ਲਾਪਤਾ 328 ਪਾਵਨ ਸਰੂਪਾਂ ਦੇ ਦੋਸ਼ੀਆਂ 'ਤੇ ਪਰਚਾ ਦਰਜ ਹੋਣਾ ਖ਼ਾਲਸਾ ਪੰਥ ਦੀ ਇਤਿਹਾਸਕ ਜਿੱਤ ਤੇ ਨਰੈਣੂ ਮਹੰਤ ਦੇ ਵਾਰਸਾਂ ਦੀ ਕਰਾਰੀ ਹਾਰ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- (Asia/Kolkata)
ਅੰਮ੍ਰਿਤਸਰ, 8 ਦਸੰਬਰ ,ਜੁਗਰਾਜ ਸਿੰਘ ਸਰਹਾਲੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਦੋਸ਼ੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਉੱਤੇ ਹੋਏ ਪਰਚੇ ਦਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਵਾਗਤ ਕਰਦਿਆਂ ਇਸ ਨੂੰ ਖ਼ਾਲਸਾ ਪੰਥ ਦੀ ਇਤਿਹਾਸਕ ਜਿੱਤ ਤੇ ਨਰੈਣੂ ਮਹੰਤ ਦੇ ਵਾਰਸਾਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਕਰਾਰੀ ਹਾਰ ਦੱਸਿਆ ਹੈ। ਉਹਨਾਂ ਨੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਪੰਜ ਸਾਲ ਮੋਰਚਾ ਲਗਾ ਕੇ ਕੀਤੇ ਸੰਘਰਸ਼ ਦੀ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਇਹ ਮੌਜੂਦਾ ਪੰਜਾਬ ਸਰਕਾਰ ਦਾ 'ਦੇਰ ਆਏ ਦਰੁਸਤ ਆਏ' ਕਹਾਵਤ ਤਹਿਤ ਸਹੀ ਫੈਸਲਾ ਤੇ ਇੱਕ ਚੰਗਾ ਕਦਮ ਹੈ, ਹੁਣ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਵੀ ਕੀਤਾ ਜਾਏ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ ਹਰ ਹਰਬਾ ਵਰਤਿਆ ਤੇ ਇਤਿਹਾਸ ਵਿੱਚ ਆਪਣੇ ਉੱਤੇ ਇੱਕ ਹੋਰ ਕਲੰਕ ਲਵਾ ਲਿਆ ਹੈ ਜੋ ਕਦੇ ਨਹੀਂ ਮਿਟਣਾ। ਉਹਨਾਂ ਕਿਹਾ ਕਿ ਲਾਪਤਾ 328 ਪਾਵਨ ਸਰੂਪਾਂ ਦੇ ਇਨਸਾਫ਼ ਅਤੇ ਦੋਸ਼ੀਆਂ ਉੱਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਜਦੋਂ ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਨੇ ਸੰਨ 2020 'ਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਮੋਰਚਾ ਲਾਇਆ ਸੀ ਤਾਂ ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਸ਼੍ਰੋਮਣੀ ਕਮੇਟੀ ਨੇ ਮੋਰਚੇ ਦੇ ਆਗੂਆਂ ਅਤੇ ਸੰਗਤਾਂ ਉੱਤੇ ਭਾਰੀ ਤਸ਼ੱਦਦ ਢਾਹਿਆ ਸੀ। ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਨੇ ਗੁਰਸਿੱਖਾਂ ਦੀਆਂ ਪੱਗਾਂ ਲਾਹੀਆਂ, ਕੇਸ ਅਤੇ ਕਕਾਰ ਰੋਲੇ, ਡਾਂਗਾਂ ਤੇ ਤਲਵਾਰਾਂ ਨਾਲ ਕੁੱਟਿਆ ਤੇ ਵੱਢਿਆ ਅਤੇ ਉਲਟਾ ਉਹਨਾਂ ਉੱਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਸਨ ਜੋ ਰੱਦ ਹੋਣੇ ਚਾਹੀਦੇ ਹਨ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 24 ਅਕਤੂਬਰ 2020 ਦੀ ਘਟਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਇਹ ਸਾਕਾ ਸ੍ਰੀ ਨਨਕਾਣਾ ਸਾਹਿਬ ਵਾਂਗ ਹੀ ਨਰੈਣੂ ਮਹੰਤ ਦੇ ਵਾਰਸਾਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਵੱਲੋਂ ਵਪਰਾਇਆ ਗਿਆ ਇੱਕ ਹੋਰ ਖ਼ੂਨੀ ਸਾਕਾ ਸੀ ਜੋ ਉਹਨਾਂ ਨੇ ਆਪਣੇ ਹੱਡੀਂ ਹੰਢਾਇਆ ਹੈ। ਉਹਨਾਂ ਕਿਹਾ ਕਿ ਸਿੰਘਾਂ-ਸਿੰਘਣੀਆਂ ਦੀਆਂ ਲੱਤਾਂ-ਬਾਂਹਾਂ ਤੋੜ ਕੇ, ਕੇਸ ਪੁੱਟ ਕੇ ਤੇ ਡਾਂਗਾਂ ਨਾਲ ਛਲਣੀ-ਛਲਣੀ ਕਰਕੇ ਵੀ ਸ਼੍ਰੋਮਣੀ ਕਮੇਟੀ ਨੇ ਇਨਸਾਫ ਨਹੀਂ ਸੀ ਦਿੱਤਾ। ਜਿਸ ਤੋਂ ਬਾਅਦ 4 ਨਵੰਬਰ 2020 ਤੋਂ ਪੰਥ ਦਰਦੀ ਗੁਰਸਿੱਖ ਭਾਈ ਬਲਦੇਵ ਸਿੰਘ ਵਡਾਲਾ ਨੇ ਇਹ ਮੋਰਚਾ ਨਵੇਂ ਸਿਰਿਉਂ ਅਰੰਭ ਦਿੱਤਾ ਤੇ ਲਗਾਤਾਰ ਪੰਜ ਸਾਲ ਤੋਂ ਵੀ ਵੱਧ ਸਮਾਂ ਲਾਪਤਾ 328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਜੱਦੋ-ਜਹਿਦ ਕੀਤੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਬਲਦੇਵ ਸਿੰਘ ਵਡਾਲਾ ਦੇ ਸਿੱਖੀ ਸਿਦਕ, ਸਿਰੜ, ਘਾਲਣਾ, ਦ੍ਰਿੜਤਾ ਅਤੇ ਸੰਘਰਸ਼ ਨੂੰ ਵੀ ਪ੍ਰਣਾਮ ਕਰਨਾ ਬਣਦਾ ਹੈ ਜਿਨ੍ਹਾਂ ਦੀ ਬਦੌਲਤ ਭਗਵੰਤ ਮਾਨ ਸਰਕਾਰ ਨੇ ਦੋਸ਼ੀਆਂ ਉੱਤੇ ਪਰਚੇ ਦਰਜ ਕਰ ਦਿੱਤੇ ਹਨ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹ ਪਰਚਾ ਦਰਜ ਹੋਣ ਨਾਲ ਸੰਗਤ ਦੀ ਆਤਮਾ ਨੂੰ ਕਾਫ਼ੀ ਸਕੂਨ ਮਿਲਿਆ ਹੈ ਅਤੇ ਉਹਨਾਂ ਦੇ ਜ਼ਖ਼ਮਾਂ ਉੱਤੇ ਮਲ੍ਹਮ ਪੱਟੀ ਲੱਗੀ ਹੈ ਤੇ ਇਨਸਾਫ਼ ਦੀ ਇੱਕ ਆਸ ਬੱਝੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੁਖਲਾਹਟ ਵਿੱਚ ਆਉਣ ਦੀ ਬਜਾਏ ਸੰਗਤਾਂ ਨੂੰ ਇਨਸਾਫ਼ ਦਿਵਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ। ਉਹਨਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਕਿਹਾ ਸੀ ਕਿ ਦੋਸ਼ੀਆਂ ਉੱਤੇ ਪਰਚਾ ਦਰਜ ਕਰਵਾਇਆ ਜਾਏਗਾ, ਫਿਰ ਇਸ ਫੈਸਲੇ ਤੋਂ ਪਿੱਛੇ ਹੱਟ ਕੇ ਸ਼੍ਰੋਮਣੀ ਕਮੇਟੀ ਨੇ ਆਪਣੇ ਸਿਰ ਖੁਦ ਹੀ ਸਵਾਹ ਪਵਾਈ ਹੈ ਤੇ ਇਸ ਮਾਮਲੇ ਨੂੰ ਐਨਾ ਉਲਝਾ ਲਿਆ ਕਿ ਜਿਸ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਕਾਰ ਰੋਲ ਦਿੱਤਾ ਹੈ।
Leave a Reply