ਖ਼ੁਦਕੁਸ਼ੀ ਕਰਨ ਵਾਲਾ ਕੋਈ ਹੋਰ ਨਹੀਂ, ਜ਼ਾਲਮ ਅਫ਼ਸਰ ਅਜੀਤ ਸੰਧੂ ਹੀ ਸੀ
- ਰਾਜਨੀਤੀ
- 09 Jul, 2026 11:14 AM (Asia/Kolkata)
ਜਿਉਂਦਾ ਹੋਣ ਦੀਆਂ ਅਫ਼ਵਾਹਾਂ ਨੇ, ਉਹ 1997 'ਚ ਮਰ ਗਿਆ ਸੀ
ਮਿਤੀ 23 ਮਈ 1997 ਨੂੰ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰਨ ਵਾਲ਼ਾ ਕੋਈ ਹੋਰ ਨਹੀਂ ਬਲਕਿ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਹੀ ਸੀ। ਉਹ ਬੁੱਚੜ ਅਤੇ ਬਦਨਾਮ ਪੁਲਿਸ ਅਫ਼ਸਰ ਸੀ ਜਿਸ ਨੇ ਖਾੜਕੂਵਾਦ ਨੂੰ ਖ਼ਤਮ ਕਰਨ ਦੀ ਆੜ ਹੇਠ ਹਜ਼ਾਰਾਂ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਸੀ। ਉਸ ਨੇ ਪੁਲਿਸ ਮੁਖੀ ਕੇ.ਪੀ.ਐੱਸ ਗਿੱਲ ਦੇ ਨਾਲ਼ ਮਿਲ ਕੇ ਬਹੁਤ ਆਤੰਕ ਮਚਾਇਆ ਸੀ। ਉਸ ਦੀ ਮੌਤ ਇਸੇ ਤਰ੍ਹਾਂ ਹੀ ਹੋਣੀ ਸੀ ਜਿਵੇਂ ਹੋਈ ਹੈ।
ਕਿਉਂਕਿ ਮਹਾਂਪੁਰਖ ਬਾਬਾ ਚਰਨ ਸਿੰਘ ਕਾਰ ਸੇਵਾ ਬੀੜ ਸਾਹਿਬ ਵਾਲਿਆਂ ਨੇ ਅਜੀਤ ਸੰਧੂ ਨੂੰ ਆਪਣੇ ਅਖੀਰਲੇ ਸਮੇਂ ਕਿਹਾ ਸੀ ਕਿ "ਮੇਰੀ ਕੌਮ ਅਤੇ ਮੇਰੇ ਵਾਰਸਾਂ ਨੂੰ ਮੇਰੀ ਸ਼ਹੀਦੀ ਦਾ ਤਾਂ ਪਤਾ ਲੱਗ ਹੀ ਜਾਏਗਾ ਕਿ ਕਦੋਂ, ਕਿੱਥੇ ਤੇ ਕਿਵੇਂ ਹੋਈ, ਗੁਰੂ ਬਖ਼ਸ਼ਿਸ਼ ਸਦਕਾ ਕੋਈ ਭਰਮ-ਭੁਲੇਖਾ ਨਹੀਂ ਰਹੇਗਾ, ਗੁਰੂ-ਪੰਥ ਮੇਰੇ ਉੱਤੇ ਹਮੇਸ਼ਾਂ ਫ਼ਖ਼ਰ ਕਰੇਗਾ, ਪਰ ਤੇਰੀ ਮੌਤ ਦਾ ਭਰਮ-ਭੁਲੇਖਾ ਜ਼ਰੂਰ ਖੜ੍ਹਾ ਹੋਵੇਗਾ, ਕਈ ਅਫ਼ਵਾਹਾਂ ਫੈਲਣਗੀਆਂ ਤੇ ਕਈ ਚਰਚਾਵਾਂ ਹੋਣਗੀਆਂ ਕਿ ਤੇਰੀ ਮੌਤ ਹੋਈ ਵੀ ਹੈ ਕਿ ਨਹੀਂ, ਤੂੰ ਜਿਉਂਦਾ ਹੈ ਜਾਂ ਮਰ ਗਿਆਂ !!!"
ਬਾਬਾ ਚਰਨ ਸਿੰਘ ਜੀ ਨੂੰ ਅਜੀਤ ਸੰਧੂ, ਖ਼ੂਬੀ ਰਾਮ ਅਤੇ ਥਾਣੇਦਾਰ ਸੂਬਾ ਸਰਹੰਦ ਨੇ ਦੋ ਜੀਪਾਂ ਪਿੱਛੇ ਬੰਨ੍ਹ ਕੇ ਵਿਚਾਲਿਓਂ ਪਾੜ ਕੇ ਸ਼ਹੀਦ ਕਰ ਦਿੱਤਾ ਸੀ। ਗੁਰਬਾਣੀ ਦਾ ਫੁਰਮਾਨ ਹੈ:- "ਇਕ ਸਾਧ ਬਚਨ ਅਟਲਾਧਾ।।" ਉਸ ਸਾਧੂ ਦੇ ਬਚਨ ਅਤੇ ਭਵਿੱਖਬਾਣੀ ਸੱਚੀ ਸਾਬਤ ਹੋਈ। ਅਜੀਤ ਸੰਧੂ ਪਾਪਾਂ ਅਤੇ ਗੁਨਾਹਾਂ ਦੇ ਬੋਝ ਹੇਠ ਦੱਬਿਆ ਗਿਆ ਸੀ, ਸ਼ਹੀਦਾਂ ਦੀਆਂ ਰੂਹਾਂ ਉਸ ਨੂੰ ਸਤਾ ਰਹੀਆਂ ਸਨ।
ਸਿੱਖ ਸੰਘਰਸ਼ ਦੇ ਨਾਇਕ, ਮਨੁੱਖੀ ਹੱਕਾਂ ਦੇ ਪਹਿਰੇਦਾਰ ਅਤੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਵਾਰਿਸ ਭਾਈ ਜਸਵੰਤ ਸਿੰਘ ਖਾਲੜਾ ਨੇ ਅਜੀਤ ਸੰਧੂ ਵਿਰੁੱਧ ਆਵਾਜ਼ ਬੁਲੰਦ ਕਰਕੇ ਕਾਨੂੰਨੀ ਪੱਖੋਂ ਉਸ ਦੀ ਪੂਰੀ ਘੇਰਾਬੰਦੀ ਕਰ ਦਿੱਤੀ ਸੀ ਤੇ ਉਹ ਏਨਾ ਬੁਖ਼ਲਾ ਗਿਆ ਸੀ ਕਿ ਉਸ ਨੇ 6 ਸਤੰਬਰ 1995 ਨੂੰ ਭਾਈ ਖਾਲੜਾ ਨੂੰ ਵੀ ਚੁਕਵਾ ਕੇ ਕਈ ਦਿਨ ਘੋਰ ਤਸੀਹੇ ਦੇ ਕੇ, ਝਬਾਲ ਥਾਣੇ ਵਿੱਚ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਲਾਸ਼ ਹਰੀਕੇ ਦਰਿਆ ਵਿੱਚ ਸੁੱਟ ਦਿੱਤੀ ਸੀ। ਭਾਈ ਖਾਲੜਾ 27 ਫਰਵਰੀ 1995 ਨੂੰ ਪਹਿਲਾਂ ਹੀ ਕਹਿ ਚੁੱਕੇ ਸਨ ਕਿ "ਸਾਨੂੰ ਮਾਰ ਕੇ ਵੀ ਹੁਣ ਪੁਲਿਸ ਤੋਂ ਸੱਚ 'ਤੇ ਪਰਦਾ ਨਹੀਂ ਪਾ ਹੋਣਾ।" ਅਜੀਤ ਸੰਧੂ ਨੂੰ ਪੁਲੀਸ ਹਿਰਾਸਤ ਵਿੱਚ ਹੀ ਭਾਈ ਖਾਲੜਾ ਨੇ ਕਿਹਾ ਸੀ ਕਿ "ਮੈਂ ਤੇਰੇ ਅੱਗੇ ਝੁਕਾਂਗਾ ਨਹੀਂ, ਮੈਂ ਸ਼ਹੀਦ ਹੋਵਾਂਗਾ ਤੇ ਤੂੰ ਮਰੇਂਗਾ, ਖ਼ੁਦਕੁਸ਼ੀ ਕਰੇਂਗਾ!"
