ਸਿੱਖ ਦੀ ਪੱਗ ਸਿੱਖੀ ਸੋਚ ਤੇ ਸਵਰੂਪ ਦਾ ਹਿੱਸਾ - ਡਾ . ਸਤਿੰਦਰ ਪਾਲ ਸਿੰਘ

ਸਿੱਖ ਦੀ ਪੱਗ ਸਿੱਖੀ ਸੋਚ ਤੇ ਸਵਰੂਪ ਦਾ ਹਿੱਸਾ -  ਡਾ . ਸਤਿੰਦਰ ਪਾਲ ਸਿੰਘ

ਗੁਰਸਿੱਖ ਦਾ ਆਪਣੀ ਪੱਗ ਨਾਲ ਭਾਵਨਾਤਮਕ , ਇਤਿਹਾਸਕ ਤੇ ਭਰੋਸੇ ਦਾ ਅਭਿੰਨ ਰਿਸ਼ਤਾ ਹੈ। ਇਸ ਰਿਸ਼ਤੇ ਨੂੰ ਸਮਝਣ ਲਈ ਇਮਾਨਦਾਰ ਤੇ ਨਿਰਵਿਕਾਰ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ । ਸਿੱਖ ਨੇ ਆਪਣੇ ਗੁਰੂ ਸਾਹਿਬਾਨ ਨੂੰ ਆਦਿ ਤੋਂ ਹੀ ਦਸਤਾਰਧਾਰੀ ਸੁੰਦਰ ਸਵਰੂਪ ਵਿੱਚ ਵੇਖਿਆ । ਇਹ ਸਵਰੂਪ ਉਸ ਦੇ ਮਨ ਵਿੱਚ ਵੱਸਿਆ ਹੋਇਆ ਹੈ। ਆਪਣੇ ਆਪ ਨੂੰ ਗੁਰੂ ਨਾਲ ਏਕਾਕਾਰ ਕਰਦਿਆਂ ਉਸ ਦਾ ਮਨ ਦਸਤਾਰ ਨਾਲ ਵੀ ਆਪ ਹੀ ਜੁੜ ਜਾਂਦਾ ਹੈ । ਸਿਰ ਤੇ ਸੱਜੀ ਪੱਗ ਗੁਰਸਿੱਖ ਦੀ ਪਛਾਣ ਬਣੀ । ਇਸ ਦੀ ਭਾਰੀ ਕੀਮਤ ਅਦਾ ਕਰਨੀ ਪਈ । ਮੁਗਲ ਰਾਜ ਵਿੱਚ ਸਿਰ ਦੀ ਪੱਗ ਦੂਰੋਂ ਵੇਖ ਕੇ ਹੀ ਫੜ ਲਿਆ ਜਾਂਦਾ ਸੀ ਤੇ ਜੁਲਮ ਕੀਤੇ ਜਾਂਦੇ ਸਨ । ਇਹ ਸ਼ਹੀਦੀਆਂ ਦਾ ਕਾਰਨ ਵੀ ਬਣਦੀ ਰਹੀ । ਗੁਰਸਿੱਖ ਦੀ ਪੱਗ ਅੰਗਰੇਜ਼ਾਂ ਦੇ ਨਿਸ਼ਾਨੇ ਤੇ ਵੀ ਰਹੀ ਅਤੇ ਉਸ ਤੋਂ ਬਾਅਦ ਦੇਸ਼ ਵੰਡ ਦੌਰਾਨ ਤੇ ਨਵੰਬਰ ‘ ੮੪ ਦੇ ਸਿੱਖ ਨਰਸੰਹਾਰ ਵਿੱਚ ਵੀ ਪੱਗ ਹੀ ਕੇਂਦਰ ਵਿੱਚ ਰਹੀ। ਪੂਰੇ ਸੰਸਾਰ ਵਿੱਚ ਜਿੱਥੇ ਵੀ ਸਿੱਖ ਹਣ ਆਪਣੀ ਪੱਗ ਲਈ ਸਮਾਜਕ ਹੀ ਨਹੀਂ ਕਾਨੂੰਨੀ ਲੜਾਈ ਵੀ ਲੜ ਕੇ ਜਿੱਤਦੇ ਆ ਰਹੇ ਹਨ । ਇਹ ਵੀ ਮਹੱਤਵਪੂਰਨ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਜੇ ਖਾਲਸਾ ਦਾ ਸਵਰੂਪ ਹੀ ਪੱਗ ਦੇ ਬਿਨਾ ਸੰਪੂਰਨ ਨਹੀਂ ਹੁੰਦਾ । ਪੱਗ ਮਨੁੱਖ ਦੇ ਵੇਸ਼ ਦਾ ਹਿੱਸਾ ਰਹੀ ਹੈ ਇਹ ਸਿੱਖ ਦੀ ਸੋਚ ਦਾ ਹਿੱਸਾ ਬਣ ਗਈ। ਇਹ ਇੱਕ ਵੱਡਾ ਬਦਲਾਵ ਸੀ ਜਿਸ ਨੇ ਪੱਗ ਦੇ ਸਿੱਖੀ ਦਾ ਅਨ ਨਿਖੇੜਵਾਂ ਸਬੰਧ ਸਥਾਪਿਤ ਕਰ ਦਿੱਤਾ। ਸਿੱਖੀ ਹੀ ਦਰਅਸਲ ਮਨੁੱਖੀ ਜੀਵਨ ਵਿੱਚ ਸੰਪੂਰਨ ਪਰਿਵਰਤਨ ਦਾ ਆਗਾਜ਼ ਸੀ । 
ਸਿੱਖ ਪੰਥ ਦੇ ਬਾਣੀ ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਲੋਕਾਈ ਇਕ ਬੜੇ ਹੀ ਕਠਿਨ ਦੌਰ ਤੋਂ ਗੁਜਰ ਰਹੀ ਸੀ I ਮਨੁੱਖੀ ਜੀਵਨ ਨੂੰ ਪ੍ਰਭਾਵਤ ਕਰਨ ਵਾਲੀ ਹਰ ਸੋਚ ਤੇ ਵਿਵਸਥਾ , ਉਹ ਭਾਵੇਂ ਧਾਰਮਕ ਸੀ ਜਾਂ ਸਮਾਜਕ , ਰਾਜਸੀ , ਆਰਥਕ , ਅੰਨਿਆਪੂਰਨ ਹੋ ਚੁਕੀ ਸੀ। ਵੰਡ ਤੇ ਵਿਤਕਰੇ ਨੇ ਆਮ ਮਨੁੱਖ ਅੰਦਰ ਹੀਣਤਾ ਤੇ ਦੀਨਤਾ ਦਾ ਭਾਅ ਪੈਦਾ ਕਰ ਦਿੱਤਾ ਸੀ । ਗੁਰੂ ਨਾਨਕ ਸਾਹਿਬ ਨੇ “ ਸਤਿਨਾਮੁ ਦਾ ਚੱਕ੍ਰ ਫਿਰਾਇਆ “ ਜੋ ਸਦੀਆਂ ਤੋਂ ਦਬਾਏ, ਸਤਾਏ ਲੋਕਾਂ ਅੰਦਰ ਆਸ ਤੇ ਆਤਮ ਸਨਮਾਨ ਦਾ ਜਨਕ ਬਣ ਗਿਆ I ਗੁਰਸਿੱਖੀ ਅਮੁੱਲ ਮਨੁੱਖੀ ਕਦਰਾਂ ਤੇ ਕੀਮਤਾਂ ਦੀ ਪੁਨਰ ਸਥਾਪਨਾ ਕਰਨ ਵਾਲੀ ਸਾਬਤ ਹੋਈ “ ਹਰਿ ਸਿਮਰਤ ਨਾਨਕ ਭਈ ਅਮੋਲੀ “ I ਗੁਰਸਿੱਖ ਵਾਹਿਗੁਰੂ ਦੀ ਮਤਿ ‘ਚ ਰੰਗਿਆ ਗਿਆ “ ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ “ I ਗੁਰੂ ਦਾ ਸਿੱਖ ਨਾਲ ਸੱਚਾ ਸੰਬੰਧ ਕਾਇਮ ਹੋਇਆ “ ਪੀਰ ਮੁਰੀਦਾਂ ਪਿਰਹੜੀ ਏਹੁ ਸਾਕੁ ਸੁਹੇਲਾ “ I ਭਾਈ ਗੁਰਦਾਸ ਜੀ ਨੇ ਅਚਰਜ ਬਿਆਨ ਕੀਤਾ ਕਿ ਗੁਰੂ ਦੀ ਮਤਿ ਧਾਰਣ ਕਰ ਸਿੱਖ ਗੁਰੂ ਦਾ ਹੀ ਰੂਪ ਹੋ ਗਏ “ ਗੁਰ ਸਿਖਹੁ ਗੁਰ ਸਿਖੁ ਹੋਇ ਹੈਰਾਣਿਆ “ I ਬਾਅਦ ‘ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਐਲਾਨ ਕੀਤਾ “ ਖਾਲਸਾ ਮੇਰੋ ਰੂਪ ਹੈ ਖਾਸ , ਖ਼ਾਲਸਹ ਮਹਿ ਹਉਂ ਕਰਹੁੰ ਨਿਵਾਸ “ I ਗੁਰੂ ਨੇ ਗੁਰਸਿੱਖ ਨੂੰ ਅਜਿਹੀ ਸ੍ਰੇਸ਼ਟ ਅਵਸਥਾ ਬਖਸ਼ੀ ਕਿ ਉਹ ਗੁਰੂ ਰੂਪ ਹੋ ਗਿਆ I ਅੱਜ ਜਦੋਂ ਸਿੱਖ ਦੀ ਪੱਗ ਤੇ ਸਵਾਲ ਕੀਤਾ ਜਾਂਦਾ ਹੈ ਜਾਂ ਪੱਗ ਦੀ ਬੇਅਦਬੀ ਕੀਤੀ ਜਾਂਦੀ ਹੈ ਤਾਂ ਅਜਿਹਾ ਕਰਨ ਵਾਲੀਆਂ ਤੇ ਰੋਸ਼ ਘੱਟ ਤਰਸ ਜਿਆਦਾ ਆਉਂਦਾ ਹੈ I ਸੰਸਾਰ ਅੰਦਰ ਗੁਰਸਿੱਖੀ ਦੀ ਵਡਿਆਈ ਨਾ ਸਮਝ ਸਕਣ ਵਾਲੀਆਂ ਵਾਲੇ ਹੋ ਸੱਕਦੇ ਹਨ I ਪਰ ਉਸ ਧਰਤੀ ਤੇ ਜਿੱਥੇ ਸਿੱਖ ਪੰਥ ਦੀ ਪੱਗ ਪ੍ਰਤੀ ਕੋਈ ਸ਼ੰਕਾ ਜਾਂ ਦੁਰਭਾਵਨਾ ਹੋਵੇ ਤਾਂ ਬੇਹਦ ਅਫਸੋਸ ਹੁੰਦਾ ਹੈ I ਸਿੱਖ ਅੱਜ ਸੰਸਾਰ ਦੇ ਕੋਨੇ ਕੋਨੇ ‘ਚ ਵੱਸਦੇ ਹਨ ਪਰ ਜੁੜੇ ਹੋਏ ਇੱਸੇ ਧਰਤੀ ਨਾਲ ਹੀ ਮਹਿਸੂਸ ਕਰਦੇ ਹਨ I ਇਹ ਧਰਤੀ ਤਾਂ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਸੂਰਬੀਰਤਾ ਦੀ ਸਦੀਵੀ ਕਰਜਦਾਰ ਹੈ I ਇਹ ਕਰਜ ਲਾਹਿਆ ਨਹੀਂ ਜਾ ਸਕਦਾ I ਕਿਹਾ ਨਹੀਂ ਜਾ ਸੱਕਦਾ ਕਿ ਜਿਨ੍ਹਾਂ ਅੰਦਰ ਸਿੱਖ ਦੀ ਪੱਗ ਬਾਰੇ ਸੰਵੇਨਸ਼ੀਲਤਾ ਨਹੀਂ , ਸਿੱਖ ਹੋਣ ਭਾਵੇਂ ਗੈਰ ਸਿੱਖ, ਉਨ੍ਹਾਂ ਨੂੰ ਗੁਰਮਤਿ ਦੀ ਕਿੰਨੀ ਜਾਣਕਾਰੀ ਹੈ ਪਰ ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਜਰੂਰ ਪੜ੍ਹਿਆ ਹੋਵੇਗਾ I 
ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿੱਚ ਹੋਈ ਲਾਸਾਨੀ ਸ਼ਹੀਦੀ ਤੋਂ ਬਾਅਦ ਗੁਰਿਆਈ ਧਾਰਣ ਕਰਨ ਸਮੇਂ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਅੱਗੇ ਟੋਪੀ ਤੇ ਸੇਲੀ ਰੱਖੀ ਗਈ , ਆਪ ਨੇ ਕਿਹਾ ਕਿ ਇਨ੍ਹਾਂ ਨੂੰ ਖਜਾਨੇ ਵਿੱਚ ਰਖ ਦਿੱਤਾ ਜਾਏ I ਗੁਰੂ ਸਾਹਿਬ ਨੇ ਪਹਿਲੇ ਦਿਨ ਹੀ ਪਗੜੀ ਧਾਰਣ ਕੀਤੀ ਤੇ ਉਸ ਤੇ ਕਲਗੀ ਸਜਾਈ I ੨੫ ਮਈ ਸੰਨ ੧੬੦੬ ਦਾ ਇਹ ਪਾਵਨ ਦਿਹਾੜਾ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਤਾਗੱਦੀ ਤੇ ਵਿਰਾਜਮਾਨ ਹੋਣ ਦੇ ਨਾਲ ਹੀ ਗੁਰਸਿੱਖੀ ਅੰਦਰ ਪੱਗ ਦੀ ਬਾਕਾਇਦਾ ਮਹੱਤਾ ਕਾਇਮ ਹੋਣ ਦਾ ਦਿਨ ਵੀ ਬਣ ਗਿਆ I ਸਿੱਖ ਇਤਿਹਾਸ ਅੰਦਰ ਗੁਰੂ ਹਰਿਗੋਬਿੰਦ ਸਾਹਿਬ ਮਹਿਮਾ ਉਨ੍ਹਾਂ ਦੇ ਪੱਗ ਧਾਰਣ ਕਰਨ ਤੋਂ ਹੀ ਆਰੰਭ ਹੁੰਦੀ ਹੈ I ਗੁਰੂ ਹਰਿਗੋਬਿੰਦ ਸਾਹਿਬ ਨੇ ਟੋਪੀ ਤੇ ਸੇਲੀ ਧਾਰਣ ਕਰਨ ਤੋਂ ਇਨਕਾਰ ਕਰਦਿਆਂ ਜੋ ਵਚਨ ਕੀਤੇ ਉਹ ਗੁਰੂ ਸਾਹਿਬ ਦੀ ਧਰਮ ਤੇ ਸਮਾਜ ਪ੍ਰਤੀ ਚਿੰਤਾ ਦਰਸਾਉਣ ਵਾਲੇ ਸਨ I ਗੁਰੂ ਸਾਹਿਬ ਦਾ ਪੱਗ ਧਾਰਣ ਕਰਨਾ ਇਸ ਚਿੰਤਾ ਦਾ ਨਿਦਾਨ ਸੀ I ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਵੀ ਧਾਰਣ ਕੀਤੀਆਂ ਪਰ ਪੱਗ ਪਹਿਲਾਂ ਸਜਾਈ I ਗੁਰੂ ਸਾਹਿਬ ਦੀ ਪੱਗ ਧਰਮ ਤੇ ਕਿਰਤ ਦੀ ਸ਼ਹਿਨਸ਼ਾਹੀ ਦਾ ਪ੍ਰਤੀਕ ਬਣੀ I ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਤਾ ਕਾਲ ‘ਚ ਹੀ ਪੱਗ ਗੁਰਸਿੱਖ ਦੀ ਪਛਾਣ ਬਣ ਗਈ I ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਦਾ ਤੇਜੋਮਈ ਰੂਪ ਹੀ ਸੋਹਣੀ ਦਸਤਾਰ ਤੋਂ ਨਿਖਰਿਆ ਸੀ। ਅੱਜ ਪੱਗ ਸਿੱਖ ਤੇ ਸਿੱਖੀ ਦਾ ਅਭਿੰਨ ਅੰਗ ਬਣ ਚੁਕੀ ਹੈ I ਪਗੜੀ ਪੁਰਾਤਨ ਸਮੇਂ ‘ਚ ਰੁਤਬੇ ਤੇ ਹੈਸੀਅਤ ਦਾ ਨਿਸ਼ਾਨ ਸੀ I