ਬੀਬਾ ਸਤਵੰਤ ਕੌਰ ਖ਼ਿਲਾਫ਼ ਬੀਬੀ ਜਗੀਰ ਕੌਰ ਦੀ ਬਿਆਨਬਾਜ਼ੀ ਅਤੇ ਬੁਖਲਾਹਟ ਨੂੰ ਸਹਿਣ ਨਹੀਂ ਕਰੇਗਾ ਖਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਬੀਬਾ ਸਤਵੰਤ ਕੌਰ ਖ਼ਿਲਾਫ਼ ਬੀਬੀ ਜਗੀਰ ਕੌਰ ਦੀ ਬਿਆਨਬਾਜ਼ੀ ਅਤੇ ਬੁਖਲਾਹਟ ਨੂੰ ਸਹਿਣ ਨਹੀਂ ਕਰੇਗਾ ਖਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਜਲੰਧਰ, 31 ਜੁਲਾਈ , ਅਮਰਜੀਤ ਸਿੰਘ ਭਾਨਾ : ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਅਤੇ ਪੰਥਕ ਕੌਂਸਲ ਦੀ ਚੇਅਰਪਰਸਨ ਬੀਬਾ ਸਤਵੰਤ ਕੌਰ ਉੱਤੇ ਟਿੱਪਣੀ ਕਰ ਰਹੇ ਹਨ ਅਤੇ ਆਪਣੀ ਪਾਰਟੀ ਦੇ ਆਗੂਆਂ ਨੂੰ ਕਹਿ ਰਹੇ ਹਨ ਕਿ ਬੀਬੀ ਸਤਵੰਤ ਕੌਰ ਦੀ ਤਸਵੀਰ ਕਿਉਂ ਲਗਾਈ ਤੇ ਮੇਰੀ ਕਿਉਂ ਨਹੀਂ ਲਗਾਈ ਗਈ। ਬੀਬੀ ਜਗੀਰ ਕੌਰ ਦੇ ਇਹਨਾਂ ਲਫਜ਼ਾਂ ਉੱਤੇ ਦਮਦਮੀ ਟਕਸਾਲ ਇੰਟਰਨੈਸ਼ਨਲ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਇਤਰਾਜ ਜਤਾਇਆ ਹੈ। ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੌਜੂਦਾ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਬੁਲਾਰੇ ਬਾਬਾ ਲਹਿਣਾ ਸਿੰਘ ਨੇ ਆਖਿਆ ਕਿ ਬੀਬੀ ਜਗੀਰ ਕੌਰ ਦੀ ਬੀਬਾ ਸਤਵੰਤ ਕੌਰ ਖ਼ਿਲਾਫ਼ ਬੁਖਲਾਹਟ ਸਾਫ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਬੀਬੀ ਸਤਵੰਤ ਕੌਰ ਨੂੰ ਪੰਥਕ ਸਫ਼ਾਂ ਅਤੇ ਪੰਥਕ ਸਿਆਸਤ ਵਿੱਚੋਂ ਬੀਬੀ ਜਗੀਰ ਕੌਰ ਹਾਸ਼ੀਏ ਉੱਤੇ ਧੱਕਣ ਲਈ ਆਪਣੀ ਪੰਥ ਵਿਰੋਧੀ ਭੂਮਿਕਾ ਨਿਭਾ ਰਹੀ ਹੈ। ਉਹਨਾਂ ਕਿਹਾ ਕਿ ਬੀਬੀ ਸਤਵੰਤ ਕੌਰ ਇੱਕ ਮਹਾਨ ਕੁਰਬਾਨੀ ਵਾਲੇ ਪਰਿਵਾਰ ਵਿੱਚੋਂ ਹਨ ਤੇ ਬੀਬਾ ਸਤਵੰਤ ਕੌਰ ਦਾ ਆਪਣਾ ਜੀਵਨ, ਕਿਰਦਾਰ ਅਤੇ ਵਿਚਾਰ ਵੀ ਰੋਮ-ਰੋਮ ਕਰਕੇ ਪੰਥ ਨੂੰ ਸਮਰਪਿਤ ਹਨ ਤੇ ਉਹ ਅਡੋਲ ਹੋ ਕੇ ਸਿਧਾਂਤਾਂ ਉੱਤੇ ਖੜ੍ਹੇ ਹਨ। ਜਦਕਿ ਦੂਸਰੇ ਪਾਸੇ ਬੀਬੀ ਜਗੀਰ ਕੌਰ ਹਮੇਸ਼ਾਂ ਹੀ ਆਪਣੀ ਸਿਆਸਤ ਚਮਕਾਉਣ ਲਈ ਤੇ ਕੁਰਸੀ ਦੀ ਭੁੱਖ ਵਿੱਚ ਪੰਥ ਦੀ ਪਿੱਠ ਵਿੱਚ ਛੁਰਾ ਮਾਰਦੇ ਰਹੇ ਹਨ। ਉਹਨਾਂ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸੰਨ 2019 ਦੀ ਲੋਕ ਸਭਾ ਚੋਣ ਵਿੱਚ ਹਲਕਾ ਖਡੂਰ ਸਾਹਿਬ ਤੋਂ ਹਰਾਉਣ ਲਈ ਬੀਬੀ ਜਗੀਰ ਕੌਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਬੀਬਾ ਸਤਵੰਤ ਕੌਰ ਦੀ ਬੀਬੀ ਜਗੀਰ ਕੌਰ ਅਤੇ ਕਿਸੇ ਹੋਲਮਰ ਵੱਲੋਂ ਵੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਨੂੰ ਖ਼ਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਸੰਗਤਾਂ ਵੱਲੋਂ ਹੁੰਗਾਰਾ ਹੀ ਬੀਬਾ ਸਤਵੰਤ ਕੌਰ ਦੀ ਸੱਚੀ-ਸੁੱਚੀ ਸ਼ਖਸੀਅਤ ਕਰਕੇ ਮਿਲਿਆ ਸੀ। ਪੰਥਕ ਆਗੂਆਂ ਨੇ ਸਾਬਕਾ ਜਥੇਦਾਰ ਅਤੇ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਉਹ ਬੀਬੀ ਜਗੀਰ ਕੌਰ ਦੀ ਜ਼ੁਬਾਨ ਨੂੰ ਲਗਾਮ ਦੇਣ, ਅਸੀਂ ਆਪਣੇ ਕੌਮੀ ਨਾਇਕਾਂ ਅਤੇ ਸ਼ਹੀਦ ਪਰਿਵਾਰਾਂ ਖਿਲਾਫ ਇੱਕ ਵੀ ਲਫਜ਼ ਸਹਿਣ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਦੀਆਂ ਗੱਦਾਰੀਆਂ ਕੋਈ ਲੁਕੀਆਂ-ਛਿਪੀਆਂ ਨਹੀਂ ਹਨ, ਇਹਨਾਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਪੱਲਾ ਨਹੀਂ ਸੀ ਛੱਡਿਆ ਤੇ ਸਿੱਖ ਸੰਗਤਾਂ ਨੂੰ ਹਰ ਸਮੇਂ ਭਾਰੀ ਸੰਤਾਪ ਦਿੱਤਾ ਸੀ। ਫੈਡਰੇਸ਼ਨ ਆਗੂਆਂ ਨੇ ਬੀਬਾ ਸਤਵੰਤ ਕੌਰ ਨੂੰ ਅਪੀਲ ਵੀ ਕੀਤੀ ਕਿ ਉਹ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਿਆਂ ਕਰਨ ਦੀ ਭੂਮਿਕਾ ਨਿਭਾਉਣ, ਹਰੇਕ ਪੰਥਕ ਧਿਰ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਬੈਠੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.