ਝਿੰਗੜਾ ਦੇ ਨੌਜਵਾਨ ਦੀ ਲਈ ਤੇਜ਼ ਰਫ਼ਤਾਰ ਟਿੱਪਰ ਨੇ ਜਾਨ

ਝਿੰਗੜਾ ਦੇ ਨੌਜਵਾਨ ਦੀ ਲਈ ਤੇਜ਼ ਰਫ਼ਤਾਰ ਟਿੱਪਰ ਨੇ ਜਾਨ

ਫਿਲੌਰ ਨਵਾਂਸ਼ਹਿਰ ਸੜਕ ’ਤੇ ਟਿੱਪਰ ਤੇ ਮੋਟਰਸਾਈਕਲ ਹਾਦਸੇ ’ਚ ਨੌਜਵਾਨ ਦੀ ਹੋਈ ਮੌਤ, ਟਿੱਪਰ ਚਾਲਕ ਹੋਇਆ ਫਰਾਰ

ਲੋਕਾਂ ਨੇ ਸੜਕ ’ਤੇ ਲਗਾਇਆ ਧਰਨਾ

ਅੱਪਰਾ, 12 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)- ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ’ਤੇ ਹਾਦਸਿਆਂ ਸਿਲਸਿਲਾ ਲਗਾਤਾਰ ਜਾਰੀ ਹੈ। ਤੇਜ਼ ਰਫ਼ਤਾਰ ਟਿੱਪਰ ਇਸ ਸੜਕ ’ਤੇ ਮੌਤ ਬਣਕੇ ਘੁੰਮ ਰਹੇ ਹਨ। ਬੀਤੇ ਕੁਝ ਦਿਨਾਂ ’ਚ ਹੀ ਇਸ ਮਾਰਗ ਤੇ ਚਾਰ ਕੀਮਤੀ ਜਾਨਾਂ ਟਿੱਪਰਾਂ ਦੀ ਭੇਟ ਚੜੀਆਂ ਹਨ। ਬੀਤੀ ਸ਼ਾਮ ਵੀ ਇਸ ਮਾਰਗ ‘ਤੇ ਪਿੰਡ ਰਾਏਪੁਰ ਅਰਾਈਆਂ ਵਿਖੇ ਇੱਕ ਮੋਟਰਸਾਈਕਲ ਤੇ ਟਿੱਪਰ ਦੀ ਭਿਆਨਕ ਟੱਕਰ ਕਾਰਨ ਟਿੱਪਰ ਨੇ ਫਿਰ ਇੱਕ ਨੌਜਵਾਨ ਦੀ ਜਾਨ ਲੈ ਲਈ। ਪ੍ਰਾਪਤ ਵੇਰਵਿਆਂ ਅਨੁਸਾਰ ਦਲਜੀਤ ਸਿੰਘ ਉਰਫ਼ ਰਿੰਕੂ (30) ਪੁੱਤਰ ਸਵ. ਹਰਬੰਸ ਲਾਲ ਵਾਸੀ ਪਿੰਡ ਝਿੰਗੜਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜੋ ਗਡਵਾਸੂ (ਯੂਨੀਵਰਸਿਟੀ) ਲੁਧਿਆਣਾ ਵਿਖੇ ਵੈਟਰਨਰੀ ਡਾਕਟਰ ਸੀ। ਬੀਤੀ ਸ਼ਾਮ ਰਿੰਕੂ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਨਜ਼ਦੀਕੀ ਪਿੰਡ ਸ਼ੇਖੂਪੁਰ ਵਿਖੇ ਪਸ਼ੂਆਂ ਦੇ ਚੈੱਕ-ਅੱਪ ਤੋਂ ਬਾਅਦ ਰਾਏਪੁਰ ਅਰਾਈਆਂ ਕਿਸੇ ਦੇ ਪਸ਼ੂਆਂ ਦਾ ਚੈੱਕ-ਅੱਪ ਕਰਨ ਜਾ ਰਿਹਾ ਸੀ। ਇਸੇ ਵੇਲੇ ਫਿਲੌਰ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਜੋ ਕਿ ਇੱਕ ਟਰੈਕਟਰ ਟਰਾਲੀ ਨੂੰ ਓਵਰਟੇਕ ਕਰ ਰਿਹਾ ਸੀ ਤੇ ਇਸ ਟਿੱਪਰ ਨੇ ਮੋਟਰ ਸਾਈਕਲ ਸਵਾਰ ਇਸ ਨੌਜਵਾਨ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਨੌਜਵਾਨ ਵੈਟਰਨਰੀ ਡਾਕਟਰ ਦੀ ਮੌਕੇ ਤੇ ਮੌਤ ਹੋ ਗਈ ਤੇ ਟਿੱਪਰ ਚਾਲਕ ਮੌਕੇ ਤੌ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੂੰ ਆਪਣੇ ਸਵ. ਪਿਤਾ ਦੀ ਨੌਕਰੀ ਮਿਲੀ ਹੋਈ ਸੀ। ਉਹ ਹਰ ਰੋਜ਼ ਪਿੰਡ ਝਿੰਗੜਾਂ ਤੋਂ ਲੁਧਿਆਣਾ ਆਉਣ ਜਾਣ ਕਰਦਾ ਸੀ। ਮ੍ਰਿਤਕ ਨੌਜਵਾਨ ਦਾ ਫਰਵਰੀ ਮਹੀਨੇ ’ਚ ਵਿਆਹ ਹੋਣਾ ਸੀ। ਘਟਨਾ ਸਥਾਨ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਾਦਸਾ ਬੀਤੀ ਸ਼ਾਮ ਕਰੀਬ 5:30 ਵਜੇ ਵਾਪਰਿਆ ਤੇ ਪੁਲਿਸ ਨੂੰ ਸ਼ੁਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਘਟਨਾ ਸਥਾਨ ’ਤੇ ਕਰੀਬ 8 ਵਜੇ ਪਹੁੰਚੇ। ਕਾਫ਼ੀ ਦੇਰ ਤੱਕ ਪੁਲਿਸ ਦੇ ਨਾ ਆਉਣ ਕਾਰਨ ਲੋਕਾਂ ’ਚ ਕਾਫੀ ਰੋਸ ਪਾਇਆ ਗਿਆ ਤੇ ਲੋਕਾਂ ਵਲੋਂ ਫਿਲੌਰ ਨਵਾਂਸ਼ਹਿਰ ਮੁੱਖ ਸੜਕ ਜਾਮ ਕਰ ਦਿੱਤੀ ਗਈ। ਰਾਤ ਦਸ ਵਜੇ ਤੱਕ ਰਾਹਗੀਰ ਜਾਮ ਫਸੇ ਰਹੇ ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਥਾਣਾ ਫਿਲੌਰ ਤੋਂ ਐਸ.ਐਚ.ਓ. ਬਲਵਿੰਦਰ ਸਿੰਘ ਭੁੱਲਰ ਵਲੋਂ ਘਟਨਾ ਸਥਾਨ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਟਿੱਪਰ ਚਾਲਕ ’ਤੇ ਮੁਕੱਦਮਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ ਤੇ ਵਾਹਨਾਂ ਨੂੰ ਕਬਜੇ ਵਿੱਚ ਲੈ ਲਿਆ ਗਿਆ। ਪਿੰਡ ਰਾਏਪੁਰ ਅਰਾਈਆ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਭਾਰੀ ਵਾਹਨ ਖਾਸਕਰ ਟਿੱਪਰਾਂ ਦੇ ਲੰਘਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਟਿੱਪਰ ਚਾਲਕਾਂ ਦੀ ਗਲਤੀ ਨੂੰ ਠੱਲ ਪਾਈ ਜਾ ਸਕੇ ਅਤੇ ਭਵਿੱਖ ਵਿੱਚ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.