ਸਟੇਟ ਪੱਧਰ 'ਤੇ ਦੋ ਚਾਂਦੀ ਦੇ ਤਗਮੇ ਜਿੱਤ ਕੇ ਜੈਸਮੀਨ ਕੌਰ ਨੇ ਵਧਾਇਆ ਮਾਣ
- ਖੇਡ
- 03 Aug, 2026 07:56 AM (Asia/Kolkata)
ਜਿਲ੍ਹਾ ਤੇ ਜੋ਼ਨ ਪੱਧਰੀ ਮੁਕਾਬਲਿਆਂ ਵਿੱਚ ਵੀ ਕਰ ਚੁੱਕੀ ਹੈ ਪੰਜ ਗੋਲਡ ਮੈਡਲ ਹਾਸਲ
ਨੈਸ਼ਨਲ ਗੇਮਾਂ ਲਈ ਹੋਈ ਚੋਣ,ਪ੍ਰਮੁੱਖ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਸਨਮਾਨ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,3 ਅਗਸਤ
ਮਾਈ ਭਾਗੋ ਇੰਟਰਨੈਸ਼ਨਲ ਸਕੂਲ,ਉਸਮਾਂ ਦੀ ਪਲੱਸ-ਵਨ ਦੀ ਵਿਦਿਆਰਥਣ ਜੈਸਮੀਨ ਕੌਰ ਪੁੱਤਰੀ ਸੁਲੱਖਣ ਸਿੰਘ ਵਾਸੀ ਸਰਹਾਲੀ ਨੇ ਐਥਲੈਟਿਕਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਪਰਿਵਾਰ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਹਾਲ ਹੀ ਵਿੱਚ ਬੀਬੀ ਸੁਰਿੰਦਰ ਕੌਰ ਸਟੇਡੀਅਮ, ਪਿੰਡ ਬਾਦਲ (ਜ਼ਿਲ੍ਹਾ ਬਠਿੰਡਾ) ਵਿਖੇ ਹੋਈਆਂ ਪੰਜਾਬ ਸਟੇਟ ਖੇਡਾਂ ਵਿੱਚ ਜੈਸਮੀਨ ਕੌਰ ਨੇ ਸ਼ਾਟਪੁੱਟ ਅਤੇ ਹੈਮਰ ਥਰੋ ਮੁਕਾਬਲਿਆਂ ਵਿੱਚ ਦੋ ਸਿਲਵਰ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਜੈਸਮੀਨ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਤਿੰਨ ਗੋਲਡ ਮੈਡਲ ਅਤੇ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਦੋ ਗੋਲਡ ਮੈਡਲ ਆਪਣੇ ਨਾਮ ਕਰ ਚੁੱਕੀ ਹੈ।ਉਸਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਹੁਣ ਉਸਦੀ ਚੋਣ ਨੈਸ਼ਨਲ ਗੇਮਾਂ ਲਈ ਵੀ ਹੋ ਗਈ ਹੈ, ਜਿਸ ਨਾਲ ਪਰਿਵਾਰ ਅਤੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ।
ਇਸ ਉਪਲਬਧੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਐੱਸ.ਸੀ. ਵਿੰਗ ਦੇ ਪ੍ਰਧਾਨ ਕਸ਼ਮੀਰ ਸਿੰਘ, ਐਥਲੈਟਿਕਸ ਕੋਚ ਰਾਜਦੀਪ ਸਿੰਘ,ਏਐਸਆਈ ਰਣਜੀਤ ਸਿੰਘ,ਬਾਸਕਟਬਾਲ ਕੋਚ ਬਿਕਰਮਜੀਤ ਸਿੰਘ, ਮਾਸਟਰ ਹਰਦੀਪ ਸਿੰਘ,ਮੈਂਬਰ ਕੁਲਦੀਪ ਸਿੰਘ ਅਤੇ ਸੁਖਚੈਨ ਸਿੰਘ ਨੇ ਜੈਸਮੀਨ ਕੌਰ, ਉਸਦੇ ਪਿਤਾ ਸੁਲੱਖਣ ਸਿੰਘ ਅਤੇ ਮਾਤਾ ਰਛਪਾਲ ਕੌਰ ਨੂੰ ਸਨਮਾਨਿਤ ਕਰਕੇ ਉਸਦਾ ਹੌਸਲਾ ਵਧਾਇਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਨਵੀਆਂ ਉਚਾਈਆਂ ਛੂਹ ਰਹੀਆਂ ਹਨ ਅਤੇ ਉਹ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ।ਉਨ੍ਹਾਂ ਕਿਹਾ ਕਿ ਧੀਆਂ ਨੂੰ ਵੀ ਪੁੱਤਰਾਂ ਵਾਂਗ ਬਰਾਬਰ ਦੇ ਮੌਕੇ, ਪਿਆਰ ਅਤੇ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ।ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜੈਸਮੀਨ ਕੌਰ ਭਵਿੱਖ ਵਿੱਚ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਮਾਤਾ-ਪਿਤਾ,ਸਕੂਲ ਅਤੇ ਪੰਜਾਬ ਦਾ ਨਾਮ ਹੋਰ ਉੱਚਾ ਕਰੇਗੀ।
Leave a Reply