ਗੁਰਦੁਆਰਾ ਲੰਗਰ ਸਾਹਿਬ ਨਾਂਦੇੜ ਵਿਖੇ 4 ਅਗਸਤ ਨੂੰ ਮਨਾਇਆ ਜਾਵੇਗਾ ਮਹਾਂਪੁਰਸ਼ਾਂ ਦਾ 21ਵਾਂ ਸਲਾਨਾ ਬਰਸੀ ਸਮਾਗਮ
- ਧਾਰਮਿਕ/ਰਾਜਨੀਤੀ
- 26 Jul, 2026 02:38 PM (Asia/Kolkata)
ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ,ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦਾ ਵੀ ਹੋਵੇਗਾ ਪ੍ਰਬੰਧ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ/ਨਾਂਦੇੜ,26 ਜੁਲਾਈ
ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਲੰਗਰ ਸਾਹਿਬ ਦੇ ਬਾਨੀ ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਜੀ,ਬਾਬਾ ਹਰਨਾਮ ਸਿੰਘ ਜੀ,ਬਾਬਾ ਆਤਮਾ ਸਿੰਘ ਜੀ ਅਤੇ ਬਾਬਾ ਸ਼ੀਸ਼ਾ ਸਿੰਘ ਜੀ ਦਾ 21ਵਾਂ ਸਲਾਨਾ ਬਰਸੀ ਸਮਾਗਮ 4 ਅਗਸਤ, ਮੰਗਲਵਾਰ ਨੂੰ ਗੁਰਦੁਆਰਾ ਲੰਗਰ ਸਾਹਿਬ,ਨਾਂਦੇੜ ਵਿਖੇ ਪੂਰੀ ਧਾਰਮਿਕ ਸ਼ਰਧਾ, ਸਤਿਕਾਰ ਅਤੇ ਖ਼ਾਲਸਾਈ ਰਵਾਇਤਾਂ ਅਨੁਸਾਰ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਸ ਮਹਾਨ ਧਾਰਮਿਕ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪਿਛਲੇ ਸਾਲ ਤੋਂ ਨਿਰੰਤਰ ਚੱਲ ਰਹੀ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਸੰਪੂਰਨਤਾ ਵੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਮਾਗਮ ਮੌਕੇ ਪੰਥ ਪ੍ਰਸਿੱਧ ਰਾਗੀ,ਢਾਡੀ ਅਤੇ ਕਥਾਵਾਚਕ ਜਥੇ ਗੁਰਬਾਣੀ ਕੀਰਤਨ,ਕਥਾ-ਵਿਚਾਰ ਅਤੇ ਗੁਰਮਤਿ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।ਇਸ ਮੌਕੇ ਬਾਬਾ ਨਰਿੰਦਰ ਸਿੰਘ ਜੀ ਅਤੇ ਬਾਬਾ ਬਲਵਿੰਦਰ ਸਿੰਘ ਜੀ ਸਮਾਗਮ ਵਿੱਚ ਪੁੱਜਣ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਨਗੇ।
ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਕਿ ਇਸੇ ਦਿਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਅੰਮ੍ਰਿਤ ਛਕਣ ਦੇ ਇੱਛੁਕ ਪ੍ਰਾਣੀਆਂ ਨੂੰ ਇਸ ਪਾਵਨ ਮੌਕੇ ਦਾ ਲਾਹਾ ਲੈ ਕੇ ਗੁਰੂ ਵਾਲੇ ਬਣਨ ਅਤੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਸਫਲ ਬਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਰਿਹਾਇਸ਼ ਦਾ ਯੋਗ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ, ਜਦਕਿ ਸਮੁੱਚੇ ਸਮਾਗਮ ਦੌਰਾਨ ਗੁਰੂ ਕਾ ਅਤੁੱਟ ਲੰਗਰ ਨਿਰੰਤਰ ਵਰਤਾਇਆ ਜਾਵੇਗਾ।
ਇਸ ਮੌਕੇ ਗੋਲਡਨ ਟੈਂਪਲ ਸ਼ਾਪਕੀਪਰ ਐਸੋਸੀਏਸ਼ਨ ਘੰਟਾ ਘਰ, ਅੰਮ੍ਰਿਤਸਰ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਨੇ ਵੀ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਦੇ ਭਾਗੀ ਬਣਨ।
Leave a Reply