ਇਲਾਕਿਆਂ ਦੇ ਚੌਧਰੀ ਜਾਂ ਧਨਵਾਨ ਖਾਸ ਮੌਕਿਆਂ ਤੇ ਪੱਗ ਬਨ੍ਹਿਆ ਕਰਦੇ ਸਨ I ਰਾਜਿਆਂ , ਜਮੀਂਦਾਰਾਂ ਨੇ ਵੀ ਆਪਣੀ ਤਾਕਤ ਦਰਸਾਉਣ ਲਈ ਪੱਗ ਬਨ੍ਹਨੀ ਸ਼ੁਰੂ ਕਰ ਦਿੱਤੀ I ਕਈ ਵਿਦਵਾਨ ਪੰਡਤ ਤੇ ਧਰਮੀ ਵੀ ਪੱਗ ਸਜਾਉਂਦੇ ਸਨ I ਇਹ ਰਾਜ ਤੇ ਸਮਾਜ ਦੇ ਆਗੂ ਸਨ ਜੋ ਹਰ ਦ੍ਰਿਸ਼ਟੀ ਨਾਲ ਤਾਕਤਵਰ ਸਨ ਪਰ ਹੰਕਾਰ ਨਾਲ ਭਰੇ ਹੋਏ ਸਨ I ਅਜਿਹੇ ਲੋਗ ਆਪਣੀ ਤਾਕਤ ਦੀ ਵਰਤੋਂ ਆਮ ਲੋਕਾਂ ਨੂੰ ਦਬਾਉਣ , ਡਰਾਉਣ ਤੇ ਦਾਸ ਬਣਾ ਕੇ ਰੱਖਨ ‘ਚ ਕਰ ਰਹੇ ਸਨ I ਦਸਮ ਪਿਤਾ ਨੇ ਖਾਲਸਾ ਸਾਜ ਕੇ ਧਰਮ ਤੇ ਸਚ ਲਈ ਡੱਟ ਕੇ ਖੜੇ ਹੋਣ ਵਾਲੀ ਹਰ ਤਾਕਤ ਨੂੰ ਆਪਣੀ ਸੰਤਾਨ ਹੋਣ ਦਾ ਮਾਣ ਬਖਸ਼ਿਆ ਤੇ ਜੁਲਮ , ਜਬਰ ਦੀਆਂ ਤਾਕਤਾਂ ਨੂੰ ਭਾਰੀ ਚੁਨੌਤੀ ਦਿੱਤੀ I ਪੂਰਨ ਸਿੱਖੀ ਸਵਰੂਪ ਵਿੱਚ ਆ ਕੇ ਹੀ ਸਿੱਖ ਦਸਮ ਪਿਤਾ ਦੀ ਸੰਤਾਨ ਅਤੇ ਸਵਾ ਲੱਖ ਨਾਲ ਜੂਝਣ ਯੋਗ ਬਣਿਆ ਸੀ । ਇੱਕ ਸਮਾਂ ਆਇਆ ਕਿ ਮੁਗਲਾਂ ਨੇ ਸਿਖਾਂ ਦਾ ਵਜੂਦ ਹੀ ਖਤਮ ਕਰਨ ਲਈ ਕਮਰ ਕੱਸ ਲਈ । ਸਿੱਖ ਖੋਜ ਖੋਜ ਕੇ ਸ਼ਹੀਦ ਕੀਤੇ ਜਾ ਰਹੇ ਸਨ । ਆਪਣੀ ਪੱਗ ਨਾਲ ਉਹ ਦੂਰੋਂ ਹੀ ਪਛਾਣ ਲਏ ਜਾਂਦੇ ਸਨ ਪਰ ਉਨ੍ਹਾਂ ਪੱਗ ਨਹੀਂ ਉਤਾਰੀ । ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜਦੋਂ ਸ੍ਰੀ ਦਰਬਾਰ ਸਹਿਬ ਦਰਸ਼ਨ ਕਰਨ ਲਈ ਲਾਹੌਰ ਤੋਂ ਅੰਮ੍ਰਿਤਸਰ ਆਏ ਤਾਂ ਪਛਾਣੇ ਜਾਣ ਦਾ ਖਤਰਾ ਸੀ ਪਰ ਫਿਰ ਵੀ ਸਿਰ ਤੇ ਪੱਗ ਬੰਨ ਕੇ ਆਏ । ਉਨ੍ਹਾਂ ਦੀ ਪੱਗ ਵੇਖ ਕੇ ਹੀ ਮੁਗਲਾਂ ਵਿੱਚ ਖੁਸਰ ਪੁਸਰ ਹੋਈ ਕਿ ਇਹ ਤਾਂ ਸਿੱਖ ਹੋ ਹੀ ਨਹੀਂ ਸਕਦੇ, ਸਿੱਖ ਤਾਂ ਖਤਮ ਕੀਤੇ ਜਾ ਚੁਕੇ ਹਨ। ਪੱਗ ਦੀ ਆਣ ਖਾਤਿਰ ਹੀ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਤੱਤਕਾਲ ਨਾਕਾ ਲਾ ਦਿੱਤਾ ਤੇ ਆਪਣੀ ਸ਼ਹੀਦੀ ਆਪ ਚੁਣੀ ਸੀ । 