ਅਜੀਤ ਸੰਧੂ ਉੱਤੇ ਸਿੱਖ ਨੌਜਵਾਨਾਂ ਨੂੰ ਅਗਵਾ ਕਰਨ, ਲਾਪਤਾ ਕਰਨ, ਕਤਲ ਕਰਨ ਅਤੇ ਲਾਵਾਰਿਸ ਲਾਸ਼ਾਂ ਕਹਿ ਕੇ ਸਾੜਨ ਦੇ ਦੋਸ਼ਾਂ ਤਹਿਤ ਤਕਰੀਬਨ 16 ਅਦਾਲਤੀ ਕੇਸ ਚੱਲ ਰਹੇ ਸਨ ਜਿਸ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਰਤ ਦੀ ਅਜ਼ਾਦੀ ਦੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਭਾਈ ਕੁਲਜੀਤ ਸਿੰਘ ਢੱਟ ਨੂੰ ਮਾਰਨ ਦਾ ਕੇਸ ਵੀ ਸੀ। ਹਾਲਾਂਕਿ ਉਹ ਘੱਟੋ-ਘੱਟ 513 ਮਾਮਲਿਆਂ ਵਿੱਚ ਦੋਸ਼ੀ ਮੰਨਿਆ ਜਾਂਦਾ ਹੈ। ਜਦੋਂ ਅਜੀਤ ਸੰਧੂ ਸੰਨ 1996 ਵਿੱਚ ਜਲੰਧਰ ਜੇਲ੍ਹ ਵਿੱਚ ਕੈਦ ਹੋਇਆ ਸੀ ਤਾਂ ਓਥੇ ਜੁਝਾਰੂ ਭਾਈ ਨਿਸ਼ਾਨ ਸਿੰਘ ਕਲਾਨੌਰ ਨੇ ਮੌਕਾ ਤਾੜ ਕੇ ਇਸ ਦੁਸ਼ਟ ਉੱਤੇ ਹਮਲਾ ਕਰ ਦਿੱਤਾ, ਕੜੇ ਮਾਰ-ਮਾਰ ਕੇ ਇਸ ਦਾ ਸਿਰ ਅਤੇ ਮੂੰਹ ਚੰਗੀ ਤਰ੍ਹਾਂ ਭੰਨਿਆ ਤੇ ਇਸ ਨੂੰ ਧੂਹ-ਧੂਹ ਕੇ ਰੱਜ ਕੇ ਕੁੱਟਿਆ ਤੇ ਇਸ ਦੇ ਜੁਰਮ ਯਾਦ ਕਰਾਏ ਸਨ।
ਇੱਕ ਮਹੀਨੇ ਬਾਅਦ ਅਜੀਤ ਸੰਧੂ ਜੇਲ੍ਹ ਵਿੱਚੋ ਪੈਰੋਲ 'ਤੇ ਬਾਹਰ ਤਾਂ ਆ ਗਿਆ ਪਰ ਜੋ ਇਸ ਦੀ ਜਲਾਲਤ ਹੋਈ, ਇਹ ਯਾਦ ਕਰ-ਕਰ ਕੇ ਝੂਰਦਾ ਰਿਹਾ ਤੇ ਅੰਦਰੋਂ-ਅੰਦਰੀ ਮਰਦਾ ਰਿਹਾ। ਇਸ ਦੇ ਬੌਸ ਬੁੱਚੜ ਕੇ.ਪੀ.ਐੱਸ. ਗਿੱਲ ਨੇ ਵੀ ਇਸ ਨੂੰ ਵਰਤ ਕੇ ਸੁੱਟ ਦਿੱਤਾ ਸੀ ਹੁਣ ਤਾਂ ਉਹ ਇਸ ਦਾ ਫ਼ੋਨ ਵੀ ਨਹੀਂ ਸੀ ਚੁੱਕਦਾ। ਇਸ ਤੋਂ ਪਹਿਲਾਂ ਸੰਧੂ ਨੂੰ ਦੋ ਵਾਰ ਰਾਸ਼ਟਰਪਤੀ ਵੱਲੋਂ ਸਿੱਖਾਂ ਨੂੰ ਮਾਰਨ ਦੇ ਬਹਾਦਰੀ ਪੁਰਸਕਾਰ ਮਿਲ ਚੁੱਕੇ ਸਨ। ਹੁਣ ਇਹ ਸੀ.ਬੀ.