ਤੰਦਰੁਸਤ ਬੱਚੇ ਹੀ ਤੰਦਰੁਸਤ ਸਮਾਜ ਦੀ ਨੀਂਹ : ਡਾ. ਰਾਜੀਵ ਪਰਾਸ਼ਰ
- ਸਮਾਜ ਸੇਵਾ
- 10 Aug, 2026 10:35 AM (Asia/Kolkata)
ਜ਼ਿਲ੍ਹੇ ਦੇ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਨੂੰ ਖਵਾਈਆਂ ਅਲਬੈਡਾਜੋਲ ਦੀਆਂ ਗੋਲੀਆਂ
ਕਪੂਰਥਲਾ, 10 ਅਗਸਤ ਗੌਰਵ ਮੜੀਆ
ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਕੇ ਉਨ੍ਹਾਂ ਦੀ ਸਿਹਤ, ਪੋਸ਼ਣ ਅਤੇ ਸਰੀਰਕ ਵਿਕਾਸ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਡੀ-ਵਰਮਿੰਗ ਮੁਹਿੰਮ ਚਲਾਈ ਗਈ। ਇਸ ਤਹਿਤ ਜ਼ਿਲ੍ਹੇ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਲਬੈਡਾਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ।
ਇਸ ਮੌਕੇ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ “ਬੱਚਿਆਂ ਦੀ ਸਿਹਤ ਨਾਲ ਜੁੜੀ ਹਰ ਛੋਟੀ ਸਮੱਸਿਆ ਨੂੰ ਸਮੇਂ ਸਿਰ ਰੋਕਣਾ ਬਹੁਤ ਜ਼ਰੂਰੀ ਹੈ। ਪੇਟ ਦੇ ਕੀੜੇ ਬੱਚਿਆਂ ਵਿੱਚ ਕਮਜ਼ੋਰੀ, ਖੂਨ ਦੀ ਕਮੀ, ਭੁੱਖ ਨਾ ਲੱਗਣ ਅਤੇ ਸਰੀਰਕ ਵਿਕਾਸ ਵਿੱਚ ਰੁਕਾਵਟ ਦਾ ਕਾਰਨ ਬਣ ਸਕਦੇ ਹਨ। ਇਸ ਲਈ ਡੀ-ਵਰਮਿੰਗ ਮੁਹਿੰਮ ਬੱਚਿਆਂ ਦੀ ਸਿਹਤ ਸੰਭਾਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ।”
ਉਨ੍ਹਾਂ ਦੱਸਿਆ ਕਿ Soil-Transmitted Helminths (STH) ਯਾਨੀ ਮਿੱਟੀ ਰਾਹੀਂ ਫੈਲਣ ਵਾਲੇ ਕੀੜਿਆਂ ਦੀ ਲਾਗ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਨਿਯਮਤ ਡੀ-ਵਰਮਿੰਗ ਨਾਲ ਬੱਚਿਆਂ ਨੂੰ ਇਨ੍ਹਾਂ ਕੀੜਿਆਂ ਤੋਂ ਬਚਾਉਣ ਵਿੱਚ ਮਦਦ ਮਿਲਦੀ ਹੈ ਅਤੇ ਉਹ ਬਿਹਤਰ ਢੰਗ ਨਾਲ ਪੜ੍ਹਾਈ ਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਹਨ।
ਸਿਵਲ ਸਰਜਨ ਨੇ ਕਿਹਾ ਕਿ ਸਾਫ਼-ਸਫ਼ਾਈ ਅਤੇ ਡੀ-ਵਰਮਿੰਗ ਦੋਵੇਂ ਬੱਚਿਆਂ ਦੀ ਸਿਹਤ ਲਈ ਬਰਾਬਰ ਮਹੱਤਵਪੂਰਨ ਹਨ। ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨੇ ਤੋਂ ਬਾਅਦ ਸਾਬਣ ਨਾਲ ਹੱਥ ਧੋਣ, ਸਾਫ਼ ਪਾਣੀ ਪੀਣ, ਫਲ-ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣ ਅਤੇ ਨੰਗੇ ਪੈਰ ਨਾ ਘੁੰਮਣ ਲਈ ਪ੍ਰੇਰਿਤ ਕੀਤਾ ਗਿਆ।
ਡਾ. ਪਰਾਸ਼ਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਅਜਿਹੀਆਂ ਮੁਹਿੰਮਾਂ ਵਿੱਚ ਪੂਰਾ ਸਹਿਯੋਗ ਦੇਣ। ਡਾਕਟਰ ਪਰਾਸ਼ਰ ਨੇ ਕਿਹਾ ਕਿ “ਤੰਦਰੁਸਤ ਬੱਚੇ ਹੀ ਤੰਦਰੁਸਤ ਸਮਾਜ ਅਤੇ ਮਜ਼ਬੂਤ ਭਵਿੱਖ ਦੀ ਨੀਂਹ ਹਨ,”। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ, ਸਕੂਲਾਂ ਦੇ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਦੀ ਅਹਿਮ ਭੂਮਿਕਾ ਰਹੀ ਹੈ। ਸਿਹਤ ਵਿਭਾਗ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਡੀ-ਵਰਮਿੰਗ ਦਾ ਲਾਭ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚੇ। ਅੰਤ ਵਿੱਚ ਸਰਕਾਰੀ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਅਨੁਰਾਗ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਡੀਆਈਓ ਡਾ. ਰਣਦੀਪ ਸਿੰਘ, ਡਾ. ਯੋਗੇਸ਼ ਸਹਿਗਲ,ਡਾ. ਨਵਪ੍ਰੀਤ ਕੌਰ,ਡਾ. ਭੂਵਨੇਸ਼ਵਰੀ, ਆਰਬੀਐਸਕੇ ਕੁਆਰਡੀਨੇਟਰ ਰਣਜੀਤ ਕੌਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ,ਬੀਸੀਸੀ ਕੁਆਰਡੀਨੇਟਰ ਜੋਤੀ ਅਨੰਦ ,ਹੇਮਰਾਜ, ਸਾਰਿਕਾ ਮੈਡਮ,ਗਿਆਨ ਸਿੰਘ,ਮੰਜੂ ਕੌੜਾ,ਸਤਵੰਤ ਕੌਰ ,ਬੁੱਧ ਦੇਵ ਆਦਿ ਹਾਜ਼ਰ ਸਨ।
Leave a Reply