ਹੜ੍ਹ ਰਾਹਤ ਸੇਵਾ ਲਈ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਕੈਨੇਡਾ ਵਿੱਚ ਸੰਸਦੀ ਸਨਮਾਨ

ਹੜ੍ਹ ਰਾਹਤ ਸੇਵਾ ਲਈ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਕੈਨੇਡਾ ਵਿੱਚ ਸੰਸਦੀ ਸਨਮਾਨ

ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਪਸ਼ੂਆਂ ਲਈ ਕੀਤੇ ਰਾਹਤ ਕਾਰਜਾਂ ਦੀ ਹੋਈ ਸ਼ਲਾਘਾ

ਰਾਕੇਸ਼ ਨਈਅਰ ਚੋਹਲਾ
ਐਡਮੰਟਨ/ਕੈਨੇਡਾ,30 ਸਤੰਬਰ
ਪੰਜਾਬ ਵਿੱਚ ਹੜ੍ਹਾਂ ਦੌਰਾਨ ਮਨੁੱਖਤਾ ਦੀ ਸੇਵਾ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਪਾਏ ਯੋਗਦਾਨ ਦੀ ਮਾਨਤਾ ਵਜੋਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਕੈਨੇਡਾ ਦੇ ਐਡਮੰਟਨ ਸਾਊਥਈਸਟ ਤੋਂ ਸੰਸਦ ਮੈਂਬਰ ਜਗਸ਼ਰਨ ਸਿੰਘ ਮਾਹਲ ਵੱਲੋਂ ਵਿਸ਼ੇਸ਼ ਸੰਸਦੀ ਸਨਮਾਨ (MP Scroll) ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਕੈਨੇਡਾ ਫੇਰੀ ਦੌਰਾਨ ਐਡਮੰਟਨ ਵਿਖੇ ਪ੍ਰਦਾਨ ਕੀਤਾ ਗਿਆ।

ਸੰਸਦ ਮੈਂਬਰ ਜਗਸ਼ਰਨ ਸਿੰਘ ਮਾਹਲ ਵੱਲੋਂ ਭੇਟ ਕੀਤੇ ਗਏ ਇਸ ਵਿਸ਼ੇਸ਼ ਸੰਸਦੀ ਸਨਮਾਨ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਪੰਜਾਬ ਵਿੱਚ ਹੜ੍ਹਾਂ ਦੌਰਾਨ ਮੁੱਖ ਦਰਿਆਵਾਂ ਦੇ ਟੁੱਟੇ ਅਤੇ ਕਮਜ਼ੋਰ ਹੋਏ ਬੰਨ੍ਹਾਂ ਨੂੰ ਮੁੜ ਮਜ਼ਬੂਤ ਕਰਨ, ਪਾੜ ਪੂਰਨ ਅਤੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਪਹੁੰਚਾਉਣ ਸਮੇਤ ਸਮਾਜਿਕ ਤੇ ਧਾਰਮਿਕ ਖੇਤਰ ਵਿੱਚ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਹੈ। ਸਨਮਾਨ ਪੱਤਰ ਵਿੱਚ ਉਨ੍ਹਾਂ ਦੀ ਭਾਈਚਾਰੇ ਪ੍ਰਤੀ ਵਚਨਬੱਧਤਾ, ਅਣਥੱਕ ਯਤਨਾਂ ਅਤੇ ਸਾਰਥਕ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੀ ਸੇਵਾ ਦੀ ਦਿਲੋਂ ਕਦਰ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਾਲ 2023 ਅਤੇ 2025 ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਸਮੇਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਆਪਕ ਰਾਹਤ ਅਤੇ ਬਚਾਅ ਕਾਰਜ ਕੀਤੇ ਗਏ। ਬਿਆਸ, ਰਾਵੀ ਅਤੇ ਸਤਲੁਜ ਦਰਿਆਵਾਂ ਨਾਲ ਸਬੰਧਤ ਵੱਖ-ਵੱਖ ਖੇਤਰਾਂ ਵਿੱਚ ਟੁੱਟੇ ਅਤੇ ਕਮਜ਼ੋਰ ਹੋਏ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਪਾੜ ਪੂਰਨ ਦੀ ਸੇਵਾ ਕੀਤੀ ਗਈ।

ਇਸ ਤੋਂ ਇਲਾਵਾ ਹੜ੍ਹ ਦੇ ਪਾਣੀ ਵਿੱਚ ਘਿਰੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ, ਪ੍ਰਭਾਵਿਤ ਪਰਿਵਾਰਾਂ ਲਈ ਲੰਗਰ ਅਤੇ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਉਣ ਅਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨ ਵਰਗੇ ਰਾਹਤ ਕਾਰਜ ਵੀ ਕੀਤੇ ਗਏ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਇਨ੍ਹਾਂ ਸੇਵਾ ਕਾਰਜਾਂ ਦੀ ਅਗਵਾਈ ਕਰਨ ਦੇ ਨਾਲ-ਨਾਲ ਸੰਗਤ ਨਾਲ ਖੁਦ ਮੈਦਾਨ ਵਿੱਚ ਉਤਰ ਕੇ ਲਗਾਤਾਰ ਸੇਵਾ ਨਿਭਾਈ।

ਇਸ ਮੌਕੇ ਐਡਮੰਟਨ ਤੋਂ ਚਰਨਜੀਤ ਸਿੰਘ,ਪਰਮਿੰਦਰ ਸਿੰਘ ਸੰਧੂ,ਹਰਸ਼ਦੀਪ ਸਿੰਘ ਵਿਰਕ,ਬਨੀਸ਼ਾ ਕੌਰ ਸੰਧੂ, ਸੁਪਿੰਦਰ ਸਿੰਘ,ਹਰਸਿਮਰਨ ਸਿੰਘ ਰੰਧਾਵਾ,ਵਿਨੀਪੈੱਗ ਤੋਂ ਗੁਲਾਬ ਸਿੰਘ ਸਮੇਤ ਹੋਰ ਕਈ ਪਤਵੰਤੇ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.