ਸੋਨੀਆ ਮਾਨ ਨੂੰ ਟਿਕਟ ਦੇਣ ’ਤੇ ‘ਆਪ’ ਵਿੱਚ ਬਗਾਵਤ, ਤਿੰਨ ਆਗੂਆਂ ਵੱਲੋਂ ਅਸਤੀਫ਼ੇ; CM ਨੂੰ ਹਰਾਉਣ ਵਾਲਾ MLA ਵੀ ਨਾਰਾਜ਼

ਸੋਨੀਆ ਮਾਨ ਨੂੰ ਟਿਕਟ ਦੇਣ ’ਤੇ ‘ਆਪ’ ਵਿੱਚ ਬਗਾਵਤ, ਤਿੰਨ ਆਗੂਆਂ ਵੱਲੋਂ ਅਸਤੀਫ਼ੇ; CM ਨੂੰ ਹਰਾਉਣ ਵਾਲਾ MLA ਵੀ ਨਾਰਾਜ਼

ਰਾਜਾਸਾਂਸੀ ਤੋਂ ਉਮੀਦਵਾਰ ਬਦਲਣ ਦੀ ਮੰਗ, ਸੁਖਦੀਪ ਸਿੰਘ ਛੀਨਾ ਵੱਲੋਂ ਹੋਰ ਆਗੂਆਂ ਦੇ ਪਾਰਟੀ ਛੱਡਣ ਦੀ ਚਿਤਾਵਨੀ

ਚੰਡੀਗੜ੍ਹ ,ਮੰਗਤ ਸਿੰਘ ਸੈਦਪੁਰ 

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਵੱਲੋਂ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਅੰਦਰੂਨੀ ਨਾਰਾਜ਼ਗੀ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਤੋਂ ਅਦਾਕਾਰਾ ਡਾ. ਸੋਨੀਆ ਮਾਨ ਨੂੰ ਪਾਰਟੀ ਉਮੀਦਵਾਰ ਬਣਾਏ ਜਾਣ ਦੇ ਵਿਰੋਧ ਵਿੱਚ ਤਿੰਨ ਆਗੂਆਂ ਨੇ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਦੂਜੇ ਪਾਸੇ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਵੀ ਟਿਕਟ ਨਾ ਮਿਲਣ ਕਾਰਨ ਨਾਰਾਜ਼ ਦੱਸੇ ਜਾ ਰਹੇ ਹਨ।

ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਅਤੇ ਨਸ਼ਾ ਮੁਕਤੀ ਮੋਰਚੇ ਦੇ ਏਰੀਆ ਕੋਆਰਡੀਨੇਟਰ ਸੁਖਦੀਪ ਸਿੰਘ ਛੀਨਾ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੂੰ ਭੇਜਿਆ ਹੈ।

ਉਨ੍ਹਾਂ ਦੇ ਨਾਲ ਰਾਜਾਸਾਂਸੀ ਹਲਕੇ ਦੇ ਸੰਗਠਨ ਇੰਚਾਰਜ ਰਾਜਬੀਰ ਸਿੰਘ ਛੀਨਾ ਅਤੇ ਹਲਕੇ ਦੇ ਐੱਸਸੀ ਵਿੰਗ ਕੋਆਰਡੀਨੇਟਰ ਗੁਰਦੇਵ ਸਿੰਘ ਜੋਬਨ ਝੰਜੋਟੀ ਨੇ ਵੀ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ ਹੈ।

13 ਸਾਲ ਪਾਰਟੀ ਲਈ ਕੰਮ ਕੀਤਾ, ਹੁਣ ਵਰਕਰ ਨਿਰਾਸ਼ : ਛੀਨਾ

ਸੁਖਦੀਪ ਸਿੰਘ ਛੀਨਾ ਨੇ ਕਿਹਾ ਕਿ ਉਹ ਪਿਛਲੇ 13 ਸਾਲਾਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਜਾ ਕੇ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਵਿੱਚ ਵੀ ਉਨ੍ਹਾਂ ਸਰਗਰਮ ਭੂਮਿਕਾ ਨਿਭਾਈ।

ਛੀਨਾ ਨੇ ਦੋਸ਼ ਲਾਇਆ ਕਿ ਰਾਜਾਸਾਂਸੀ ਹਲਕੇ ਦੀ ਇੰਚਾਰਜ ਡਾ. ਸੋਨੀਆ ਮਾਨ ਦੇ ਕੰਮ ਕਰਨ ਦੇ ਢੰਗ ਕਾਰਨ ਪਾਰਟੀ ਦੇ ਪੁਰਾਣੇ ਆਗੂਆਂ ਅਤੇ ਵਰਕਰਾਂ ਵਿੱਚ ਨਿਰਾਸ਼ਾ ਵਧੀ ਹੈ। ਉਨ੍ਹਾਂ ਮੁਤਾਬਕ ਕਈ ਸਰਗਰਮ ਵਰਕਰ ਹੁਣ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਹੋ ਗਏ ਹਨ।

ਸੋਨੀਆ ਮਾਨ ਦੀ ਉਮੀਦਵਾਰੀ ’ਤੇ ਮੁੜ ਵਿਚਾਰ ਕਰਨ ਦੀ ਮੰਗ

ਸੁਖਦੀਪ ਸਿੰਘ ਛੀਨਾ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੂੰ ਅਪੀਲ ਕੀਤੀ ਕਿ ਰਾਜਾਸਾਂਸੀ ਹਲਕੇ ਤੋਂ ਐਲਾਨੇ ਉਮੀਦਵਾਰ ਬਾਰੇ ਮੁੜ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਅਜਿਹੇ ਮਿਹਨਤੀ ਅਤੇ ਲੋਕਾਂ ਨਾਲ ਜੁੜੇ ਵਰਕਰ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਹੈ, ਜੋ ਚੋਣ ਜਿੱਤਣ ਦੀ ਸਮਰੱਥਾ ਰੱਖਦਾ ਹੋਵੇ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਾਰਟੀ ਲੀਡਰਸ਼ਿਪ ਨੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਆਗੂ ਅਤੇ ਵਰਕਰ ਵੀ ਪਾਰਟੀ ਛੱਡ ਸਕਦੇ ਹਨ।

ਸਾਬਕਾ ਮੁੱਖ ਮੰਤਰੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਵੀ ਨਾਰਾਜ਼ਗੀ

ਇਸੇ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਹਲਕੇ ਤੋਂ ‘ਆਪ’ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਦੇ ਵੀ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋਣ ਦੀਆਂ ਖ਼ਬਰਾਂ ਹਨ। ਪਾਰਟੀ ਵੱਲੋਂ ਉਨ੍ਹਾਂ ਦੀ ਥਾਂ ਜਸਬੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਡਾ. ਚਰਨਜੀਤ ਸਿੰਘ ਚੰਨੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਹਲਕੇ ਤੋਂ ਹਰਾਇਆ ਸੀ।

ਸਿਆਸੀ ਹਲਕਿਆਂ ਵਿੱਚ ਉਨ੍ਹਾਂ ਦੇ ਅਗਲੇ ਕਦਮ ਨੂੰ ਲੈ ਕੇ ਚਰਚਾ ਹੈ। ਹਾਲਾਂਕਿ ਉਨ੍ਹਾਂ ਵੱਲੋਂ ਪਾਰਟੀ ਛੱਡਣ ਬਾਰੇ ਕਿਸੇ ਅਧਿਕਾਰਤ ਫ਼ੈਸਲੇ ਦੀ ਪੁਸ਼ਟੀ ਨਹੀਂ ਹੋਈ ਹੈ।

ਰਾਜਾਸਾਂਸੀ ਅਤੇ ਚਮਕੌਰ ਸਾਹਿਬ ਵਿੱਚ ਉੱਭਰੀ ਨਾਰਾਜ਼ਗੀ ਨੇ ਆਮ ਆਦਮੀ ਪਾਰਟੀ ਲਈ ਨਵੀਂ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਲੀਡਰਸ਼ਿਪ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਕੀ ਕਦਮ ਚੁੱਕਦੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.