ਨਸ਼ਾ ਤਸਕਰਾਂ ਨੂੰ ਨੱਥ ਪਾਵੇ ਸਰਕਾਰ, ਇਨਸਾਫ਼ ਮੰਗਦੇ ਨੌਜਵਾਨਾਂ ਨੂੰ ਨਹੀਂ: ਭਾਈ ਮਨਦੀਪ ਸਿੰਘ ਜਤਾਲਾ

ਨਸ਼ਾ ਤਸਕਰਾਂ ਨੂੰ ਨੱਥ ਪਾਵੇ ਸਰਕਾਰ, ਇਨਸਾਫ਼ ਮੰਗਦੇ ਨੌਜਵਾਨਾਂ ਨੂੰ ਨਹੀਂ: ਭਾਈ ਮਨਦੀਪ ਸਿੰਘ ਜਤਾਲਾ

ਜਗਰਾਉਂ, 31 ਅਕਤੂਬਰ , ਭਾਈ ਰਣਜੀਤ ਸਿੰਘ ਖਾਲਸਾ 
ਭਾਈ ਮਨਦੀਪ ਸਿੰਘ ਜਤਾਲਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਏ ਲੋਕਾਂ ਦੀ ਗੱਲ ਸੁਣਨੀ ਸਰਕਾਰ ਦੀ ਜ਼ਿੰਮੇਵਾਰੀ ਹੈ। ਮਾਨਸਾ ਮੋਰਚੇ ਨਾਲ ਧੱਕੇਸ਼ਾਹੀ ਅਤੇ ਸੰਘਰਸ਼ੀ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਆਖਿਆ ਕਿ ਪੁਲਿਸ ਦੇ ਜ਼ੋਰ ਨਾਲ ਲੋਕਾਂ ਦੀ ਇਨਸਾਫ਼ ਦੀ ਮੰਗ ਨਹੀਂ ਦਬਾਈ ਜਾ ਸਕਦੀ।
ਉਨ੍ਹਾਂ ਕਿਹਾ, “ਭਗਵੰਤ ਮਾਨ ਸਰਕਾਰ ਦੱਸੇ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਦੇ ਨੌਜਵਾਨਾਂ ਨੂੰ ਫੜ ਕੇ ਕਿਹੜਾ ਮਸਲਾ ਹੱਲ ਹੋਵੇਗਾ? ਮਾਵਾਂ ਆਪਣੇ ਪੁੱਤਾਂ ਦੀ ਜ਼ਿੰਦਗੀ ਮੰਗਦੀਆਂ ਹਨ। ਸਰਕਾਰ ਨਸ਼ਾ ਵੇਚਣ ਵਾਲਿਆਂ ਨੂੰ ਹੱਥ ਪਾਵੇ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇ।”
ਭਾਈ ਜਤਾਲਾ ਨੇ ਮੰਗ ਕੀਤੀ ਕਿ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਲੱਗੇ ਮੋਰਚੇ ਦੀਆਂ ਮੰਗਾਂ ਗੰਭੀਰਤਾ ਨਾਲ ਸੁਣੀਆਂ ਜਾਣ ਅਤੇ ਗ੍ਰਿਫ਼ਤਾਰ ਨੌਜਵਾਨ ਰਿਹਾਅ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਦੇ ਚਿਰਾਗ ਬੁੱਝ ਗਏ ਹਨ, ਉਨ੍ਹਾਂ ਨੂੰ ਇਸ਼ਤਿਹਾਰਾਂ ਨਾਲ ਧਰਵਾਸ ਨਹੀਂ ਮਿਲਣਾ। ਲੋਕਾਂ ਨੂੰ ਅਜਿਹੀ ਕਾਰਵਾਈ ਚਾਹੀਦੀ ਹੈ ਜਿਸ ਨਾਲ ਨਸ਼ਿਆਂ ਦੀ ਵਿਕਰੀ ਰੁਕੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨਾਲ ਖਿੱਚਧੂਹ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਬੋਲਦੇ ਵਿਦਿਆਰਥੀਆਂ ਦੀ ਆਵਾਜ਼ ਸੁਣੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਲਈ ਸਿਆਸੀ ਚਾਲਾਂ ਚੱਲ ਰਹੀ ਹੈ, ਜਦਕਿ ਮਾਨ ਸਰਕਾਰ ਇਨ੍ਹਾਂ ਹੱਕਾਂ ਦੀ ਰਾਖੀ ਲਈ ਲੋੜੀਂਦੀ ਦ੍ਰਿੜ੍ਹਤਾ ਨਹੀਂ ਵਿਖਾ ਰਹੀ।
ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਵਿਦਿਆਰਥੀ ਇਕਜੁੱਟ ਹੋ ਕੇ ਸ਼ਾਂਤਮਈ ਢੰਗ ਨਾਲ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਹਾਕਮ ਲੋਕਾਂ ਦੇ ਸਬਰ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਾ ਕਰਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.