ਨਗਰ ਨਿਗਮ ਦੀ ਕਾਰਵਾਈ ਕਿੱਥੇ? ਕਸਾਬਾ ਮੁਹੱਲਾ ਤੋਂ ਪੁਰਾਣੀ ਸਬਜ਼ੀ ਮੰਡੀ(ਬਾਲੀ ਸਮੋਸਿਆਂ ਵਾਲੀ ਗਲੀ) ਚ ਹੋ ਰਹੇ ਨਾਜਾਇਜ਼ ਨਿਰਮਾਣ, ਉੱਠੇ ਵੱਡੇ ਸਵਾਲ..
- ਅਪਰਾਧ
- 10 Aug, 2026 01:53 PM (Asia/Kolkata)
ਰਿਹਾਇਸ਼ੀ ਮੁਹੱਲਿਆਂ ਵਿੱਚ ਧੜਾਧੜ ਬਣ ਰਹੀਆਂ ਕਮਰਸ਼ੀਆਲ ਮਾਰਕੀਟਾਂ ਅਤੇ ਦੁਕਾਨਾਂ—ਕਿਸਦੀ ਸ਼ਹਿ ’ਤੇ ਚੱਲ ਰਿਹਾ ਨਿਰਮਾਣ?
2-2 ਫੁੱਟ ਦੀਆਂ ਤੰਗ ਗਲੀਆਂ ’ਚ ਖੁੱਲ੍ਹ ਰਹੇ ਕਮਰਸ਼ੀਅਲ ਅੱਡੇ!
ਕਪੂਰਥਲਾ 10 ਅਗਸਤ ਗੌਰਵ ਮੜੀਆ
ਰਿਆਸਤੀ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਕਮਰਸ਼ੀਅਲ ਗਤੀਵਿਧੀਆਂ ਨੂੰ ਲੈ ਕੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਸ਼ਹਿਰ ਦੇ ਕਸਾਬਾ ਮੁਹੱਲਾ ਤੋਂ ਲੈ ਕੇ ਪੁਰਾਣੀ ਸਬਜ਼ੀ ਮੰਡੀ(ਬਾਲੀ ਸਮੋਸਿਆਂ ਵਾਲੀ ਗਲੀ) ਵੱਲ ਨਿਕਲਦੀ ਤੰਗ ਗਲੀ ਤੱਕ ਕਈ ਥਾਵਾਂ ’ਤੇ ਰਿਹਾਇਸ਼ੀ ਇਲਾਕਿਆਂ ਵਿੱਚ ਕਮਰਸ਼ੀਅਲ ਦੁਕਾਨਾਂ ਦਾ ਨਿਰਮਾਣ ਹੁੰਦਾ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਥਾਵਾਂ ’ਤੇ ਦੁਕਾਨਾਂ ਦੇ ਲੈਂਟਰ ਤੱਕ ਪੈ ਚੁੱਕੇ ਹਨ, ਜਦਕਿ ਕਈ ਹੋਰ ਦੁਕਾਨਾਂ ਹਾਲੇ ਚਾਰ ਦੀਵਾਰੀ ਦੇ ਘੇਰੇ ਵਿਚ ਹੈ ਅਤੇ ਲਗਾਤਾਰ ਕੰਮ ਜਾਰੀ ਹੈ
ਸਥਾਨਕ ਲੋਕਾਂ ਅਨੁਸਾਰ ਇਨ੍ਹਾਂ ਇਲਾਕਿਆਂ ਵਿੱਚ ਕਈ ਗਲੀਆਂ ਇੰਨੀਆਂ ਤੰਗ ਹਨ ਕਿ ਆਮ ਆਵਾਜਾਈ ਤਾਂ ਦੂਰ ਦੀ ਗੱਲ, ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਵੱਡੀ ਮੁਸ਼ਕਲ ਪੈਦਾ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਥਾਵਾਂ ’ਤੇ ਗਲੀ ਦੀ ਚੌੜਾਈ ਮਹਿਜ਼ ਕਰੀਬ 2-2 ਫੁੱਟ ਦੇ ਆਸ-ਪਾਸ ਰਹਿ ਗਈ ਹੈ। ਅਜਿਹੇ ਵਿੱਚ ਸਵਾਲ ਇਹ ਹੈ ਕਿ ਇਨ੍ਹਾਂ ਤੰਗ ਗਲੀਆਂ ਵਿੱਚ ਕਮਰਸ਼ੀਅਲ ਦੁਕਾਨਾਂ ਦਾ ਨਿਰਮਾਣ ਕਿਸ ਨਿਯਮ ਅਤੇ ਕਿਸ ਮਨਜ਼ੂਰੀ ਦੇ ਆਧਾਰ ’ਤੇ ਹੋ ਰਿਹਾ ਹੈ?
ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਇਹ ਇਲਾਕਾ ਰਿਹਾਇਸ਼ੀ ਹੈ ਤਾਂ ਇੱਥੇ ਲਗਾਤਾਰ ਕਮਰਸ਼ੀਅਲ ਨਿਰਮਾਣ ਕਿਵੇਂ ਹੋ ਰਿਹਾ ਹੈ? ਕੀ ਇਨ੍ਹਾਂ ਦੁਕਾਨਾਂ ਦੇ ਨਕਸ਼ੇ ਪਾਸ ਹਨ? ਕੀ ਨਗਰ ਨਿਗਮ ਵੱਲੋਂ ਇਨ੍ਹਾਂ ਨੂੰ ਕਮਰਸ਼ੀਅਲ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ? ਜੇਕਰ ਮਨਜ਼ੂਰੀ ਨਹੀਂ ਹੈ ਤਾਂ ਨਿਰਮਾਣ ਸ਼ੁਰੂ ਹੋਣ ਤੋਂ ਲੈ ਕੇ ਲੈਂਟਰ ਪੈਣ ਤੱਕ ਸਬੰਧਤ ਵਿਭਾਗ ਦੀ ਨਜ਼ਰ ਇਸ ਪਾਸੇ ਕਿਉਂ ਨਹੀਂ ਪਈ?
‘ਬਾਕਸ..ਮਿਲੀਭੁਗਤ’ ਦੇ ਦੋਸ਼, ਪਰ ਜਾਂਚ ਕੌਣ ਕਰੇਗਾ?
ਇਸ ਪੂਰੇ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਦਾ ਬਾਜ਼ਾਰ ਗਰਮ ਹੈ। ਸਥਾਨਕ ਸੂਤਰਾਂ ਵੱਲੋਂ ਇੱਥੋਂ ਤੱਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਿਰਮਾਣ ਕਥਿਤ ਤੌਰ ’ਤੇ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਜਾਂ ਕਥਿਤ ਸਰਪ੍ਰਸਤੀ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ, ਪਰ ਜੇਕਰ ਇਨ੍ਹਾਂ ਵਿੱਚ ਰੱਤੀ ਭਰ ਵੀ ਸੱਚਾਈ ਹੈ ਤਾਂ ਇਹ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਆਮ ਨਾਗਰਿਕ ਜੇਕਰ ਨਿਯਮਾਂ ਅਨੁਸਾਰ ਕੋਈ ਛੋਟਾ-ਮੋਟਾ ਨਿਰਮਾਣ ਵੀ ਕਰੇ ਤਾਂ ਉਸਨੂੰ ਕਈ ਤਰ੍ਹਾਂ ਦੀਆਂ ਮਨਜ਼ੂਰੀਆਂ ਅਤੇ ਨਿਯਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਅਜਿਹੇ ਤੰਗ ਰਸਤੇ ਵਾਲੇ ਰਿਹਾਇਸ਼ੀ ਇਲਾਕਿਆਂ ਵਿੱਚ ਇੱਕ ਤੋਂ ਬਾਅਦ ਇੱਕ ਕਮਰਸ਼ੀਅਲ ਦੁਕਾਨਾਂ ਕਿਵੇਂ ਤਿਆਰ ਹੋ ਰਹੀਆਂ ਹਨ?
ਬਾਕਸ....ਅੱਗੇ ਕੌਣ ਦੇ ਰਿਹਾ ਹੈ ‘ਹਰੀ ਝੰਡੀ’?
ਇਲਾਕੇ ਵਿੱਚ ਚੱਲ ਰਹੇ ਨਿਰਮਾਣ ਨੂੰ ਦੇਖ ਕੇ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਆਖ਼ਿਰ ਇਨ੍ਹਾਂ ਨਿਰਮਾਣਕਾਰਾਂ ਨੂੰ ਕਿਸ ਪੱਧਰ ਤੋਂ ਹੌਸਲਾ ਮਿਲ ਰਿਹਾ ਹੈ। ਕੀ ਸਬੰਧਤ ਅਧਿਕਾਰੀਆਂ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਹੈ? ਕੀ ਨਿਰਮਾਣ ਰੋਕਣ ਲਈ ਕੋਈ ਨੋਟਿਸ ਜਾਰੀ ਕੀਤਾ ਗਿਆ? ਜੇ ਨਹੀਂ, ਤਾਂ ਕਿਉਂ ਨਹੀਂ?
