੀ ਨਜਾਇਜ਼ ਤੇ ਸ਼ਰੇਆਮ ਜ਼ਲਾਲਤ ਹੁੰਦੀ ਵੇਖੀ ਤਾਂ ਉਸ ਨੇ ਇੱਕ ਫ਼ੈਸਲਾ ਕੀਤਾ ਤੇ ਯਹੂਦੀ ਕੌਮ ਨੂੰ ਜਥੇਬੰਦ ਕਰ ਕੇ ਅਜ਼ਾਦ ਕੌਮੀ ਘਰ ਲਈ ਨਿਕਲ ਪਿਆ। ਜਦ ਉਸ ਨੇ ਯਹੂਦੀਆਂ ਨੂੰ ਸਵਿਟਜ਼ਰਲੈਂਡ ਵਿੱਚ ਇਕੱਠਾ ਕਰ ਕੇ ਕਨਵੈਨਸ਼ਨ ਕੀਤੀ ਤਾਂ ਓਥੇ ਯਹੂਦੀਆਂ ਨੂੰ ਇਜ਼ਰਾਈਲ ਪੁੱਜਣ ਦਾ ਸੱਦਾ ਦਿੱਤਾ ਗਿਆ। ਇਸ ਦਿਨ ਸ਼ਾਮ ਨੂੰ ਹਰਜ਼ਲ ਬਾਈ ਨੇ ਆਪਣੀ ਡਾਇਰੀ ਵਿੱਚ ਲਿਖ ਦਿੱਤਾ ਸੀ, "ਅੱਜ ਮੈਂ ਇੱਕ ਯਹੂਦੀ ਸਟੇਟ ਦੀ ਨੀਂਹ ਰੱਖ ਦਿੱਤੀ ਹੈ, ਅੱਜ ਦੁਨੀਆਂ ਮੇਰੀ ਗੱਲ ਸੁਣ ਕੇ ਹੱਸ ਸਕਦੀ ਹੈ, ਪਰ ਪੰਜਾਹ ਸਾਲ ਮਗਰੋਂ ਹਰੇਕ ਵੇਖੇਗਾ ਕਿ ਯਹੂਦੀਆਂ ਦਾ ਰਾਜ-ਭਾਗ ਕਾਇਮ ਹੋ ਚੁੱਕਾ ਹੈ" ਤੇ ਸੱਚ ਹੀ ਇਜ਼ਰਾਈਲ ਹੋਂਦ ਵਿੱਚ ਆ ਗਿਆ। ਇਸ ਕ੍ਰਿਸ਼ਮੇ ਦੇ ਵਾਪਰਨ ਪਿੱਛੇ ਕਿਸੇ ਮੰਤਰ ਦਾ ਕਮਾਲ ਨਹੀਂ ਸਗੋਂ ਯਹੂਦੀਆਂ ਦੇ ਬੇਮਿਸਾਲ ਸੰਘਰਸ਼ ਤੇ ਆਪਣੇ ਰਾਜ ਦੀ ਕਾਇਮੀ ਲਈ ਸਿਦਕ ਦੀ ਦਾਸਤਾਨ ਹੈ। ਕਾਸ਼! ਕਿਤੇ ਬਾਈ ਹਰਜ਼ਲ ਨੂੰ ਜੱਫੀ ਪਾ ਕੇ ਉਸ ਦੇ ਉਹ ਹੱਥ ਚੁੰਮ ਸਕਦੇ, ਜਿਨ੍ਹਾਂ ਨੇ ਯਹੂਦੀਆਂ ਨੂੰ ਜਗਾਉਣ ਵਾਲੀਆਂ ਲਿਖਤਾਂ ਲਿਖੀਆਂ। ਪਰ ਸਾਡੇ ਸਿੱਖ ਸਮਾਜ ਵਿੱਚ ਤਾਂ ਲਿਖ ਕੇ ਜਾਂ ਬੋਲ ਕੇ 'ਜਗਾਉਣ ਵਾਲ਼ੇ' ਨੂੰ ਹੀ 'ਸਿਆਪੇ ਦੀ ਜੜ੍ਹ' ਮੰਨ ਲਿਆ ਜਾਂਦਾ ਹੈ। ਸਾਡੇ ਸਿੱਖ ਆਏ ਦਿਨ ਜੁੱਤੀਆਂ ਖਾਈ ਜਾਂਦੇ ਹਨ ਤੇ ਕਿਸੇ ਸੋਚ ਵਾਲ਼ੇ ਦਾ ਸਾਥ ਦੇਣ ਦੀ ਥਾਂ ਕੀੜੇ ਕੱਢੀ ਜਾਣਗੇ। ਗੁੱਸਾ, ਹਾਸਾ ਤੇ ਤਰਸ ਤਾਂ ਉਹਨਾਂ ਸਿੱਖਾਂ ਉੱਤੇ ਆਉਂਦਾ ਹੈ ਜਿਹੜੇ ਅਜੇ ਵੀ ਭਾਰਤੀ ਹਕੂਮਤੀ ਸਿਸਟਮ ਤੋਂ ਇਨਸਾਫ਼ ਭਾਲਦੇ ਨੇ। ਅਖੇ ਜੀ 'ਇਨਸਾਫ ਲਈ ਲੜ ਰਹੇ ਹਾਂ।' ਕੋਈ ਵਕੀਲ, ਕੋਈ ਜੱਜ, ਕੋਈ ਆਗੂ ਇਹ ਨਹੀਂ ਦੱਸਦਾ ਕਿ ਸਿੱਖੋ! ਕੋਈ ਆਸ ਨਾ ਰੱਖੋ, ਇਸ ਸਿਸਟਮ ਤੋਂ। ਜਿਨ੍ਹਾਂ ਸਿੱਖਾਂ ਨੂੰ ਸਿੱਖਾਂ ਦੇ ਇਹਨਾਂ ਮਸਲਿਆਂ ਕਰਕੇ ਬਿਜੀ ਰਹਿਣ ਦਾ ਸਲੀਕਾ ਆ ਗਿਆ ਹੈ, ਉਹ ਇਸ ਬੇਕਾਰ ਸਰਗਰਮੀ ਨੂੰ ਹੀ 'ਮਹਾਨ ਪੰਥਕ ਸੇਵਾ' ਸਮਝੀ ਬੈਠੇ ਹਨ। ਤੇ ਸਾਡਾ ਭਾਈਚਾਰਾ ਵੀ ਇਹੀ ਕੁਝ ਕਰਨ ਵਾਲ਼ਿਆਂ ਨੂੰ ਸੂਝਵਾਨ ਸਿੱਖ ਸਮਝਦਾ ਹੈ ਤੇ ਜਿਹੜੇ ਸਿੱਖ ਕਹਿੰਦੇ ਹਨ ਕਿ ਇਸ ਸਿਸਟਮ ਦਾ ਖਹਿੜਾ ਛੱਡੋ, ਉਹਨਾਂ ਨੂੰ ਵੇਖ ਕੇ ਕਹਿੰਦੇ ਨੇ, ‘ਇਹ ਮਰਵਾਉਣਗੇ’। ਜਿਵੇਂ ਹੁਣ ਜਿਊਂਦੇ ਹੋਣ। ਹਰ ਰੋਜ਼ ਸਿੱਖਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ ਤੇ ਕਿਤੇ ਸੁਣਵਾਈ ਨਹੀਂ ਹੁੰਦੀ। ਸਿੱਖਾਂ ਨੂੰ ਜ਼ਲੀਲ ਕਰਨ ਵਾਲਿਆਂ ਨੂੰ ਪਤਾ ਹੈ ਕਿ ਸਿੱਖਾਂ ਦੇ ਛਿੱਤਰ ਫੇਰਨ ਵਾਲ਼ਿਆਂ ਮਗਰ ਹਕੂਮਤ ਦੀ ਤਾਕਤ ਖੁਦ-ਬ-ਖੁਦ ਭੁਗਤੇਗੀ। ਸਿੱਖੀ ਤੇ ਸਿੱਖਾਂ ਦੇ ਹਰ ਦੋਖੀ ਪਿੱਛੇ ਹਕੂਮਤ ਦੀ ਸਰਪ੍ਰਸਤੀ ਜਾਂ ਪਹਿਲਾਂ ਹੀ ਹੁੰਦੀ ਹੈ ਜਾਂ ਬਾਅਦ ਵਿੱਚ ਆ ਜਾਂਦੀ ਹੈ ਤੇ ਸਿੱਖ ਇਸ ਹਕੂਮਤ ਤੋਂ ਇਨਸਾਫ਼ ਭਾਲ਼ਦੇ ਹਨ।