ਆਈ. ਦੀ ਜਾਂਚ ਤੋਂ ਬੜਾ ਦੁਖੀ ਸੀ ਤੇ ਵੱਖ-ਵੱਖ ਕੇਸਾਂ ਵਿੱਚ ਲੰਬਾ ਸਮਾਂ ਜੇਲ੍ਹ ਜਾਣ ਦਾ ਡਰ ਇਸ ਦੇ ਅੰਦਰ ਵੱਧਦਾ ਜਾ ਰਿਹਾ ਸੀ। ਸਰਕਾਰੀ ਸੁਰੱਖਿਆ ਵਿੱਚ ਘਿਰੇ ਹੋਣ ਦੇ ਬਾਵਜੂਦ ਇਸ ਨੂੰ ਲੱਗਦਾ ਰਹਿੰਦਾ ਸੀ ਕਿ ਸਿੰਘ ਮੈਨੂੰ ਮਾਰ ਦੇਣਗੇ, ਪ੍ਰੇਸ਼ਾਨੀ ਨਾਲ ਇਸ ਦੀ ਹਾਲਤ ਪਾਗਲਾਂ ਵਾਲੀ ਹੋ ਗਈ ਸੀ। ਪੁਲਿਸ ਦੇ ਵੱਡੇ ਅਫ਼ਸਰਾਂ ਅਤੇ ਦਿੱਲੀ ਦਰਬਾਰ ਨੇ ਇਸ ਦੀ ਸਾਰ ਲੈਣੀ ਬੰਦ ਕਰ ਦਿੱਤੀ ਸੀ। ਤਿਲ-ਤਿਲ ਕਰਕੇ ਹਰ ਰੋਜ਼ ਮਰਨ ਨਾਲ਼ੋਂ ਇਸ ਨੇ ਚੰਡੀਗੜ੍ਹ ਨੇੜੇ ਡੇਰਾ ਬੱਸੀ ਕੋਲ਼ ਰੇਲਵੇ ਲਾਈਨ 'ਤੇ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ ਜਿਸ ਵਿੱਚ ਇਸ ਦੀ ਧੌਣ ਕੱਟੀ ਗਈ ਪਰ ਚਿਹਰਾ ਬੇ-ਪਛਾਣ ਨਹੀਂ ਸੀ ਹੋਇਆ। ਸੰਧੂ ਨੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਸੀ ਕਿ "ਬੇਇੱਜ਼ਤੀ ਦੀ ਜ਼ਿੰਦਗੀ ਨਾਲ਼ੋਂ ਮਰਨਾ ਹੀ ਚੰਗਾ ਹੈ।"
ਇਸ ਦੇ ਪਰਿਵਾਰ ਨੇ ਲਾਸ਼ ਦੀ ਸ਼ਨਾਖ਼ਤ ਕੀਤੀ। ਇਸ ਦੀ ਮਾਂ, ਪਤਨੀ ਅਤੇ ਧੀ ਧਾਹਾਂ ਮਾਰ ਕੇ ਰੋਂਦੀ ਸੀ। ਅਜੀਤ ਸੰਧੂ ਦੀ ਮੌਤ ਮਗਰੋਂ ਬੁੱਚੜ ਪੁਲਸੀਆਂ ਦੇ ਮਨੋਬਲ ਟੁੱਟ ਗਏ ਸਨ ਤੇ ਲੋਕਾਂ ਵਿੱਚ ਪੁਲਿਸ ਅਤੇ ਸਰਕਾਰ ਦੀ ਬੜੀ ਬਦਨਾਮੀ ਹੋਈ ਕਿ ਲੋਕਾਂ ਦੇ ਬੇਦੋਸ਼ੇ ਪੁੱਤ ਮਾਰ ਕੇ ਫਿਰ ਆਪ ਖ਼ੁਦਕੁਸ਼ੀ ਕਰਕੇ ਕੁੱਤੇ ਦੀ ਮੌਤੇ ਮਰਦੇ ਹਨ। ਓਦੋਂ ਹੀ ਕੁਝ ਲੋਕਾਂ ਵਿੱਚ ਸੁਭਾਵਿਕ ਹੀ ਇਹ ਚਰਚਾ ਚੱਲ ਪਈ ਕਿ ਇਹ ਪੁਲੀਸ ਅਤੇ ਸਰਕਾਰ ਦੀ ਕੋਈ ਚਾਲ ਵੀ ਹੋ ਸਕਦੀ ਹੈ ਕਿ ਰੇਲ ਗੱਡੀ ਥੱਲੇ ਕੋਈ ਹੋਰ ਬੰਦਾ ਮਾਰ ਕੇ ਉਸ ਨੂੰ ਅਜੀਤ ਸੰਧੂ ਦੱਸ ਕੇ ਉਸ ਨੂੰ ਕੇਸਾਂ ਵਿੱਚੋਂ ਬਚਾਇਆ ਗਿਆ ਹੈ ਤੇ ਵਿਦੇਸ਼ ਵਿੱਚ ਸੈੱਟ ਕਰ ਦਿੱਤਾ ਗਿਆ ਹੈ।