ਸਭ ਤੋਂ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਗਲੀਆਂ ਵਿੱਚ ਜੇਕਰ ਕਮਰਸ਼ੀਅਲ ਗਤੀਵਿਧੀਆਂ ਵਧਦੀਆਂ ਹਨ ਤਾਂ ਭਵਿੱਖ ਵਿੱਚ ਆਵਾਜਾਈ, ਪਾਰਕਿੰਗ, ਅੱਗ ਬੁਝਾਊ ਗੱਡੀਆਂ ਦੀ ਪਹੁੰਚ ਅਤੇ ਹੋਰ ਐਮਰਜੈਂਸੀ ਸੇਵਾਵਾਂ ਲਈ ਕੀ ਹਾਲਾਤ ਬਣਨਗੇ? ਜੇਕਰ ਕਿਸੇ ਦਿਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ?
- ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਕਿਹੜੀਆਂ ਦੁਕਾਨਾਂ ਲਈ ਮਨਜ਼ੂਰੀ ਲਈ ਗਈ ਹੈ, ਕਿਹੜੀਆਂ ਬਿਨਾਂ ਮਨਜ਼ੂਰੀ ਬਣ ਰਹੀਆਂ ਹਨ ਅਤੇ ਨਿਯਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ।
- ਇਸ ਪੂਰੇ ਮਾਮਲੇ ਦਾ ਅਗਲਾ ਪਹਿਲੂ ਅਤੇ ਹੋਰ ਅਹਿਮ ਖੁਲਾਸੇ ਜਲਦ ਤੁਹਾਡੇ ਸਾਹਮਣੇ ਲਿਆਂਦੇ ਜਾਣਗੇ।
ਨਿਗਮ ਕਮਿਸ਼ਨਰ ਨਾਲ ਸੰਪਰਕ ਦੀ ਕੋਸ਼ਿਸ਼, ਨਹੀਂ ਹੋ ਸਕਿਆ ਸੰਪਰਕ
ਇਸ ਮਾਮਲੇ ਸਬੰਧੀ ਜਦੋਂ ਨਗਰ ਨਿਗਮ ਦੀ ਕਮਿਸ਼ਨਰ ਨਾਲ ਪੱਖ ਜਾਣਨ ਅਤੇ ਇਹ ਪਤਾ ਕਰਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਹੋ ਰਹੇ ਇਨ੍ਹਾਂ ਕਮਰਸ਼ੀਅਲ ਨਿਰਮਾਣਾਂ ਸਬੰਧੀ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਕਿ ਜਦੋਂ ਸ਼ਹਿਰ ਵਿੱਚ ਇੰਨੇ ਸੰਵੇਦਨਸ਼ੀਲ ਮਾਮਲੇ ਸਾਹਮਣੇ ਆ ਰਹੇ ਹੋਣ ਤਾਂ ਸਬੰਧਤ ਵਿਭਾਗ ਵੱਲੋਂ ਇਨ੍ਹਾਂ ਨਿਰਮਾਣਾਂ ਦੀ ਜਾਂਚ ਕਦੋਂ ਕੀਤੀ ਜਾਵੇਗੀ?
...ਹੁਣ ਵਾਰੀ ਜਵਾਬਦੇਹੀ ਦੀ
ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਕਿਹੜੀਆਂ ਦੁਕਾਨਾਂ ਲਈ ਮਨਜ਼ੂਰੀ ਲਈ ਗਈ ਹੈ, ਕਿਹੜੀਆਂ ਬਿਨਾਂ ਮਨਜ਼ੂਰੀ ਬਣ ਰਹੀਆਂ ਹਨ ਅਤੇ ਨਿਯਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ।
ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ, ਮਿਲੀਭੁਗਤ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਮਾਮਲਾ ਸਿਰਫ਼ ਕੁਝ ਦੁਕਾਨਾਂ ਦੇ ਨਿਰਮਾਣ ਦਾ ਨਹੀਂ, ਸਗੋਂ ਸ਼ਹਿਰ ਦੀ ਯੋਜਨਾਬੰਦੀ, ਲੋਕਾਂ ਦੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਨਾਲ ਜੁੜਿਆ ਮਾਮਲਾ ਹੈ।
.ਇਸ ਪੂਰੇ ਮਾਮਲੇ ਦਾ ਅਗਲਾ ਪਹਿਲੂ ਅਤੇ ਹੋਰ ਅਹਿਮ ਖੁਲਾਸੇ ਜਲਦ ਤੁਹਾਡੇ ਸਾਹਮਣੇ ਲਿਆਂਦੇ ਜਾਣਗੇ।
Leave a Reply