ਸਾਡੇ ਸਾਹਮਣੇ ਹੈ ਕਿ ਸਿੱਖੀ ਦੀ ਗੱਲ ਕਰਨ ਵਾਲ਼ਾ ਕਿਤੇ ਵੀ ਹੋਵੇ, ਭਾਰਤੀ ਹਕੂਮਤੀ ਪ੍ਰਣਾਲੀ ਦੀ ਨਿਗਾਹ ਵਿੱਚ ਉਹ ਖਤਰਨਾਕ ਦਹਿਸ਼ਤਗਰਦ ਹੈ, ਜਿਸ ਦਾ ਸਫਾਇਆ ਕਰਨਾ ਜਾਂ ਖਾਮੋਸ਼ ਹੋਣਾ ਸਭ ਤੋਂ ਜ਼ਰੂਰੀ ਹੈ। ਭਾਰਤੀ ਹਾਕਮਾਂ ਨੂੰ ਬਾਦਲ ਵਰਗੇ ਸਿੱਖ ਪ੍ਰਵਾਨ ਹਨ, ਜਿਹੜੇ ਕਹਿਣ ਕਿ ਮੈਨੂੰ ਤਾਂ ਕੁਰਸੀ ਚਾਹੀਦੀ ਹੈ, ਸਿੱਖੀ ਦਾ ਜੋ ਮਰਜ਼ੀ ਹਾਲ ਹੋ ਜਾਵੇ।
ਸ਼ੇਰ ਹੁੰਦਾ ਤਾਂ ਸ਼ੇਰ ਹੀ ਹੈ, ਪਰ ਜਦ ਉਹ ਸਰਕਸ ਵਿੱਚ ਕੰਮ ਕਰਨ ਲੱਗ ਪਵੇ ਤਾਂ ਉਸ ਦਾ ਕੋਈ ਟੌਹਰ ਨਹੀਂ ਹੁੰਦਾ। ਮੈਨੂੰ ਉਹਨਾਂ ਸਿੱਖਾਂ ਉੱਤੇ ਫ਼ਖ਼ਰ ਹੈ ਜਿਨ੍ਹਾਂ ਨੇ 'ਸਰਕਸ ਦੇ ਸ਼ੇਰ' ਬਣਨ ਤੋਂ ਨਾਂਹ ਕੀਤੀ ਹੋਈ ਹੈ। ਸਾਨੂੰ ਉਹ ਵਰਤਾਰੇ, ਸਿੱਖ ਤੇ ਵਿਚਾਰ ਚੰਗੇ ਨਹੀਂ ਲੱਗਦੇ ਜਿਹੜੇ ਸਿੱਖ ਮਨਾਂ ਵਿੱਚ ਗ਼ੁਲਾਮੀ ਤੇ ਮਾਯੂਸੀ ਭਰਦੇ ਹੋਣ। ਬਦਕਿਸਮਤੀ ਵੱਸ ਹੁਣ ਸਿੱਖ ਉਹਨਾਂ ਲੋਕਾਂ ਨੂੰ ਹੀ ਬਹੁਤੀ ਹਮਾਇਤ ਦਿੰਦੇ ਹਨ ਜੋ ਸਰਕਸ ਦੇ ਸ਼ੇਰ ਬਣ ਕੇ ਕੌਮ ਵਿੱਚ ਨਿਰਾਸ਼ਾ ਵਧਾਉਣ ਵਾਲ਼ੇ ਵਰਤਾਰੇ ਸਿਰਜਣ। ਪਤਾ ਨਹੀਂ ਕਿਉਂ ਸਿੱਖ ਉਹਨਾਂ ਸਿੱਖਾਂ, ਵਿਚਾਰਾਂ ਤੇ ਵਰਤਾਰਿਆਂ ਵੱਲੋਂ ਮੂੰਹ ਮੋੜ ਰਹੇ ਨੇ ਜਿਹੜੇ ਜ਼ਾਲਮ ਹਕੂਮਤ ਨੂੰ ਸਿਧੇ ਮੱਥੇ ਲਲਕਾਰਦੇ ਹੋਣ। ਸਿੱਖ ਸਮਾਜ ਦਾ ਵੱਡਾ ਹਿੱਸਾ ਜੁਝਾਰੂ ਬਿਰਤੀ ਦੀ ਥਾਂ ਦੜ ਵੱਟਣ ਦੀ ਸੋਚ ਰੱਖਦਾ ਹੋਣ ਕਰਕੇ ਅੱਜ ਸਾਡੇ ਟਿਕਾ-ਟਿਕਾ ਜੁੱਤੀਆਂ ਪੈ ਰਹੀਆਂ ਹਨ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.