ਉੱਪਰੋਂ ਉਸ ਦੇ ਸਸਕਾਰ 'ਤੇ ਪਹੁੰਚੇ ਨਵਾਂ ਜ਼ਮਾਨਾ ਅਖ਼ਬਾਰ ਦੇ ਸੰਪਾਦਕ ਕਾਮਰੇਡ ਜਗਜੀਤ ਸਿੰਘ ਅਨੰਦ ਵਰਗਿਆਂ ਨੇ ਵੇਖਿਆ ਕਿ ਅਜੀਤ ਸੰਧੂ ਦੀ ਮੌਤ ਨਾਲ਼ ਪੁਲਸੀਏ ਟੁੱਟ ਜਾਣਗੇ ਤੇ ਖਾੜਕੂ ਕਹਿ ਕੇ ਮਾਰੇ ਸਿੱਖਾਂ ਦੇ ਪਰਿਵਾਰਾਂ ਨੂੰ ਦਿਲਾਸਾ ਮਿਲੇਗਾ ਤਾਂ ਕਾਮਰੇਡਾਂ ਨੇ ਇਹ ਗੱਲ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰੀ ਅਤੇ ਫੈਲਾਈ ਕਿ ਅਜੀਤ ਸੰਧੂ ਵਿਦੇਸ਼ ਵਿੱਚ ਹੈ, ਉਸ ਨੇ ਕੈਨੇਡਾ-ਅਮਰੀਕਾ ਵਿੱਚ ਪੈਟਰੋਲ ਪੰਪ ਖੋਲ੍ਹੇ ਹੋਏ ਹਨ ਤੇ ਉਹ ਉਸ ਨੂੰ ਮਿਲ ਕੇ ਵੀ ਆਏ ਹਨ। ਕਿਹਾ ਜਾਂਦਾ ਹੈ ਕਿ ਕਾਮਰੇਡ ਜਗਜੀਤ ਸਿੰਘ ਅਨੰਦ ਨੇ ਹੀ ਅਜੀਤ ਸੰਧੂ ਨੂੰ ਪਹਿਲਾਂ ਇਹ ਸਲਾਹ ਦਿੱਤੀ ਸੀ ਕਿ ਉਹ ਸਿੱਖ ਨੌਜਵਾਨਾਂ ਦੇ ਮੁਕਾਬਲੇ ਬਣਾਉਣ, ਅਖ਼ਬਾਰਾਂ 'ਚ ਵਿਖਾਉਣ, ਹਿਰਾਸਤ ਵਿੱਚੋਂ ਭੱਜਣ ਦਾ ਬਹਾਨਾ ਘੜਨ ਅਤੇ ਲਾਵਾਰਿਸ ਲਾਸ਼ਾਂ ਕਰਾਰ ਦੇ ਕੇ ਸਾੜਨ ਦੀ ਬਜਾਏ ਉਹਨਾਂ ਨੂੰ ਚੁੱਕ ਕੇ ਗੋਲ਼ੀਆਂ ਮਾਰ ਕੇ ਦਰਿਆ ਵਿੱਚ ਰੋੜ੍ਹ ਦਿਆ ਕਰੇ।
ਕੇ.ਪੀ.ਐੱਸ. ਗਿੱਲ ਨੇ ਉਸ ਦੇ ਘਰ ਆ ਕੇ ਭਰੀ ਸਭਾ ਵਿੱਚ ਕਿਹਾ ਸੀ ਕਿ "ਅਜੀਤ ਸੰਧੂ ਦੀ ਮੌਤ ਨਾਲ਼ ਪੁਲਿਸ ਅਫ਼ਸਰਾਂ ਵਿੱਚ ਨਮੋਸ਼ੀ ਫੈਲ ਗਈ ਹੈ, ਸਰਕਾਰ 'ਸੰਵਿਧਾਨਕ ਕਮਿਸ਼ਨ' ਸਥਾਪਿਤ ਕਰਕੇ ਸਾਨੂੰ ਸਜ਼ਾਵਾਂ ਤੋਂ ਬਚਾਵੇ।" ਕਾਮਰੇਡ ਜਗਜੀਤ ਸਿੰਘ ਅਨੰਦ ਨੇ ਦੋਸ਼ੀ ਅਤੇ ਬਦਨਾਮ ਪੁਲਿਸ ਅਫ਼ਸਰਾਂ ਲਈ ਇੱਕ ਜਥੇਬੰਦੀ ‘ਜ਼ਿੰਦਾ ਸ਼ਹੀਦ ਪੁਲਿਸ ਐਸੋਸੀਏਸ਼ਨ’ ਬਣਾਈ ਅਤੇ ਉਹ ਇਹਨਾਂ ਦੇ ਕੇਸ ਰੱਦ ਕਰਵਾਉਣ ਲਈ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ, ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਗਵਰਨਰ ਸਿਧਾਰਥ ਸ਼ੰਕਰ ਰੇਅ ਕੋਲ ਹਾੜੇ ਕੱਢਦਾ ਸੀ। ਜਤਿੰਦਰ ਪੰਨੂ ਵਰਗੇ ਕਾਮਰੇਡ ਵੀ ਇਹਨਾਂ ਪੁਲਿਸ ਵਾਲਿਆਂ ਦੇ ਹੱਕ ਵਿੱਚ ਭੁਗਤਦੇ ਰਹੇ ਸਨ। ਇਹਨਾਂ ਅਖੌਤੀ ਕਾਮਰੇਡਾਂ ਨੇ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਬੋਲਣ ਦੀ ਬਜਾਏ ਭਾਰਤ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਨੂੰ ਜਾਇਜ਼ ਠਹਿਰਾਇਆ ਸੀ। ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਇਆ ਤੇ ਕਾਮਰੇਡਾਂ ਨੇ ਆਪ ਸਰਕਾਰ ਕੋਲ਼ ਗੰਨਮੈਨ ਲਏ ਹੋਏ ਸਨ।
ਪਹਿਲਾ ਪਿੰਡਾਂ-ਸ਼ਹਿਰਾਂ ਦੇ ਲੋਕਾਂ ਵਿੱਚ ਤੇ ਅਖ਼ਬਾਰਾਂ-ਰਸਾਲਿਆਂ ਵਿੱਚ ਅਜੀਤ ਸੰਧੂ ਦੀ ਮੌਤ ਬਾਰੇ ਭਰਮ ਬਣਿਆ ਹੋਇਆ ਸੀ ਤੇ ਹੁਣ ਦਿਲਜੀਤ ਦੁਸਾਂਝ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣਾਈ 'ਸਤਲੁਜ' ਫ਼ਿਲਮ ਦੀ ਚਰਚਾ ਨਾਲ ਸੋਸ਼ਲ ਮੀਡੀਆ ਉੱਤੇ ਅਜੀਤ ਸੰਧੂ ਦੀ ਮੌਤ ਦੇ ਭੰਬਲਭੂਸੇ ਬਾਰੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕਈ ਉਸ ਨੂੰ ਅੱਜ ਵੀ ਜਿਉਂਦਾ ਮੰਨ ਰਹੇ ਹਨ, ਐਡਿਟ ਹੋਈਆਂ ਫੋਟੋਆਂ ਪੋਸਟ ਕਰ ਰਹੇ ਹਨ, ਉਸ ਨੂੰ ਵਿਦੇਸ਼ ਵਿੱਚ ਬਦਲੇ ਭੇਸ ਵਿੱਚ ਮੋਨਾ ਵਿਖਾਇਆ ਜਾ ਰਿਹਾ ਹੈ। ਕੋਈ ਉਸ ਨੂੰ ਸਾਊਥ ਅਫਰੀਕਾ ਵਿੱਚ ਦੱਸ ਰਿਹਾ ਤੇ ਕੋਈ ਇੰਡੋਨੇਸ਼ੀਆ ਵਿੱਚ। ਇਸ ਗੱਲ ਦੀ ਵੀ ਚਰਚਾ ਹੈ ਕਿ ਉਸ ਨੇ ਕੇ.ਪੀ.