ਪਰਾਲੀ ਅਤੇ ਹੜ੍ਹਾਂ ਦੇ ਮਸਲੇ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 19 ਜਿਲ੍ਹਿਆਂ ਵਿੱਚ 112 ਥਾਵਾਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ
- ਰਾਜਨੀਤੀ
- (Asia/Kolkata)
ਝੋਨੇ ਦੀ ਫ਼ਸਲ ਲਈ 70 ਹਜ਼ਾਰ ਪ੍ਰਤੀ ਏਕੜ ਮਜਦੂਰ ਲਈ 10% ਮੁਆਵਜ਼ੇ ਦੀ ਕੀਤੀ ਮੰਗ, ਪਰਾਲੀ ਦੇ ਪਰਚੇ ਅਤੇ ਜੁਰਮਾਨੇ ਕੀਤੇ ਜਾਣ ਬੰਦ ਨਹੀਂ ਤਾਂ ਹੋਣਗੇ ਘੇਰਾਓ
ਟਾਂਗਰਾ 06 ਅਕਤੂਬਰ, ਸੁਰਜੀਤ ਸਿੰਘ ਖ਼ਾਲਸਾ
ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਡੇ ਪੁਤਲੇ ਬਣਾ ਕੇ ਫੂਕੇ ਗਏ, ਇਸ ਬਾਰੇ ਜਾਣਕਾਰੀ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਵਿਸ਼ਾਲ ਇੱਕਠ ਕਰਕੇ ਪੁਤਲਾ ਫੂਕਣ ਤੋਂ ਬਾਅਦ ਦਿੱਤੀ ਗਈ। ਉਹਨਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਮੁੱਖ ਮੰਗਾਂ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ, ਝੋਨੇ ਦਾ ਸੱਤਰ ਹਜਾਰ ਪ੍ਰਤੀ ਏਕੜ ਅਤੇ ਇਸਦਾ 10% ਖੇਤ ਮਜ਼ਦੂਰ ਨੂੰ, ਪਸ਼ੂਆਂ ਤੇ ਪੋਲਟਰੀ ਫਾਰਮਾਂ ਦਾ 100% ਮੁਆਵਜ਼ਾ, ਸਭ ਵਰਗਾਂ ਦੇ ਨੁਕਸਾਨੇ ਗਏ ਘਰਾਂ ਦਾ 100% ਭਰਪਾਈ ਕੀਤੀ ਜਾਵੇ, ਕਣਕ ਦੀ ਬਿਜਾਈ ਲਈ ਤੇਲ ਅਤੇ ਖਾਦ ਬੀਜ ਸਰਕਾਰ ਵੱਲੋਂ ਦਿੱਤੇ ਜਾਣ, ਖੇਤ ਵਿੱਚੋਂ ਰੇਤ ਕੱਢਣ ਤੇ ਸਮਾਂ ਸੀਮਾਂ ਦੀ ਸ਼ਰਤ ਹਟਾਈ ਜਾਵੇ, ਪੰਜਾਬ ਦੇ ਡੈਮਾਂ ਤੋਂ ਗਲਤ ਪ੍ਰਕਿਰਿਆਂ ਨਾਲ ਛੱਡੇ ਗਏ ਪਾਣੀ ਬਾਰੇ ਨਿਰਪੱਖ ਜੁਡੀਸ਼ਅਲ ਕਮਿਸ਼ਨ ਦੁਆਰਾ ਜਾਂਚ ਕਰਾਈ ਜਾਵੇ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਦਰਿਆਵਾਂ ਨੂੰ ਨਹਿਰੀ ਰੂਪ ਦੇ ਕਰ ਪੱਕੇ ਬੰਨ੍ਹ ਬੰਨ੍ਹੇ ਜਾਣ। ਉਹਨਾਂ ਕਿਹਾ ਕਿ ਮੁਆਵਜੇ ਲਈ 5 ਏਕੜ ਵਾਲੀ ਸ਼ਰਤ ਹਟਾ ਕੇ ਸਾਰੇ ਨੁਕਸਾਨ ਲਈ ਮੁਆਵਜਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਤ੍ਰਾਸਦੀ ਹੈ ਕਿ ਕਿਸਾਨਾਂ ਨੂੰ ਜਿਸ ਫ਼ਸਲ ਦੇ ਤਬਾਹ ਹੋਣ ਤੇ ਸਰਕਾਰ 20 ਹਜ਼ਾਰ ਦੇ ਮੁਆਵਜੇ ਦਾ ਐਲਾਨ ਕਰਦੀ ਹੈ ਓਸੇ ਝੋਨੇ ਦੀ ਪਰਾਲੀ ਨੂੰ ਸਾੜਨ ਤੇ 30 ਹਜ਼ਾਰ ਜੁਰਮਾਨਾ ਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਸ਼ੌਂਕ ਨਾਲ ਅੱਗ ਨਹੀਂ ਲਗਾਉਂਦਾ, ਸਰਕਾਰ ਖੁਦ ਇਸਦਾ ਠੋਸ ਪ੍ਰਬੰਧ ਕਰੇ ਜਾਂ ਕਿਸਾਨ ਨੂੰ ਆਪਣੇ ਪੱਧਰ ਤੇ ਪ੍ਰਬੰਧ ਕਰਨ ਲਈ 200 ਪ੍ਰਤੀ ਕੁਇੰਟਲ ਜਾਂ 6000 ਪ੍ਰਤੀ ਏਕੜ ਦਿੱਤਾ ਜਾਵੇ, ਕਿਸਾਨਾਂ ਦੀਆਂ ਗ੍ਰਿਫਤਾਰੀਆਂ, ਜੁਰਮਾਨੇ ਅਤੇ ਰੈਡ ਐਂਟਰੀ ਕਰਨਾ ਬੰਦ ਕੀਤੀਆਂ ਜਾਣ। ਉਹਨਾਂ ਕਿਹਾ ਕਿ ਦੋਗਲੀ ਨੀਤੀ ਤਹਿਤ ਸਰਕਾਰ ਵੱਲੋਂ ਇੱਕ ਪਾਸੇ 94% ਪ੍ਰਦੂਸ਼ਣ ਕਰਨ ਵਾਲੇ ਕਾਰਪੋਰੇਟ ਖੇਤਰ ਨੂੰ ਪ੍ਰਦੂਸ਼ਣ ਲਈ ਖੁੱਲ੍ਹ ਦੇ ਦਿੱਤੀ ਗਈ ਹੈ ਪਰ ਮਾਤਰ 6% ਪ੍ਰਦੂਸ਼ਣ ਵਾਲੇ ਅਤੇ ਪੂਰਾ ਸਾਲ ਆਕਸੀਜ਼ਨ ਪੈਦਾ ਕਰਨ ਵਾਲੇ ਖੇਤੀ ਖੇਤਰ ਲਈ ਕਿਸਾਨਾਂ ਦੇ ਮਾਨ ਸਨਮਾਨ ਨੂੰ ਸੱਟ ਮਾਰਨ ਵਾਲੇ ਤਰੀਕੇ ਨਾਲ ਸਜ਼ਾਵਾਂ, ਜੁਰਮਾਨੇ ਅਤੇ ਰੈੱਡ ਐਂਟਰੀਆਂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੋਰਚੇ ਦੇ ਐਲਾਨ ਅਨੁਸਾਰ ਅਗਰ ਸਰਕਾਰ ਇਹ ਕੰਮ ਬੰਦ ਨਹੀਂ ਕਰਦੀ ਤਾਂ ਅਧਿਕਾਰੀਆਂ ਦੀ ਘੇਰ ਘਰਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕੁਦਰਤੀ ਮਾਰ ਕਰਕੇ ਪਹਿਲਾਂ ਹੀ ਕਿਸਾਨ ਨੂੰ ਝੋਨੇ ਦੀ ਫ਼ਸਲ ਤੇ ਨੁਕਸਾਨ ਹੋਇਆ ਹੈ ਸੋ ਖਰੀਦ ਸਮੇਂ ਕੱਟ ਨਾ ਲਗਾਏ ਜਾਣ, ਗੰਨੇ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਨਰਮੇ ਅਤੇ ਬਾਸਮਤੀ ਦੀ ਸਹੀ ਕੀਮਤ ਦੇਣ ਵੱਲ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਹੜ੍ਹਾਂ ਦੇ ਮੁਆਵਜੇ ਤੁਰੰਤ ਜਾਰੀ ਕੀਤੇ ਜਾਣ ਤਾਂ ਜ਼ੋ ਪ੍ਰਭਾਵਿਤ ਲੋਕਾਂ ਦੇ ਰੋਜ਼ਮਰਾ ਦੀ ਜ਼ਿੰਦਗੀ ਮੁੜ ਲੀਹਾਂ ਤੇ ਆਉਣ ਵੱਲ ਵੱਧ ਸਕੇ । ਉਹਨਾਂ ਦੱਸਿਆ ਕਿ ਖਰਾਬ ਮੌਸਮ ਦੇ ਬਵਜੂਦ 112 ਥਾਵਾਂ ਤੇ ਪੁਤਲਾ ਫੂਕ ਮੁਜ਼ਾਹਰੇ ਕੀਤੇ ਗਏ ਹਨ। ਇਸ ਮੌਕੇ ਵੱਖ ਵੱਖ ਥਾਵਾਂ ਤੇ ਬੀ ਕੇ ਯੂ ਏਕਤਾ ਅਜ਼ਾਦ ਤੋਂ ਜਸਵਿੰਦਰ ਸਿੰਘ ਲੌਂਗੋਵਾਲ, ਬੀ ਕੇ ਯੂ ਕ੍ਰਾਂਤੀਕਾਰੀ ਤੋਂ ਬਲਦੇਵ ਸਿੰਘ ਜੀਰਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸੁਖਵਿੰਦਰ ਸਿੰਘ ਸਭਰਾ, ਬੀ ਕੇ ਯੂ ਦੋਆਬਾ ਤੋਂ ਮਨਜੀਤ ਸਿੰਘ ਰਾਏ, ਕਿਸਾਨ ਮਜ਼ਦੂਰ ਹਿਤਕਾਰੀ ਸਭਾ ਤੋਂ ਓਂਕਾਰ ਸਿੰਘ ਭੰਗਾਲਾ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਦਿਲਬਾਗ ਸਿੰਘ ਗਿੱਲ, ਬੀ ਕੇ ਯੂ ਭਤੇੜੀ ਤੋਂ ਜੰਗ ਸਿੰਘ ਭਤੇੜੀ, ਕਿਸਾਨ ਮਜਦੂਰ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਿਰ ਰਹੇ।
Leave a Reply