ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਸਿੱਖਾਂ ਦੇ ਮਨੁੱਖੀ ਹੱਕਾਂ ਉੱਤੇ ਡਾਕਾ : ਸਰਬਰਿੰਦਰ ਸਿੰਘ ਕੈਨੇਡਾ
- ਰਾਜਨੀਤੀ
- 11 Jun, 2025 07:22 PM (Asia/Kolkata)
ਅੰਮ੍ਰਿਤਸਰ , 11 ਜੂਨ , ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਭਾਈ ਸਰਬਰਿੰਦਰ ਸਿੰਘ ਕੈਨੇਡਾਨੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੌਮ ਦਾ ਰਾਜਸੀ ਨਿਸ਼ਾਨਾ ‘ਖ਼ਾਲਿਸਤਾਨ’ ਮਿੱਥਿਆ ਜਾ ਚੁੱਕਾ ਹੈ ਤੇ ਕੌਮ ਦੇ ਨਿਸ਼ਾਨੇ ਨੂੰ ਬਦਲਦਿਆ ਨਹੀਂ ਜਾ ਸਕਦਾ। ਜਾਗਦੀ ਜ਼ਮੀਰ ਵਾਲ਼ੇ ਸਿੱਖਾਂ ਨੇ ਉਸ ਭਾਰਤੀ ਸਟੇਟ ਨੂੰ ਰੱਦ ਕਰ ਦਿੱਤਾ ਹੈ, ਜਿਸ ਨੇ ਸਾਡਾ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਤੇ ਸਾਡੀ ਬਰਬਾਦੀ ’ਤੇ ਲੱਡੂ ਵੰਡੇ ਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ ਸਨ। ਹੁਣ ਪੰਜਾਬ ਦੀ ਰਾਜਨੀਤੀ 'ਚ ਚਾਹੇ ਕਿੰਨੀਆਂ ਵੀ ਤਬਦੀਲੀਆਂ ਆ ਜਾਣ, ਪਰ ਸਾਨੂੰ ਓਨਾ ਚਿਰ ਤਕ ਰੱਜ ਨਹੀਂ ਆਉਣਾ ਜਿੰਨਾ ਚਿਰ ਤਕ ਇਸ ਧਰਤੀ ’ਤੇ ਖ਼ਾਲਸਾ ਰਾਜ (ਖ਼ਾਲਿਸਤਾਨ) ਕਾਇਮ ਨਹੀਂ ਹੋ ਜਾਂਦਾ। ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਮਾਰ ਸਕਦਾ। ਅਸੀਂ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਾਂਗੇ। ਉਹਨਾਂ ਨੇ ਜੂਨ 1984 ਦੇ ਘੱਲੂਘਾਰੇ ਦੇ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਇਕੱਤਰ ਹੋਏ ਤੇ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨਾਂ ਦੀ ਸ਼ਲਾਘਾ ਵੀ ਕੀਤੀ। ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਨੂੰ ਸਿੱਖ ਹੋਮਲੈਂਡ ਕਹਿਣ ਦਾ ਅਸੀਂ ਸਵਾਗਤ ਕਰਦੇ ਹਾਂ। ਉਹਨਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਇਹ ਸਿੱਖਾਂ ਦੇ ਮਨੁੱਖੀ ਹੱਕਾਂ ਉਤੇ ਡਾਕਾ ਹੈ।
Leave a Reply