ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਘਪਲਿਆਂ ਦੀ ਗੱਲ ਫਿਰ ਮੰਨੀ, ਹੁਣ ਚੁੱਪ ਰਹਿਣ ਦਾ ਵੇਲਾ ਨਹੀਂ...

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਘਪਲਿਆਂ ਦੀ ਗੱਲ ਫਿਰ ਮੰਨੀ, ਹੁਣ ਚੁੱਪ ਰਹਿਣ ਦਾ ਵੇਲਾ ਨਹੀਂ...

ਸਿੱਖਾਂ ਦੀ ਸਿਰਮੌਰ ਸੰਸਥਾ ਕਹਿ ਕੇ ਪ੍ਰਚਾਰੀ ਜਾਂਦੀ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ, ਧਰਮ ਦਾ ਪ੍ਰਚਾਰ-ਪ੍ਰਸਾਰ, ਸਿੱਖੀ ਸਿਧਾਂਤਾਂ ਦੀ ਰਾਖੀ, ਗੁਰਦੁਆਰਿਆਂ ਦੀ ਸੇਵਾ-ਸੰਭਾਲ ਅਤੇ ਸਿੱਖਾਂ ਦਾ ਕਿਰਦਾਰ ਉੱਚਾ ਕਰਨਾ ਸੀ ਪਰ ਉਸ ਕਮੇਟੀ ਦਾ ਵੱਕਾਰ ਐਨਾ ਰੁਲ ਚੁੱਕਾ ਹੈ ਕਿ ਹਰ ਸਿੱਖ ਚਿੰਤਤ ਹੈ। ਸ਼੍ਰੋਮਣੀ ਕਮੇਟੀ ਦੀ ਇਹ ਹਾਲਤ ਕਰਨ ਵਾਲੇ ਕੋਈ ਹੋਰ ਨਹੀਂ, ਬਲਕਿ ਖ਼ੁਦ ਬਾਦਲ ਦਲੀਏ ਹਨ ਜੋ ਹਰ ਰੋਜ਼ ਕੋਈ ਨਵਾਂ ਚੰਦ ਚਾੜ੍ਹੀ ਰੱਖਦੇ ਹਨ। ਇਹ ਇਕੱਲੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀ ਹੀ ਸ਼ਾਨ ਨਹੀਂ ਰੋਲ ਰਹੇ ਬਲਕਿ ਦੁਨੀਆਂ ਭਰ ਵਿੱਚ ਸਿੱਖ ਕੌਮ ਦਾ ਵੀ ਜਲੂਸ ਕਢਵਾ ਰਹੇ ਹਨ। ਇਹਨਾਂ ਗੰਧਲੇ ਸਿਆਸੀ ਲੋਕਾਂ ਨੂੰ ਤਾਂ ਭਾਵੇਂ ਕੋਈ ਫ਼ਰਕ ਨਹੀਂ ਪੈਂਦਾ ਪਰ ਇਹਨਾਂ ਦੇ ਕਾਰਿਆਂ ਕਰਕੇ ਸਾਡੇ ਧਰਮ, ਸੰਸਥਾਵਾਂ, ਸਿਧਾਂਤਾਂ ਅਤੇ ਕਿਰਦਾਰਾਂ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਇਸ ਉੱਤੇ ਕਾਬਜ ਬਾਦਲ ਲਾਣਾ ਜੋ ਕਿਸੇ ਪੰਥ ਦਰਦੀ ਦੀ ਕੋਈ ਗੱਲ ਨਹੀਂ ਸੁਣਦਾ, ਜਿਹੜਾ ਵੀ ਇਹਨਾਂ ਨੂੰ ਪ੍ਰਬੰਧ ਸੁਧਾਰਨ ਦੀ ਸਲਾਹ ਦਿੰਦਾ ਹੈ ਉਸਨੂੰ ਇਹ ਆਪਣੇ ਵਿਰੋਧੀ ਜਾਂ ਕਾਂਗਰਸੀ ਕਹਿ ਕੇ ਭੰਡਣਾ ਸ਼ੁਰੂ ਕਰ ਦਿੰਦੇ ਹਨ। ਪੁਰਾਤਨ ਅਕਾਲੀਆਂ ਨੇ ਕੁਰਬਾਨੀਆਂ ਕਰਕੇ ਤੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਹੋਂਦ ਵਿੱਚ ਲਿਆਂਦਾ ਸੀ ਪਰ ਹੁਣ ਅਜੋਕੇ ਪ੍ਰਬੰਧਕ ਜੋ ਨਰੈਣੂ ਮਹੰਤ ਦੇ ਵਾਰਸ ਬਣ ਕੇ ਪਾਵਨ ਸਰੂਪਾਂ ਦਾ ਤ੍ਰਿਸਕਾਰ, ਸਿਧਾਂਤਾਂ ਦਾ ਘਾਣ, ਗੋਲਕਾਂ ਦੀ ਦੁਰਵਰਤੋਂ ਅਤੇ ਸਿੱਖੀ ਕਿਰਦਾਰ ਨੂੰ ਅਰਸ਼ ਤੋਂ ਫਰਸ਼ 'ਤੇ ਲਿਆ ਕੇ ਸੁੱਟ ਰਹੇ ਹਨ। ਸ਼੍ਰੋਮਣੀ ਕਮੇਟੀ ਵਿੱਚ ਰੁਮਾਲਿਆਂ, ਚੰਦੋਇਆਂ, ਗੈਸ-ਸਿਲੰਡਰਾਂ, ਦੇਸੀ ਘਿਓ ਦੇ ਪੀਪਿਆਂ, ਲੰਗਰ ਦੀਆਂ ਦਾਲਾਂ-ਸਬਜ਼ੀਆਂ, ਜੂਠੀਆਂ-ਸੁੱਕੀਆਂ ਰੋਟੀਆਂ, ਕੜਾਹ ਪ੍ਰਸ਼ਾਦ ਦੀਆਂ ਰਸੀਦਾਂ, ਗੋਲਕਾਂ ਦੇ ਪੈਸਿਆਂ ਅਤੇ ਹੋਰ ਪ੍ਰਬੰਧਕੀ ਕੰਮਾਂ ਵਿੱਚ ਬੇਹੱਦ ਘਪਲੇ ਹੁੰਦੇ ਨੇ ਜਿਨ੍ਹਾਂ ਦੀਆਂ ਅਕਸਰ ਹੀ ਖ਼ਬਰਾਂ ਛਾਪਦੀਆਂ ਰਹਿੰਦੀਆਂ ਹਨ। ਹੁਣ ਤਾਂ ਅੱਕ ਕੇ ਪੰਥ-ਪ੍ਰਸਤ ਸਿੱਖਾਂ ਨੂੰ ਲੋਕ ਮਿਹਣੇ ਮਾਰਦੇ ਨੇ ਕਿ "ਬਾਕੀ ਕੰਮ ਭਾਵੇਂ ਬਾਅਦ 'ਚ ਕਰ ਲਿਓ, ਪਹਿਲਾਂ ਇਹਨਾਂ ਮਸੰਦ ਬਾਦਲਕਿਆਂ ਦਾ ਕੁਝ ਕਰੋ, ਜੋ ਗੁਰੂ ਘਰ ਵਿੱਚ ਬਹਿ ਕੇ ਸਾਡੇ ਧਰਮ ਦਾ ਬੇੜਾ ਗਰਕ ਕਰੀ ਜਾਂਦੇ ਨੇ।" ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਦੀਆਂ ਪਹਿਲੀਆਂ ਗ਼ਲਤੀਆਂ ਤਾਂ ਕੁਝ ਹੱਦ ਤੱਕ ਸੰਗਤਾਂ ਨੇ ਬਰਦਾਸ਼ਤ ਕਰ ਲਈਆਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਸਿੰਘਾਂ ਦੀਆਂ ਸ਼ਹੀਦੀਆਂ, ਬਲਾਤਕਾਰੀ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ, 95 ਲੱਖ ਰੁਪਏ ਦੇ ਗੋਲਕਾਂ 'ਚੋਂ ਅਖ਼ਬਾਰਾਂ ਨੂੰ ਇਸ਼ਤਿਹਾਰ ਅਤੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਖ਼ਾਲਸਾ ਪੰਥ ਦਾ ਰੋਹ ਅਸਮਾਨ ਨੂੰ ਛੂਹ ਗਿਆ। ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ ਦੋਸ਼ੀਆਂ ਨੂੰ ਬਚਾਇਆ ਤੇ ਬਚਾ ਰਹੇ ਨੇ ਇਸ ਨਾਲ ਇਹਨਾਂ ਦਾ ਰਹਿੰਦਾ ਵੱਕਾਰ ਵੀ ਮੁਕੰਮਲ ਤੌਰ ਉੱਤੇ ਖ਼ਤਮ ਹੋ ਗਿਆ ਤੇ ਹਰ ਸਿੱਖ ਇਹਨਾਂ ਨੂੰ ਲਾਹਣਤਾਂ ਪਾ ਰਿਹਾ ਹੈ। ਪੰਥਕ ਜਥੇਬੰਦੀਆਂ ਤੇ ਸੰਗਤਾਂ ਦੀਆਂ ਕਹੀਆਂ ਗੱਲਾਂ ਉੱਤੇ ਉਸ ਸਮੇਂ ਮੋਹਰ ਲੱਗ ਗਈ ਜਦੋਂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਆਪਣੇ ਸਾਰੇ ਪਾਪਾਂ, ਗੁਨਾਹਾਂ ਤੇ ਗਲਤੀਆਂ ਨੂੰ ਮੰਨ ਲਿਆ। ਭਾਵੇਂ ਕਿ ਆਪਣੀ ਸਿਆਸਤ ਚਮਕਾਉਣ ਲਈ ਮੁਕਤਸਰ ਸਾਹਿਬ ਜਾ ਕੇ ਫਿਰ ਮੁੱਕਰ ਗਿਆ। ਤੇ ਹੁਣ ਕੁਝ ਦਿਨ ਪਹਿਲਾਂ ਮਾਛੀਵਾੜਾ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ "ਸ਼੍ਰੋਮਣੀ ਕਮੇਟੀ ਵਿੱਚ ਹਰ ਰੋਜ਼ 10 ਤੋਂ 20 ਘਪਲੇ ਹੁੰਦੇ ਨੇ।" ਜਿਸ ਨੂੰ ਸੁਣ ਕੇ ਮੀਡੀਆ ਵਿੱਚ ਬਵਾਲ ਮੱਚ ਗਿਆ ਸੀ ਤੇ ਇਸ ਬਾਰੇ ਕਈ ਚਰਚਾਵਾਂ ਅਤੇ ਬਹਿਸਾਂ ਹੁੰਦੀਆਂ ਰਹੀਆਂ ਜਿਸ ਵਿੱਚ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਰੱਜ ਕੇ ਮਿੱਟੀ ਪਲੀਤ ਹੋਈ। ਹਾਲਾਂਕਿ ਕਈ ਬਾਦਲਾਂ ਦੇ ਚਾਪਲੂਸ ਇਹ ਗੱਲ ਆਖ ਰਹੇ ਸਨ ਕਿ "ਪ੍ਰਧਾਨ ਧਾਮੀ ਦੇ ਮੂੰਹੋਂ ਇਹ ਗੱਲ ਭੁਲੇਖੇ ਨਾਲ ਨਿਕਲ ਗਈ, ਉਹਨਾਂ ਦੀ ਜ਼ੁਬਾਨ ਫਿਸਲ ਗਈ, ਉਹਨਾਂ ਦੇ ਕਹਿਣ ਦਾ ਮਤਲਬ ਕੁਝ ਹੋਰ ਸੀ ਪਰ ਕੱਢਿਆ ਕੁਝ ਹੋਰ ਜਾ ਰਿਹਾ ਹੈ, ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ।" ਪਰ ਅੱਜ ਪ੍ਰਧਾਨ ਧਾਮੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਦੁਬਾਰਾ ਪ੍ਰੈੱਸ ਕਾਨਫਰੰਸ ਦੌਰਾਨ ਬਿਨਾਂ ਬੇਸ਼ਰਮੀ ਤੋਂ ਬੜੇ ਮਾਣ ਨਾਲ ਇਹ ਗੱਲ ਕਬੂਲ ਕਰ ਲਈ ਹੈ ਕਿ "ਸ਼੍ਰੋਮਣੀ ਕਮੇਟੀ ਵਿੱਚ ਹਰ ਰੋਜ਼ 10 ਤੋਂ 20 ਘਪਲੇ ਹੁੰਦੇ ਨੇ।" ਉਹਨਾਂ ਕਿਹਾ ਕਿ "ਮਾਛੀਵਾੜੇ ਵਿਖੇ ਵੀ ਜੋ ਉਹਨਾਂ ਕਿਹਾ ਸੀ ਉਹ ਠੀਕ ਕਿਹਾ ਸੀ ਤੇ ਇਹ ਗੱਲ ਮੈਂ ਅੱਜ ਵੀ ਕਹਿੰਦਾ ਹਾਂ। ਉਹਨਾਂ ਨੇ ਘਪਲਿਆਂ ਬਾਰੇ ਇੱਕ-ਦੋ ਛੋਟੀਆਂ ਜਿਹੀਆਂ ਉਦਾਹਰਨਾਂ ਦਿੰਦਿਆਂ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਦੇ ਮੁਲਾਜ਼ਮ ਹਰ ਰੋਜ਼ ਸਵੇਰੇ ਸਬਜ਼ੀ ਲੈਣ ਜਾਂਦੇ ਹਨ ਤਾਂ ਵਿੱਚੋਂ ਪੈਸੇ ਰੱਖ ਲੈਂਦੇ ਹਨ, ਕਈ ਰਸੀਦਾਂ ਨਹੀਂ ਕੱਟਦੇ ਤੇ ਪੈਸੇ ਗਬਨ ਕਰ ਜਾਂਦੇ ਨੇ।" ਧਾਮੀ ਨੇ ਇਹ ਵੀ ਕਿਹਾ ਕਿ "ਘਪਲੇ ਚਾਹੇ 100-200 ਦੇ ਹੋਣ ਜਾਂ ਲੱਖ ਦੇ ਹੋਣ, ਕੀ ਅਸੀਂ ਹੁਣ ਸਾਰਿਆਂ 'ਤੇ ਪੁਲਿਸ ਕਾਰਵਾਈ ਕਰਵਾਇਆ ਕਰੀਏ ?" ਪ੍ਰਧਾਨ ਧਾਮੀ ਦੇ ਮੂੰਹੋਂ ਇਹ ਗੱਲ ਸੁਣ ਕੇ ਸੰਗਤ ਨੂੰ ਤਾਂ ਕੋਈ ਹੈਰਾਨੀ-ਪ੍ਰੇਸ਼ਾਨੀ ਨਹੀਂ ਹੋਈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਅਜਿਹੇ ਘਪਲੇ ਕਰਨ ਵਿੱਚ ਸਾਰੀਆਂ ਸਰਕਾਰਾਂ ਅਤੇ ਸਾਰੀਆਂ ਸੰਸਥਾਵਾਂ ਨਾਲ਼ੋਂ 'ਨੰਬਰ ਵਨ' ਉੱਤੇ ਹੈ ਤੇ ਇਹਨਾਂ ਦਾ ਰਿਕਾਰਡ ਹੋਰ ਕੋਈ ਨਹੀਂ ਤੋੜ ਸਕਦਾ। ਪਰ ਜਿਹੜੇ ਬਾਦਲਾਂ ਦੇ ਚਮਚੇ, ਚਾਪਲੂਸ ਅਤੇ ਭੇਡਾਂ ਸਨ ਉਹਨਾਂ ਦੇ ਮੂੰਹੋਂ 'ਤੇ ਕਰਾਰੀ ਚਪੇੜ ਵੱਜ ਗਈ ਤੇ ਉਹ ਹੱਕੇ-ਬੱਕੇ ਰਹਿ ਗਏ। ਹੁਣ ਉਹਨਾਂ ਨੂੰ ਆਪਣੀ ਸਫ਼ਾਈ ਵਿੱਚ ਕੋਈ ਜਵਾਬ ਨਹੀਂ ਮਿਲ ਰਿਹਾ ਅਤੇ ਉਹ ਆਪਣੇ ਆਕਾ ਬਾਦਲਕਿਆਂ ਵੱਲੋਂ ਮਿਲੇ ਹੁਕਮ ਅਨੁਸਾਰ ਇੱਕੋ ਗੱਲ ਆਖ ਰਹੇ ਹਨ ਕਿ "ਤੁਸੀਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਵਿਰੋਧੀ ਹੋ। ਤੁਸੀਂ ਕਾਮਰੇਡ, ਕਾਂਗਰਸੀ, ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਬੰਦੇ ਹੋ। ਸਾਡਾ ਸੁਖਬੀਰ ਬਾਦਲ ਤੇ ਧਾਮੀ ਬਹੁਤ ਮਹਾਨ ਹੈ ਜੋ ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਬਚਾ ਕੇ ਅਤੇ ਵੱਡੇ-ਵੱਡੇ ਘਪਲੇ ਕਰਕੇ ਪੂਰੀ ਸ਼ਾਨ ਨਾਲ ਮੀਡੀਆ 'ਚ ਮੰਨਦੇ ਹਨ ਤੇ ਲੋੜ ਪੈਣ 'ਤੇ ਮੁੱਕਰ ਵੀ ਜਾਂਦੇ ਹਨ।" ਧਾਮੀ ਆਪਣੇ ਆਪ ਨੂੰ ਪੰਥ ਦਾ ਸੇਵਾਦਾਰ ਕਹਿਣ ਦੀ ਬਜਾਏ ਗੱਜ-ਵੱਜ ਕੇ ਕਹਿ ਰਿਹਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਦਾ ਨੁਮਾਇੰਦਾ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਪੋਸਟਰਾਂ ਉੱਤੇ ਲੱਗੀਆਂ ਧਾਮੀ ਦੀਆਂ ਤਸਵੀਰਾਂ ਚਰਚਾ ਵਿੱਚ ਰਹੀਆਂ। ਲੋਕ ਆਖ ਰਹੇ ਹਨ ਕਿ ਧਾਮੀ ਉਸ ਬਾਦਲ ਦਲ ਨਾਲ ਹੈ ਜੋ ਫ਼ਖ਼ਰ-ਏ-ਕੌਮ ਅਤੇ ਪੰਥ ਰਤਨ ਨਹੀਂ ਬਲਕਿ ਪੰਥ ਅਤੇ ਪੰਜਾਬ ਦਾ ਗ਼ੱਦਾਰ ਹੈ। ਸ਼੍ਰੋਮਣੀ ਕਮੇਟੀ ਵਿੱਚ ਹੁੰਦੇ ਬਾਕੀ ਘਪਲਿਆਂ ਦੀ ਤਾਂ ਗੱਲ ਛੱਡੋ, ਇੱਥੇ ਤਾਂ ਅਗਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 328 ਸਰੂਪ ਗੁੰਮ ਕਰੀ ਬੈਠੇ ਨੇ ਜੋ ਕਿਸੇ ਬੇਅਦਬੀ ਨਾਲੋਂ ਘੱਟ ਨਹੀਂ ਹੈ ਤੇ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਖ਼ਾਲਸਾ ਪੰਥ ਨਾਲ ਮੱਥਾ ਲਾ ਕੇ ਬੈਠੇ ਹਨ। ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ ਤਾਂ ਸਾਡਾ ਗੁਰੂ ਨਹੀਂ ਬਖਸ਼ਿਆ ਉਹ ਸਾਡੇ ਧਰਮ, ਸਿਧਾਂਤਾਂ ਅਤੇ ਸੰਸਥਾਵਾਂ ਨੂੰ ਕਿਵੇਂ ਬਖਸ਼ਣਗੇ, ਸਭ ਕੁਝ ਮਲੀਆਮੇਟ ਕਰਕੇ ਹੀ ਦਮ ਲੈਣਗੇ। ਖ਼ਾਲਸਾ ਜੀ! ਹੁਣ ਫ਼ੈਸਲਾ ਤੁਹਾਡੇ ਹੱਥ ਹੈ, ਚੁੱਪ ਰਹਿਣਾ ਹੈ ਜਾਂ ਅਜੋਕੇ ਮਸੰਦ ਬਾਦਲਾਂ ਨੂੰ ਸਬਕ ਸਿਖਾਉਣਾ ਹੈ। ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਰੂਹ ਸਾਨੂੰ ਹਲੂਣਾ ਦੇ ਰਹੀ ਹੈ। ਜਾਗੋ, ਉੱਠੋ ਤੇ ਸੰਘਰਸ਼ ਕਰੋ। 
 

/add-image/44248-d447115c-3-6959837d6da9c6.08804300.jpg

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.