ਅੰਗ੍ਰੇਜ ਰਾਜ ਵਿੱਚ ਸਿੱਖਾਂ ਦੀ ਪੱਗ ਨੇ ਸਰਕਾਰ ਨੂੰ ਵੱਡੀ ਚੁਨੌਤੀ ਦਿੱਤੀ I ਸਰਦਾਰ ਸੋਹਣ ਸਿੰਘ ਜੋਸ਼ ਨੇ ਆਪਣੀ ਕਿਤਾਬ “ ਅਕਾਲੀ ਮੋਰਚਿਆਂ ਦਾ ਇਤਿਹਾਸ “ ਵਿੱਚ ਲਿਖਿਆ ਹੈ ਕਿ ਕਾਲੀ ਪਗੜੀ ਬੰਨਣਾ ਜੁਰਮ ਬਣ ਗਿਆ ਸੀ I ਅੰਗਰੇਜ ਸਰਕਾਰ ਜਿਉਂ ਜਿਉਂ ਕਾਲੀ ਪੱਗ ਬੰਨਣ ਤੇ ਸਖਤੀ ਕਰਦੀ ਤਿਉਂ ਤਿਉਂ ਪਿੰਡਾਂ ਦੇ ਪਿੰਡ ਕਾਲੀ ਪੱਗ ਬੰਨਦੇ ਜਾਂਦੇ I ਪਿੰਡਾਂ ਅੰਦਰ ਵੱਡੀਆਂ ਵੱਡੀਆਂ ਤੇਗਾਂ ‘ਚ ਕਾਲਾ ਰੰਗ ਪਾ ਕੇ ਉਬਾਲਿਆ ਜਾਂਦਾ ਤੇ ਸਾਰੇ ਪਿੰਡ ਦੇ ਸਿੱਖਾਂ ਦੀਆਂ ਪੱਗਾਂ ਰੰਗੀਆਂ ਜਾਂਦੀਆਂ ਸਨ I ਦਰਅਸਲ ਉਸ ਵੇਲੇ ਅਕਾਲੀ ਮੋਰਚਿਆਂ ‘ਚ ਸ਼ਾਮਲ ਹੋਣ ਵਾਲੇ ਸਿੱਖ ਖਾਸ ਤੌਰ ਤੇ ਕਾਲੀ ਪੱਗ ਬੰਨ ਕੇ ਜਾਂਦੇ ਸਨ I ਕਾਲੀ ਪੱਗ ਸਿੱਖਾਂ ਦੀ ਅੰਗਰੇਜ ਸਰਾਕਰ ਦੇ ਖਿਲਾਫ਼ ਇਕਜੁਟਤਾ ਦਾ ਪ੍ਰਤੀਕ ਬਣ ਗਈ ਸੀ I 
ਆਪਣੀ ਪੱਗ ਲਈ ਸਿੱਖਾਂ ਨੇ ਵੱਡੀ ਤਦਾਦ ‘ਚ ਆਪਣੀਆਂ ਜਾਨਾਂ ਵੀ ਗੁਵਾਈਆਂ I ਨਵੰਬਰ ਸੰਨ ਚੁਰਾਸੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਲਈ ਸੜਕਾਂ ਤੇ ਨਿਕਲ ਆਈ ਭੀੜ ਪੱਗਾਂ ਲਭਦੀ ਫਿਰ ਰਹੀ ਸੀ I ਹਜਾਰਾਂ ਸਿੱਖਾਂ ਦੀ ਜਾਨ ਇਸ ਕਰ ਕੇ ਚਲੀ ਗਈ ਕਿ ਉਨ੍ਹਾਂ ਨੇ ਪੱਗ ਬੰਨੀ ਹੋਈ ਸੀ I ਪੰਦ੍ਰਹ – ਵੀਹ ਦਿਨ ਤੱਕ ਸੜਕਾਂ ਤੇ ਸਿੱਖ ਨਜਰ ਨਹੀਂ ਆਏ ਕਿਉਂਕਿ ਪੱਗ ਉਨ੍ਹਾਂ ਦੀ ਪਛਾਣ ਸੀ ਤੇ ਇਸ ਕਾਰਣ ਉਹ ਦੰਗਾਇਆਂ ਦਾ ਨਿਸ਼ਾਨਾ ਆਸਾਨੀ ਨਾਲ ਬਣ ਸਕਦੇ ਸਨ I ਇਸ ਤੋਂ ਪਹਿਲਾਂ ਇਕ ਲੰਬਾ ਦੌਰ ਇਹ ਵੀ ਗੁਜਰਿਆ ਕਿ ਜਦੋਂ ਪੰਜਾਬ ਅੰਦਰ ਅੱਤਵਾਦ ਸਰਗਰਮ ਸੀ । ਉਸ ਸਮੇਂ ਪੰਜਾਬ ਤੋਂ ਬਾਹਰ ਕਿਸੇ ਵੀ ਜਨਤਕ ਥਾਂ ਤੇ , ਸੜਕ ਚੱਲਦੀਆਂ ਵੀ ਜੇ ਕੋਈ ਪੱਗ ਬੰਨਿਆ ਸਿੱਖ ਵਿਖਾਈ ਦੇ ਜਾਂਦਾ , ਸਥਾਨਕ ਸ਼ਰਾਰਤੀ ਤੱਤ ਉਗਰਵਾਦੀ ਕਹਿ ਕੇ ਤਾਹਨੇ ਮਾਰਨੋ ਨਹੀ ਹੱਟਦੇ ਸਨ I ਪੱਗ ਕਾਰਣ ਸਿੱਖਾਂ ਦੀ ਜਾਣ ਤੇ ਬਣ ਆਈ ਪਰ ਉਹਨਾਂ ਸਿੱਖਾਂ ਦੀ ਬਹਾਦਰੀ ਨੂੰ ਸਲਾਮ ਹੈ ਜਿਨ੍ਹਾਂ ਅਤਿ ਕਠਨ ਸਮੇਂ ਵਿੱਚ ਵੀ ਸਿੱਖੀ ਕੇਸਾਂ , ਸੁਆਸਾਂ ਨਾਲ ਨਿਬਾਹੀ ਤੇ ਪੱਗ ਦੀ ਸ਼ਾਨ ਬਣਾਈ ਰੱਖੀ I ਭਾਰਤ ਦੇ ਜਿਨ੍ਹਾਂ ਸ਼ਹਿਰਾਂ ਵਿੱਚ ਪੱਗ ਨਾਲ ਪਛਾਨ ਕੇ ਸਿੱਖਾਂ ਦੇ ਕਤਲ ਕੀਤੇ ਗਏ ਉਨ੍ਹਾਂ ਸਾਰੇ ਸ਼ਹਿਰਾਂ ਵਿੱਚ ਅੱਜ ਵੀ ਪੱਗ ਸਜਾਈ ਸਿੱਖ ਚੜ੍ਹਦੀਕਲਾ ਵਿੱਚ ਨਜਰ ਆਉਂਦੇ ਹਨ I 
ਸਿਰ ਤੇ ਸੱਜੀ ਪੱਗ ਸਿੱਖ ਕੌਮ ਦੀ ਗੌਰਵਮਈ ਵਿਰਾਸਤ ਬਣ ਚੁਕੀ ਹੈ। ਪੱਗ ਸਿੱਖ ਦਾ ਵੇਸ਼ ਨਹੀਂ ਆਤਮ ਸਨਮਾਨ ਦਾ ਨਿਸ਼ਾਨ ਹੈ , ਉਸ ਦੀ ਪਰਿਪੱਕ ਸਿੱਖੀ ਦਾ ਐਲਾਣ ਹੈ। ਪਰ ਇਸ ਨੂੰ ਸਮਝਣ ਵਾਲੇ ਅੱਜ ਸਿੱਖ ਪੰਥ ਅੰਦਰ ਵੀ ਲੱਭਣੇ ਪੈਂਦੇ ਹਨ । ਇੱਕ ਨਵਾਂ ਪ੍ਰਚਲਨ ਬਣ ਗਿਆ ਹੈ ਕਿ ਕੋਈ ਸਿਆਸੀ ਜਾਂ ਹੋਰ ਮਹੱਤਵਪੂਰਨ ਗੈਰ ਸਿੱਖ ਵਿਅਕਤੀ ਗੁਰੂ ਘਰ ਵਿੱਚ ਜਾਂ ਕਿਸੇ ਗੁਰਮਤਿ ਸਮਾਗਮ ਵਿੱਚ ਆਵੇ ਤਾਂ ਸਿੱਖ ਆਪ ਹੀ ਉਸ ਨੂੰ ਪੱਗ ਬੰਨਣ ਲੱਗ ਪੈਂਦੇ ਹਨ । ਸਮਾਗਮ ਪੂਰਾ ਹੋਣ , ਫੋਟੋ ਖਿਚਾਉਣ ਤੋਂ ਬਾਅਦ ਉਸ ਪੱਗ ਦਾ ਕੀ ਹਸ਼ਰ ਹੁੰਦਾ ਹੈ ਇਹ ਗਿਆਤ ਨਹੀਂ ਹੁੰਦਾ । ਕੀ ਇਹ ਉਸ ਸਿੱਖ ਦੀ ਭਾਵਨਾ ਤੇ ਚੋਟ ਨਹੀਂ ਜੋ ਆਪਣੀ ਪੱਗ ਦੀ ਸਾਰਾ ਦਿਨ ਪਿਆਰ ਨਾਲ ਸੰਭਾਲ ਕਰਦਾ ਹੈ, ਪੱਗ ਬੰਨਣ ਲੱਗਿਆ ਪੱਗ ਨੂੰ ਜ਼ਮੀਨ ਤੇ ਨਹੀਂ ਪੈਣ ਦਿੰਦਾ , ਪੱਗ ਧੋਂਦਾ, ਸੁਖਾਉਂਦਾ ਵੀ ਆਪ ਹੈ । ਕਿਸੇ ਦੂਜੇ ਦਾ ਹੱਥ ਪੱਗ ਤੇ ਲੱਗਣ ਨਹੀਂ ਦਿੰਦਾ । ਬਿਨਾ ਪੱਗ ਬੰਨਿਆਂ ਘਰ ਤੋਂ ਬਾਹਰ ਨਹੀਂ ਨਿਕਲਦਾ । ਗੁਰਦੁਆਰੇ ਅੰਦਰ ਜਾਂ ਜਿਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ , ਸਿਰ ਕੱਜ ਕੇ ਜਾਣ ਦੀ ਮਰਿਆਦਾ ਹੈ । ਗੈਰ ਸਿੱਖ ਸਿਰ ਕੱਜਣ ਲਈ ਰੁਮਾਲ , ਪਟਕਾ ਆਦਿਕ ਦੀ ਵਰਤੋਂ ਕਰਦੇ ਹਨ । ਸਿੱਖਾ ਦਾ ਆਪ ਹੀ ਖਾਸ ਲੋਗਾਂ ਨੂੰ ਕਿਸੇ ਮੌਕੇ, ਸਮੇਂ ਲਈ ਪੱਗ ਬੰਨਣਾ ਕੀ ਸਿੱਖੀ ਸਵਰੂਪ ਤੇ ਸੋਚ ਦੀ ਬੇਅਦਬੀ ਨਹੀਂ ਹੈ । ਸਿੱਖ ਦੀ ਪੱਗ ਕੀ ਟੋਪੀ ਹੋ ਗਈ ਕਿ ਸੁਵਿਧਾ ਅਨੂਸਾਰ ਪਾਈ ਤੇ ਲਾਹ ਦਿੱਤੀ । ਇਸ ਤੇ ਫੌਰਨ ਰੋਕ ਲਗਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੋਚਣਾ ਚਾਹੀਦੇ । 
ਬ੍ਰਿਟੇਨ ਅੰਦਰ ਇੱਕ ਸਿੱਖ ਦੀ ਪੱਗ ਤੇ ਹੱਥ ਪਾਉਣ ਦਾ ਜਤਨ ਕੀਤਾ ਗਿਆ ਤਾਂ ਪਾਰਲੀਮੇੰਟ ਦੇ ਸਾਰੇ ਮੇੰਬਰ ਵਿਰੋਧ ‘ਚ ਖੜੇ ਹੋ ਗਏ ਤੇ ਆਪ ਵੀ ਪੱਗ ਬੰਨ ਕੇ ਪਾਰਲੀਮੈਂਟ ਵਿੱਚ ਆਏ ਸਨ। ਪੱਗ ਲਈ ਇਹ ਭਾਵਨਾ , ਸੰਵੇਨਸ਼ੀਲਤਾ, ਸਤਿਕਾਰ ਸਿੱਖ ਕੌਮ ਆਪ ਧਾਰਨ ਕਰੇ ਤੇ ਹੋਰਨਾਂ ਨੂੰ ਵੀ ਅਹਿਸਾਸ ਕਰਾਏ । 

ਡਾ. ਸਤਿੰਦਰ ਪਾਲ ਸਿੰਘ 
ਈ – ੧੭੧੬ , ਰਾਜਾਜੀਪੁਰਮ 
ਲਖਨਊ – ੨੨੬੦੧੭ 
ਈ ਮੇਲ - [email protected]

 ਡਾ ਸਤਿੰਦਰ ਪਾਲ ਸਿੰਘ
ਡਾ ਸਤਿੰਦਰ ਪਾਲ ਸਿੰਘ
0000000000
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.