ਕੇਂਦਰ ਦੀ ਭਾਜਪਾ ਸਰਕਾਰ ਸਾਡੇ ਤੋਂ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਖੋਹਣਾ ਚਾਹੁੰਦੀ ਹੈ : ਭਾਈ ਗੁਰਪ੍ਰੀਤ ਸਿੰਘ
- ਰਾਜਨੀਤੀ
- (Asia/Kolkata)
ਅੰਮ੍ਰਿਤਸਰ, 4 ਸਤੰਬਰ (ਅਜ਼ਾਦ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਾਡੇ ਤੋਂ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਖੋਹਣਾ ਚਾਹੁੰਦੀ ਹੈ। ਪਰ ਅਫਸੋਸ ਇਹ ਹੈ ਕਿ ਆਪਣੇ ਆਪ ਨੂੰ ਅਕਾਲੀ ਦਲ ਅਖਵਾਉਂਦੇ ਬਾਦਲ ਦਲੀਏ ਵੀ ਸੰਘੀ ਲਾਣੇ ਨਾਲ ਰਲੇ ਹੋਏ ਹਨ ਤੇ ਪੰਜਾਬ ਦਾ ਵੱਡਾ ਨੁਕਸਾਨ ਕਰ ਰਹੇ ਹਨ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਭਾਜਪਾ ਦੀ ਏ.ਬੀ.ਵੀ.ਪੀ. ਨੂੰ ਸਮਰਥਨ ਦੇ ਕੇ ਬਾਦਲਾਂ ਨੇ ਆਪਣੇ ਸਿਰ ਵਿੱਚ ਮੁੜ ਸਵਾਹ ਪਾ ਲਈ ਹੈ। ਪੰਥ ਅਤੇ ਪੰਜਾਬ ਨੂੰ ਸਮਰਪਿਤ ਜਥੇਬੰਦੀ 'ਸੱਥ' ਖ਼ਿਲਾਫ਼ ਭੁਗਤ ਕੇ ਬਾਦਲਾਂ ਦੀ ਜਥੇਬੰਦੀ ਐੱਸ.ਓ.ਆਈ. ਨੇ ਇੱਕ ਹੋਰ ਨਵੀਂ ਗ਼ੱਦਾਰੀ ਕੀਤੀ ਹੈ। ਕਿਸੇ ਸਮੇਂ ਪੰਜਾਬ ਲਈ ਰਾਜਧਾਨੀ ਚੰਡੀਗੜ੍ਹ ਮੰਗਣ ਵਾਲਾ ਅਕਾਲੀ ਦਲ ਬਾਦਲ ਅੱਜ ਆਪ ਹੀ ਪੰਜਾਬ ਦੀ ਯੂਨੀਵਰਸਿਟੀ ਭਾਜਪਾਈਆਂ, ਸੰਘੀਆਂ ਤੇ ਕੱਟੜ ਹਿੰਦੂਵਾਦੀਆਂ ਨੂੰ ਵੇਚ ਆਇਆ। 'ਸੱਥ' ਨਾਲ ਮਿਲ ਕੇ ਪੰਥ ਅਤੇ ਪੰਜਾਬ ਦੇ ਝੰਡੇ ਝੁਲਾਉਣ ਦੀ ਬਜਾਏ ਬਾਦਲਕੇ ਆਰ.ਐੱਸ.ਐਸ. ਨਾਲ ਮਿਲ ਕੇ ਭਗਵਾਂ ਝੰਡਾ ਝੁਲਾਉਣ ਵਿੱਚ ਯੋਗਦਾਨ ਪਾ ਆਏ, ਬਾਦਲਾਂ ਦੇ ਦਿਲ ਵਿੱਚ ਹਿੰਦੂ ਰਾਸ਼ਟਰ ਵੱਸਦਾ ਹੈ ਤੇ ਉਹ ਪੰਜਾਬ ਦੀ ਧਰਤੀ ਨੂੰ ਹਿੰਦੂਤਵ ਵਿੱਚ ਰੰਗਣਾ ਚਾਹੁੰਦੇ ਹਨ। ਜਿਹੜਾ ਭਗਵਾਂ ਝੰਡਾ ਯੂਨੀਵਰਸਿਟੀ ਵਿੱਚ ਲਹਿਰਾਇਆ ਉਹ ਬਾਦਲਕੇ ਪੰਜਾਬ ਦੇ ਹਰ ਘਰ ਵਿੱਚ ਲਹਿਰਾਉਣਾ ਚਾਹੁੰਦੇ ਹਨ।
Leave a Reply