ਜ਼ਿੰਦਾ ਸ਼ਹੀਦ ਬਾਪੂ ਹਰਨਾਮ ਸਿੰਘ ਤੇ ਸ਼ਹੀਦ ਭਾਈ ਗੁਰਮੁਖ ਸਿੰਘ ਗੜਵਾਈ ਦੀ ਯਾਦ 'ਚ ਝੁਲਾਇਆ ਜਾਏਗਾ ਨਿਸ਼ਾਨ ਸਾਹਿਬ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- 10 May, 2025 06:33 PM (Asia/Kolkata)
ਅੰਮ੍ਰਿਤਸਰ, 10 ਮਈ , ਨਜ਼ਰਾਨਾ ਟਾਈਮਜ ਬਿਊਰੋ
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ 'ਚ ਜੂਨ 1984 ਦੇ ਘੱਲੂਘਾਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਗੁਰਮੁਖ ਸਿੰਘ ਗੜਵਈ ਅਤੇ ਉਹਨਾਂ ਦੇ ਪਿਤਾ ਜ਼ਿੰਦਾ ਸ਼ਹੀਦ ਬਾਪੂ ਹਰਨਾਮ ਸਿੰਘ ਭੂਰਾ ਕੋਹਨਾ ਦੀ ਯਾਦ 'ਚ ਸ਼ਹੀਦੀ ਸਮਾਗਮ 11 ਮਈ 2025 ਨੂੰ ਭਿੱਖੀਵਿੰਡ ਵਿਖੇ ਕਰਵਾਇਆ ਜਾਏਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਪੰਥਕ ਵਿਚਾਰਾਂ ਹੋਣਗੀਆਂ। ਫਿਰ ਜ਼ਿੰਦਾ ਸ਼ਹੀਦ ਬਾਪੂ ਹਰਨਾਮ ਸਿੰਘ ਜੀ ਅਤੇ ਸ਼ਹੀਦ ਭਾਈ ਗੁਰਮੁਖ ਸਿੰਘ ਗੜਵਈ ਦੀ ਯਾਦ 'ਚ ਉਹਨਾਂ ਦੀ ਬਹਿਕ ਉੱਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਇਆ ਜਾਏਗਾ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਬਾਪੂ ਹਰਨਾਮ ਸਿੰਘ ਜੋ ਲੰਬਾ ਸਮਾਂ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਲ ਰਹੇ ਅਤੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਵੀ ਉਹਨਾਂ ਨੇ ਅਥਾਹ ਸੰਗਤ ਮਾਣੀ ਅਤੇ 13 ਅਪ੍ਰੈਲ 1978 ਦੇ ਨਿਰੰਕਾਰੀ ਕਾਂਡ ਵਿੱਚ ਬਾਪੂ ਹਰਨਾਮ ਸਿੰਘ ਜੀ ਸਖ਼ਤ ਜ਼ਖ਼ਮੀ ਹੋ ਗਏ ਸਨ ਅਤੇ ਸੰਤ ਭਿੰਡਰਾਂਵਾਲਿਆਂ ਵੱਲੋਂ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖ਼ਿਤਾਬ ਦਿੱਤਾ ਗਿਆ ਸੀ। ਭਾਈ ਰਣਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸ਼ਹੀਦ ਭਾਈ ਗੁਰਮੁਖ ਸਿੰਘ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਗੜਵਈ ਸਨ ਅਤੇ ਜੂਨ 1984 ਦੇ ਘੱਲੂਘਾਰੇ ਵਿੱਚ ਚਮਕੌਰ ਦੀ ਗੜ੍ਹੀ ਵਾਲਾ ਸ਼ਾਨਾਮੱਤਾ ਇਤਿਹਾਸ ਦੁਹਰਾਉਂਦੇ ਹੋਏ ਭਾਰਤੀ ਫੌਜਾਂ ਨੂੰ ਲੋਹੇ ਦੇ ਚਣੇ ਚਬਾ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ।
Leave a Reply