ਐਸ. ਗਿੱਲ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ ਕਿ "ਜੇ ਮੈਂ ਟੰਗਿਆ ਗਿਆ ਤਾਂ ਬਚਣ ਤੁਹਾਨੂੰ ਵੀ ਨਹੀਂ ਦਿੰਦਾ।" ਕੇ.ਪੀ.ਐਸ. ਗਿੱਲ ਤੇ ਸੁਮੇਧ ਸੈਣੀ ਲਈ ਅਜੀਤ ਸੰਧੂ ਵੱਡੀ ਮੁਸੀਬਤ ਬਣ ਗਿਆ ਸੀ। ਫਿਰ ਭਾਰਤੀ ਸਟੇਟ ਦੇ ਸੰਦਾਂ ਨੇ ਹੀ ਉਸ ਨੂੰ ਫ਼ੋਨ ਕਰਕੇ ਸੱਦਿਆ ਤੇ ਕਿਸੇ ਤਿੱਖੀ ਚੀਜ਼ ਨਾਲ ਉਸ ਦਾ ਗਲਾ ਕੱਟ ਕੇ ਰੇਲਵੇ ਲਾਈਨ 'ਤੇ ਸੁੱਟ ਦਿੱਤਾ, ਉਸ ਦੇ ਚਿਹਰੇ ਉੱਤੇ ਸਿਰਫ ਮਮੂਲੀ ਜਿਹਾ ਨਿਸ਼ਾਨ ਸੀ।
ਪਰ ਬਹੁਤਾਂਤ ਲੋਕ ਇਹ ਆਖਦੇ ਨੇ ਕਿ ਉਹ ਖ਼ੁਦਕੁਸ਼ੀ ਕਰਕੇ ਹੀ ਨਰਕਗਾਮੀਂ ਹੋਇਆ ਸੀ, ਬਾਕੀ ਸਭ ਅਫ਼ਵਾਹਾਂ ਹਨ। ਸੰਧੂ ਦੇ ਜਿਉਂਦਾ ਹੋਣ ਬਾਰੇ ਕਿਸੇ ਕੋਲ ਕੋਈ ਤੱਥ, ਗਵਾਹ, ਸਬੂਤ ਨਹੀਂ ਨੇ, ਬਸ ਹਵਾ ਵਿੱਚ ਹੀ ਗੱਲਾਂ ਨੇ। ਉਸ ਦੀ ਮੌਤ ਉੱਤੇ ਪਹੁੰਚੇ ਪੱਤਰਕਾਰ ਬਲਜੀਤ ਬੱਲੀ, ਫੋਟੋਗ੍ਰਾਫਰ ਟੀ.ਐੱਸ. ਬੇਦੀ, ਪ੍ਰੈੱਸ ਫੋਟੋਗ੍ਰਾਫਰ ਰਾਣਾ ਜਸਪਾਲ ਸਿੰਘ ਅਤੇ ਹੋਰ ਪੱਤਰਕਾਰਾਂ ਨੇ ਵੀ ਉਸ ਨੂੰ ਪਹਿਚਾਣ ਲਿਆ ਸੀ। ਜੇ ਅਜੀਤ ਸੰਧੂ ਵਿਦੇਸ਼ ਵਿੱਚ ਹੁੰਦਾ ਤਾਂ ਹੁਣ ਤਕ ਰੌਲ਼ਾ ਜ਼ਰੂਰ ਪੈ ਜਾਣਾ ਸੀ, ਫਿਰ ਕਿਸੇ ਸਿੱਖ ਨੇ ਵੀ ਖ਼ਾਲਸਈ ਰਵਾਇਤਾਂ ਅਨੁਸਾਰ ਉਸ ਨੂੰ ਸੋਧ ਦੇਣਾ ਸੀ ਤੇ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਅਜੀਤ ਸੰਧੂ ਬਾਰੇ ਪਤਾ ਹੋਣਾ ਸੀ। ਖ਼ੈਰ, ਉਹ ਮਰਿਆ ਹੈ ਜਾਂ ਮਾਰਿਆ ਉਸ ਨੂੰ ਲਾਹਣਤਾਂ ਤਾਂ ਪੈਂਦੀਆਂ ਰਹਿਣਗੀਆਂ ਤੇ ਸ਼ਹੀਦਾਂ ਦੀ ਜੈ-ਜੈਕਾਰ ਹੁੰਦੀ ਰਹੇਗੀ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply