ਮੀਰ ਜਾਫ਼ਰ ਦੇ ਵਾਰਸ ਨੇ ਭਾਜਪਾ ਦੇ ਸਿੱਖ...
- ਰਾਜਨੀਤੀ
- 23 Jun, 2026 08:46 PM (Asia/Kolkata)
ਮੀਰ ਜਾਫ਼ਰ ਦੇ ਵਾਰਸ ਨੇ ਭਾਜਪਾ ਦੇ ਸਿੱਖ…
ਹਿੰਦੂ ਹਾਕਮਾਂ ਨੇ 1947 'ਚ ਸਿੱਖਾਂ ਨੂੰ ਸਹਿਜੇ ਹੀ ਗ਼ੁਲਾਮ ਬਣਾ ਲਿਆ ਸੀ। ਅਖੇ "ਤੁਸੀਂ ਵੱਖਰੀ ਸਿੱਖ ਸਟੇਟ ਕੀ ਕਰਨੀ ਹੈ, ਪੂਰਾ ਹਿੰਦੁਸਤਾਨ ਹੀ ਤੁਹਾਡਾ ਹੈ, ਤੁਹਾਡੀ ਮਨਜ਼ੂਰੀ ਤੇ ਰਾਏ ਤੋਂ ਬਿਨਾਂ ਕੋਈ ਵੀ ਕਨੂੰਨ ਪਾਸ ਨਹੀਂ ਹੋਏਗਾ, ਉੱਤਰੀ ਭਾਰਤ 'ਚ ਤੁਸੀਂ ਵੀ ਅਜ਼ਾਦੀ ਦਾ ਨਿੱਘ ਮਾਣੋਗੇ, ਤੁਹਾਨੂੰ ਕੌਣ ਦਬਾ ਸਕਦਾ ਹੈ ਤੁਸੀਂ ਤਾਂ ਕਿਰਪਾਨ ਨਾਲ਼ ਆਪਣੇ ਹੱਕ ਲੈਣਾ ਜਾਣਦੇ ਹੋ, ਆਪਾਂ ਇਕੱਠੇ ਰਲ-ਮਿਲ ਕੇ ਰਹਾਂਗੇ।"
ਪਰ ਸਿੱਖ ਠੱਗੇ ਗਏ, ਧੋਖਾ ਖਾ ਗਏ, ਮੱਕਾਰੀ 'ਚ ਫਸ ਗਏ, ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਦੇ ਸ਼ਿਕਾਰ ਹੋ ਗਏ। ਜ਼ਰਾਇਮ ਪੇਸ਼ਾ ਕੌਮ ਅਖਵਾਉਣਾ ਪਿਆ ਅਤੇ ਘੱਲੂਘਾਰੇ ਤੇ ਨਸਲਕੁਸ਼ੀ ਹੰਢਾਉਣੀ ਪਈ ਤੇ ਸਿੱਖ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਚਲਾਕ ਬ੍ਰਾਹਮਣ ਦੀ ਚਾਣਕੀਆ ਨੀਤੀ ਨੂੰ ਸਿੱਖ ਸਮਝ ਹੀ ਨਹੀਂ ਸਕੇ। ਜਦੋਂ 1978 'ਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਨੂੰ ਜਗਾਇਆ, ਸਮਝਾਇਆ, ਹਲੂਣਿਆ ਤੇ ਅਜ਼ਾਦੀ ਦੇ ਸੰਘਰਸ਼ ਦਾ ਬਿਗਲ ਵਜਾਇਆ ਤਾਂ ਕੌਮ ਸਹੀ ਨਿਸ਼ਾਨੇ ਵੱਲ ਸੇਧਿਤ ਹੋ ਕੇ ਤੁਰੀ।
ਇਸ ਤੋਂ ਪਹਿਲਾਂ ਵੇਖਿਆ ਜਾਏ ਤਾਂ ਬਥੇਰੇ ਸਿੱਖ ਕਾਂਗਰਸੀ ਆਗੂਆਂ ਦੇ ਖ਼ਿਲਾਫ਼ ਮੋਰਚੇ ਵੀ ਲਾਉਂਦੇ ਰਹੇ ਪਰ ਬਥੇਰੇ ਸਿਆਸੀ ਅਤੇ ਭੇਖੀ ਸਿੱਖ ਕਾਂਗਰਸ ਦੇ ਪਿੱਠੂ ਬਣ ਕੇ ਕੌਮ ਨਾਲ਼ ਗ਼ੱਦਾਰੀਆਂ ਵੀ ਕਰਦੇ ਰਹੇ ਤੇ ਹੁਣ ਵੀ ਬਥੇਰੇ ਧਾਰਮਿਕ ਤੇ ਸਿਆਸੀ ਸਿੱਖ ਆਗੂ ਭਾਜਪਾ ਦੀ ਪੂਛ ਬਣ ਕੇ ਸਿੱਖ ਕੌਮ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਪੱਕੀਆਂ ਕਰ ਰਹੇ ਹਨ।
1757 ਵਿੱਚ ਤਾਂ ਇੱਕ ਮੀਰ ਜਾਫ਼ਰ ਨੇ ਅੰਗਰੇਜ਼ਾਂ ਨਾਲ਼ ਮਿਲ ਕੇ ਪਲਾਸੀ ਦੀ ਲੜਾਈ ਵਿੱਚ ਹਿੰਦੁਸਤਾਨ ਨਾਲ ਗ਼ੱਦਾਰੀ ਕੀਤੀ ਸੀ ਤੇ ਉਹ ਬੰਗਾਲ ਦਾ ਨਵਾਬ ਬਣਿਆ ਸੀ ਪਰ ਹੁਣ ਤਾਂ ਸਿੱਖਾਂ ਅਤੇ ਪੰਜਾਬ ਵਿੱਚ ਅਨੇਕਾਂ ਮੀਰ ਜਾਫ਼ਰ ਬੈਠੇ ਨੇ ਜੋ ਭਾਰਤ ਅਤੇ ਭਾਜਪਾ ਦੀ ਕਠਪੁਤਲੀ ਬਣ ਕੇ ਸਿੱਖ ਕੌਮ ਤੇ ਪੰਜਾਬ ਨਾਲ਼ ਗ਼ੱਦਾਰੀ ਕਰ ਰਹੇ ਹਨ।
ਇਹ ਸਭ ਵਿਕਾਊ ਅਤੇ ਗ਼ੱਦਾਰ ਮਾਲ ਹੈ ਜੋ ਸਿੱਖਾਂ ਦੀਆਂ ਧਾਰਮਿਕ ਜਥੇਬੰਦੀਆਂ, ਸੰਸਥਾਵਾਂ, ਸੰਪਰਦਾਵਾਂ, ਵਿੱਦਿਅਕ ਅਦਾਰਿਆਂ ਵਿੱਚ ਭਾਜਪਾ ਅਤੇ ਆਰ.ਐੱਸ.ਐੱਸ. ਦੀ ਘੁਸਪੈਠ ਕਰਵਾ ਰਹੇ ਹਨ ਤੇ ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੇ ਦੇਸ ਪੰਜਾਬ ਨੂੰ ਭਗਵੇ ਰੰਗ 'ਚ ਰੰਗਣਾ ਚਾਹੁੰਦੇ ਹਨ। ਸਿੱਖਾਂ ਨੂੰ ਸਨਾਤਨੀ ਅਖਵਾ ਕੇ ਇਹ ਹਿੰਦੂਆਂ ਵਿੱਚ ਮਿਲਗੋਭਾ ਕਰ ਰਹੇ ਹਨ ਅਤੇ ਫੋਕਟ ਹਿੰਦੂ-ਕਰਮਕਾਂਡਾਂ ਨੂੰ ਮਹਾਨ ਦਰਸਾ ਕੇ ਯੂਨੀਵਰਸਿਟੀਆਂ ਵਿੱਚ ਪੀ.ਐਚ.ਡੀ. ਕਰਵਾ ਰਹੇ ਹਨ। ਪੰਜਾਬ ਦੀਆਂ ਜ਼ਮੀਨਾਂ, ਫੈਕਟਰੀਆਂ ਅਤੇ ਹੋਰ ਕਾਰੋਬਾਰਾਂ ਉੱਤੇ ਗ਼ੈਰ ਪੰਜਾਬੀਆਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਹੋ ਚੁੱਕਾ ਹੈ।
ਕਿਸੇ ਸਮੇਂ 1200 ਅੰਗਰੇਜ਼ ਫ਼ੌਜੀਆਂ ਨੇ ਸਮੁੱਚੇ ਭਾਰਤੀਆਂ ਨੂੰ ਸੰਵਿਧਾਨਿਕ ਤੌਰ ਉੱਤੇ ਗ਼ੁਲਾਮ ਬਣਾ ਲਿਆ ਸੀ ਤੇ ਅੱਜ ਵੀ ਉਸੇ ਨੀਤੀ ਤਹਿਤ ਭਾਰਤੀ ਹਿੰਦੂਤਵੀ ਹਾਕਮਾਂ ਨੇ ਭਾਰਤੀ ਸੰਵਿਧਾਨ ਦੇ ਤਹਿਤ ਸਿੱਖਾਂ ਨੂੰ ਗ਼ੁਲਾਮੀ ਵਿੱਚ ਜਕੜਿਆ ਹੋਇਆ ਹੈ। ਪੜ੍ਹੇ-ਲਿਖੇ, ਬੁੱਧੀਜੀਵੀ, ਚਿੰਤਕ ਅਤੇ ਸਰਕਾਰੀ ਅਦਾਰਿਆਂ ਤੇ ਉੱਚ ਅਹੁਦਿਆਂ ਉੱਤੇ ਸਰਵਿਸਾਂ ਕਰਦੇ ਸਿੱਖ ਭਾਰਤ ਸਰਕਾਰ ਅਤੇ ਹਿੰਦੂਤਵ ਦੀ ਈਨ ਮੰਨੀ ਬੈਠੇ ਹਨ। ਆਈ.ਪੀ.ਐੱਸ. ਅਤੇ ਆਈ.ਏ.ਐੱਸ. ਵਰਗੀਆਂ ਪੜ੍ਹਾਈਆਂ ਕਰਕੇ ਬਥੇਰੇ ਸਿੱਖ ਆਪਣੀ ਹੀ ਕੌਮ ਦੇ ਖ਼ਿਲਾਫ਼ ਹੋ ਜਾਂਦੇ ਹਨ।
ਖਾੜਕੂਵਾਦ ਵੇਲੇ ਬਥੇਰੇ ਸਿੱਖ ਚਿਹਰਿਆਂ ਵਾਲ਼ੇ ਪੁਲੀਸ ਅਫ਼ਸਰਾਂ ਨੇ ਆਪਣੀ ਹੀ ਕੌਮ ਲਈ ਜੂਝ ਰਹੇ ਜੁਝਾਰੂ ਸਿੰਘਾਂ, ਨਿਰਦੋਸ਼ੇ ਸਿੱਖਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਨਮਨੁੱਖੀ ਤਸੀਹੇ ਦੇ-ਦੇ ਕੇ ਮਾਰ ਦਿੱਤਾ ਸੀ। ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ, ਹਰਚੰਦ ਸਿੰਘ ਲੌਂਗੋਵਾਲ, ਬੁੱਚੜ ਕੇ.ਪੀ.ਐਸ. ਗਿੱਲ, ਅਜੀਤ ਸਿੰਘ ਸੰਧੂ, ਸੁਮੇਧ ਸਿੰਘ ਸੈਣੀ, ਥਾਣੇਦਾਰ ਸੂਬਾ ਸਿੰਘ ਸਰਹੰਦ, ਐੱਸ.ਐੱਸ.ਪੀ. ਸਵਰਨ ਸਿੰਘ ਘੋਟਣਾ, ਮੁੱਖ ਮੰਤਰੀ ਬੇਅੰਤ ਸਿੰਘ ਜੋ ਭਾਰਤੀ ਹਕੂਮਤ ਦੇ ਹੱਥ-ਠੋਕੇ ਬਣ ਕੇ ਸਿੱਖੀ ਅਤੇ ਪੰਜਾਬ ਖ਼ਿਲਾਫ਼ ਰੱਜ ਕੇ ਭੁਗਤੇ।
ਭਾਰਤੀ ਹਕੂਮਤ ਵੱਲੋਂ ਸਕੂਲਾਂ, ਮੀਡੀਆ ਅਤੇ ਸੰਵਿਧਾਨਿਕ ਢੰਗਾਂ ਰਾਹੀਂ ਸਿੱਖਾਂ ਦੀ ਘਾੜਤ ਹੀ ਇਹੋ ਜਿਹੀ ਘੜੀ ਜਾ ਰਹੀ ਹੈ ਕਿ ਸਿੱਖ ਭਾਰਤ ਦੇ ਵਫ਼ਾਦਾਰ ਬਣ ਰਹੇ ਨੇ, ਹਿੰਦੂਤਵ ਦੇ ਸੋਹਿਲੇ ਗਾਉਂਦੇ ਨੇ, ਭਾਜਪਾ ਦੇ ਪੈਰਾਂ ਵਿੱਚ ਬਹਿੰਦੇ ਨੇ ਤੇ ਪੰਥਕ ਦਰਦ ਰੱਖਣ ਵਾਲੇ ਅਣਖੀਲੇ ਸਿੱਖਾਂ ਨੂੰ ਹਾਸ਼ੀਏ ਉੱਤੇ ਧੱਕਣ ਲਈ ਸਰਗਰਮ ਰਹਿੰਦੇ ਨੇ ਤੇ ਸਿੱਖ ਕੌਮ ਦੇ ਨਾਇਕਾਂ ਨੂੰ ਭੰਡਦੇ ਹਨ ਅਤੇ ਸਿੱਖਾਂ ਦੇ ਹੱਕਾਂ ਤੇ ਅਜ਼ਾਦੀ ਖ਼ਿਲਾਫ਼ ਝੰਡਾ ਚੁੱਕ ਲੈਂਦੇ ਨੇ ਅਤੇ ਭਾਰਤ ਤੇ ਹਿੰਦੂਤਵ ਦੀ ਸੇਵਾ ਕਰਨ ਵਿੱਚ ਮਾਣ ਸਮਝਦੇ ਹਨ।
ਕਿਸੇ ਸਮੇਂ ਅੰਗਰੇਜ਼ ਭਾਰਤ ਵਿੱਚ ਵਪਾਰ ਕਰਨ ਆਏ ਸੀ ਪਰ ਭਾਰਤ ਦੇ ਸ਼ਾਸਕ ਬਣ ਗਏ ਤੇ ਅੱਜ ਪੰਜਾਬ ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਕਈ ਤਰ੍ਹਾਂ ਦੇ ਢਕਵੰਜ ਰਚ ਰਹੀ ਹੈ ਜਿਸ ਦਾ ਅਸਲ ਨਿਸ਼ਾਨਾ ਸਿੱਖ ਹੋਮਲੈਂਡ ਪੰਜਾਬ ਨੂੰ ਹਿੰਦੂ ਰਾਸ਼ਟਰ ਵਿੱਚ ਮਿਲਾਉਣਾ ਤੇ ਸਿੱਖੀ ਨੂੰ ਹਿੰਦੂਤਵ ਵਿੱਚ ਜਜ਼ਬ ਕਰਨਾ ਹੈ। ਸਿੱਖਾਂ ਤੇ ਪੰਜਾਬੀਆਂ ਨੂੰ ਸਮਾਂ ਰਹਿੰਦਿਆਂ ਹੀ ਜਾਗਣਾ ਪਵੇਗਾ।
ਜਿਵੇਂ ਕੁਝ ਭਾਰਤੀ ਘਰਾਣਿਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਪੂਰੇ ਭਾਰਤ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਸੀ ਤੇ ਇਹ ਆਪ ਉਹਨਾਂ ਦੀ ਚਾਕਰੀ ਕਰਕੇ ਨਜ਼ਾਰੇ ਲੈਂਦੇ ਰਹੇ ਤੇ ਬਾਕੀ ਭਾਰਤੀਏ ਕੁੱਟ ਖਾਂਦੇ ਰਹੇ, ਓਹੀ ਕੰਮ ਹੁਣ ਬਾਬੇ ਧੁੰਮੇ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਕੁਝ ਧਾਰਮਿਕ ਭੇਖੀ ਅਤੇ ਸਿਆਸੀ ਸਿੱਖ ਆਗੂ ਕਰ ਰਹੇ ਹਨ। ਸਿੱਖ ਕੌਮ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਨੇ, ਡੇਰਿਆਂ ਅਤੇ ਜਾਤਾਂ-ਪਾਤਾਂ ਦੀ ਸਿਆਸਤ ਕੀਤੀ ਜਾ ਰਹੀ, ਸਿੱਖਾਂ ਤੇ ਪੰਜਾਬੀਆਂ ਨੂੰ ਖਾਨਾਜੰਗੀ ਵੱਲ ਧੱਕਿਆ ਜਾ ਰਿਹਾ, ਸਿੱਖੀ ਉੱਤੇ ਸਿਧਾਂਤਕ ਅਤੇ ਸਿੱਖਾਂ 'ਤੇ ਸਰੀਰਕ ਹਮਲੇ ਵੱਧ ਰਹੇ ਨੇ, ਅਦਾਲਤਾਂ ਅਤੇ ਈ.ਡੀ. ਦੇ ਡਰਾਵਿਆਂ ਅਤੇ ਕਰੋੜਾਂ ਦੇ ਲਾਲਚਾਂ ਨੇ ਸਿੱਖ ਆਗੂਆਂ ਦਾ ਇਮਾਨ ਵੇਚ ਦਿੱਤਾ ਹੈ, ਕਹਿੰਦੇ-ਕਹਾਉਂਦੇ ਸਿੱਖ ਵੀ ਭਾਜਪਾ ਨੂੰ ਮੱਥਾ ਟੇਕ ਰਹੇ ਹਨ ਤੇ ਉਹ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਆਪਣਾ ਗੁਰੂ ਮੰਨੀ ਬੈਠੇ ਹਨ।
ਸਿੱਖ ਸਿਆਸਤ ਦਾ ਤਾਂ ਭੋਗ ਪੈਂਦਾ ਜਾ ਰਿਹਾ ਹੈ ਤੇ ਸਭ ਪਾਸੇ ਹਿੰਦੂਤਵ ਭਾਰੀ ਹੋ ਰਿਹਾ ਹੈ। ਇਹਨਾਂ ਹਲਾਤਾਂ ਨਾਲ ਨਜਿੱਠਣ ਲਈ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਪੰਥ ਤੇ ਪੰਜਾਬ ਦਰਦੀ ਇੱਕ ਮੰਚ 'ਤੇ ਇਕੱਠੇ ਹੋ ਕੇ ਆਪਣੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਣ, ਨਹੀਂ ਤਾਂ ਬਾਬੇ ਧੁੰਮੇ ਵਰਗਿਆਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਸਿੱਖਾਂ ਨੂੰ ਬੜੀ ਮਹਿੰਗੀ ਕੀਮਤ ਤਾਰਨੀ ਪਵੇਗੀ। ਗੁਰੂ ਸਾਹਿਬ ਆਪਣੇ ਪੰਥ ਅਤੇ ਪੰਜਾਬ 'ਤੇ ਮਿਹਰ ਕਰਨ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply