15 ਅਗਸਤ ਕਾਲ਼ਾ ਦਿਨ : ਅਸੀਂ ਅਜ਼ਾਦੀ ਓਦੋਂ ਮਨਾਵਾਂਗੇ, ਜਦੋਂ ਆਜ਼ਾਦ ਹੋਵਾਂਗੇ

15 ਅਗਸਤ ਕਾਲ਼ਾ ਦਿਨ : ਅਸੀਂ ਅਜ਼ਾਦੀ ਓਦੋਂ ਮਨਾਵਾਂਗੇ, ਜਦੋਂ ਆਜ਼ਾਦ ਹੋਵਾਂਗੇ

15 ਅਗਸਤ ਕਾਲ਼ਾ ਦਿਨ : ਅਸੀਂ ਅਜ਼ਾਦੀ ਓਦੋਂ ਮਨਾਵਾਂਗੇ, ਜਦੋਂ ਆਜ਼ਾਦ ਹੋਵਾਂਗੇ

15 ਅਗਸਤ ਨੂੰ ਭਾਰਤ ਵਿੱਚ ਅਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾਂਦੇ ਹਨ। ਇੱਕ ਦਿਨ ਪਹਿਲਾਂ ਪਾਕਿਸਤਾਨ ਵਿੱਚ ਵੀ ਜਸ਼ਨ ਹੁੰਦੇ ਨੇ। ਦੋਵੇਂ ਮੁਲਕਾਂ ਦੇ ਲੋਕ ਸਾਡੀ ਕੌਮ ਦਾ ਦਰਦ ਨਹੀਂ ਸਮਝਦੇ। 1947 ਮੌਕੇ ਦੋਹਾਂ ਮੁਲਕਾਂ ਵਿਚਾਲੇ ਸਾਡੀ ਪੰਜਾਬ ਦੀ ਧਰਤੀ ਵਿਚਾਲਿਓਂ ਵੰਡੀ ਗਈ। ਸਾਡੇ ਲੋਕਾਂ ਨੇ ਸਭ ਤੋਂ ਵੱਧ ਕਸ਼ਟ ਝੱਲਿਆ।ਸਾਡੇ ਬਜੁਰਗ ਕਹਿੰਦੇ ਹੁੰਦੇ ਸੀ ਕਿ "ਜਦ ਉਜਾੜੇ ਪਏ", ਬਿਲਕੁਲ ਓਦੋਂ ਸਾਡੇ ਘਰਾਂ ਵਿੱਚ ਉਜਾੜੇ ਹੀ ਪਏ ਸਨ। ਮੁਆਵਜਿਆਂ ਦੀ ਗੱਲ ਕਰਦੇ ਨੇ। ਕਹਿੰਦੇ ਨੇ ਵੱਟੇ ਵਿੱਚ ਜੋ ਦੇ ਸਕਦੇ ਸੀ ਮਿਲ ਗਿਆ ਹੈ। ਨਨਕਾਣਾ ਸਾਹਿਬ ਤੇ ਹੋਰ ਜਾਨੋਂ ਪਿਆਰੇ ਗੁਰਧਾਮਾਂ ਨੂੰ ਛੱਡ ਕੇ ਆਉਣ ਦਾ ਦਰਦ ਕਿਵੇਂ ਕੋਈ ਮਿਣ ਸਕਦਾ ? ਸਾਡੀ ਕੌਮ ਦੇ ਆਗੂਆਂ ਨੇ ਜਿਹੜੇ ਵਾਅਦਿਆਂ ਉੱਤੇ ਯਕੀਨ ਕੀਤਾ ਸੀ, ਅਗਲੇ ਸਾਫ਼ ਮੁੱਕਰ ਗਏ। ਕਹਿੰਦੇ "ਅਬ ਵਕਤ ਬਦਲ ਗਿਆ ਹੈ।"

ਅਗਲੇ ਮਾਲਕ ਬਣ ਬੈਠੇ ਤੇ ਅਸੀਂ ਗੁਲਾਮ। ਫੇਰ ਕਹਿੰਦੇ ਅਸੀਂ ਦੱਸਾਂਗੇ ਕਿ ਗ਼ੁਲਾਮਾਂ ਨੂੰ ਕੀ ਦੇਣਾ, ਕੀ ਖਾਣ-ਪਹਿਨਣਗੇ, ਇਹਨਾਂ ਦਾ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ, ਸਭ ਕੁਝ ਕਹਿੰਦੇ ਅਸੀਂ ਫ਼ੈਸਲੇ ਕਰਾਂਗੇ ਕਿਉਂਕਿ ਅਸੀਂ ਮਾਲਕ ਹਾਂ। ਤਖ਼ਤਾਂ ਤਾਜਾਂ ਦੇ ਮਾਲਕ, ਭਿਖਾਰੀਆਂ ਵਰਗੇ ਬਣਾ ਧਰੇ। ਵਕਤ ਦੀ ਕਾਲ਼ੀ ਬੋਲ਼ੀ ਹਨੇਰੀ ਨੇ ਸਾਨੂੰ ਕੱਖੋਂ ਹੌਲ਼ੇ ਕਰ ਦਿੱਤਾ। ਹਨੇਰੀਆਂ ਵਿੱਚ ਉੱਡਦੇ ਕੱਖ-ਕਾਨਿਆਂ ਵਾਂਗ ਅਸੀਂ ਰੁਲਦੇ ਫਿਰੇ। ਸਭ ਤੋਂ ਵੱਡੀ ਸੱਟ ਸੀ ਸਾਡੇ ਭਰੋਸਿਆਂ ਦਾ, ਸਾਡੇ ਵਿਸ਼ਵਾਸ਼ ਦਾ ਕਤਲ। ਕੀਹਦੇ ਕੋਲ ਜਾ ਕੇ ਰੋਈਏ ਕਿ ਸਾਡੇ ਨਾਲ਼ ਇਹਨਾਂ ਲਾਲ਼ਿਆਂ ਨੇ ਜੱਗੋਂ ਤੇਰਵੀਂ ਕੀਤੀ ਹੈ।

ਕਲਗੀਧਰ ਦੇ ਬੱਬਰ ਸ਼ੇਰ ਕਨੂੰਨ ਦੀ ਮਾਰ ਨਾਲ਼ ਸਰਕਾਰ ਦੇ ਸ਼ੇਰ ਬਣਾ ਧਰੇ। ਸੰਵਿਧਾਨ ਵਿੱਚ ਹਿੰਦੂ ਲਿਖ ਦਿੱਤਾ। ਕਹਿੰਦੇ ਬੇਸ਼ੱਕ ਸਿੱਖ ਹੋਵੋ ਪਰ ਤੁਹਾਡੀ ਸੰਵਿਧਾਨਕ ਪਛਾਣ ਹਿੰਦੂ ਹੋਵੇਗੀ ਤੇ ਵਿਆਹ ਬੇਸ਼ੱਕ ਅਨੰਦ ਕਾਰਜ ਕਰਵਾ ਲਵੋ ਪਰ ਸਰਟੀਫਿਕੇਟ ਹਿੰਦੂ ਵਿਆਹ ਕਨੂੰਨ ਤਹਿਤ ਹੀ ਮਿਲੇਗਾ। ਹਰ ਕਾਨੂੰਨ ਹਿੰਦੂਆਂ ਵਾਲ਼ਾ ਥੋਪ ਦਿੱਤਾ। ਕਹਿੰਦੇ ਰਹੋ ਕਿ “ਅਸੀਂ ਹਿੰਦੂ ਨਹੀਂ, ਅਸੀਂ ਸਿੱਖ ਹਾਂ।"

ਧੋਖਿਆਂ, ਧੱਕਿਆਂ, ਵਧੀਕੀਆਂ, ਬੇਵਫਾਈਆਂ ਦੀ ਦਾਸਤਾਨ ਐਨੀ ਲੰਮੀ ਹੈ ਕਿ ਸੁਣਾਉਂਦੇ ਹੰਭ ਜਾਈਏ ਤੇ ਸੁਣਨ ਵਾਲ਼ਾ ਵੀ ਸੋਚਦਾ ਰਹੇ ਕਿ ਕਦ ਮੁੱਕੇਗੀ ਇਹ ਬਾਤ। ਜਦ ਕੀਤੇ ਪ੍ਰਣ ਚੇਤੇ ਕਰਵਾਏ ਤਾਂ ਉਹਨਾਂ ਨੂੰ ਐਨਾ ਰੋਹ ਆਇਆ ਕਿ 'ਪੰਜਾਬੀ ਸੂਬਾ ਜ਼ਿੰਦਾਬਾਦ' ਕਹਿਣ ਉੱਤੇ ਵੀ ਪਾਬੰਦੀ ਲਾ ਦਿੱਤੀ। ਆਖਰ ਲੂਲਾ-ਲੰਗੜਾ ਸੂਬਾ ਬਣਾਇਆ ਤਾਂ ਪੱਲੇ ਕੁਝ ਨਹੀਂ ਪੈਣ ਦਿੱਤਾ। ਰਾਜਧਾਨੀ ਖੋਹ ਲਈ, ਬਿਜਲੀ ਤੇ ਦਰਿਆਈ ਪਾਣੀ ਖੋਹ ਲਏ, ਹਾਈਕੋਰਟ ਵੀ। ਉੱਪਰੋਂ ਮਿੱਥ ਲਿਆ ਕਿ ਪੰਜਾਬ ਨੂੰ ਬੰਜਰ ਬਣਾਉਣਾ ਹੈ। ਫੇਰ ਮਿੱਥ ਲਿਆ ਕਿ ਧਰਮ ਖੋਹ ਲੈਣਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੰਜਰ ਬਣਾਉਣਾ ਹੈ। ਅੱਯਾਸ਼ੀਆਂ ਤੇ ਬਦਮਾਸ਼ੀਆਂ ਦੇ ਰਾਹ ਤੋਰਨ ਲਈ ਬੜੀ ਸਖ਼ਤ ਮਿਹਨਤ ਕੀਤੀ ਗਈ। ਪੰਜਾਬ ਦੇ ਹੱਕ ਦੇਣ ਦੀ ਬਜਾਏ ਗਲਾ ਘੁੱਟਿਆ ਗਿਆ।

ਚਾਰੇ ਪਾਸੇ ਜਦ ਗੱਲ ਨਾ ਬਣੀ ਤਾਂ ਪੰਥ ਅਤੇ ਪੰਜਾਬ ਨੇ ਧਰਮ ਯੁੱਧ ਮੋਰਚਾ ਲਾਇਆ ਕਿ ਸਾਡੇ ਹੱਕ ਦਿਓ। ਦਿੱਲੀ ਦਰਬਾਰ ਨੇ ਮਿੱਥ ਲਿਆ ਕਿ ਐਨੀ ਖ਼ਤਰਨਾਕ ਮਾਰ ਮਾਰੋ ਕਿ ਸਦੀਆਂ ਤੱਕ ਹਿੱਲਣ ਜੋਗੇ ਨਾ ਰਹਿਣ। ਨਸਲਕੁਸ਼ੀ ਦੀ ਸਿਖਰ ਹੋ ਗਈ। ਜੂਨ ਤੇ ਨਵੰਬਰ 1984 ਤੇ ਨਾਲ ਹੀ ਝੂਠੇ ਮੁਕੱਦਮਿਆਂ, ਝੂਠੇ ਮੁਕਾਬਲਿਆਂ ਤੇ ਫੇਰ ਅਣਪਛਾਤੀਆਂ ਲਾਸ਼ਾਂ ਦੇ ਅੰਬਾਰ ਲੱਗਣ ਲੱਗ ਪਏ। ਉੱਪਰੋਂ ਕਹਿੰਦੇ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਲਿਆਉਣ ਲਈ ਸਾਡਾ ਤਾਂ ਐਨੇ ਕਰੋੜ ਖਰਚਾ ਆ ਗਿਆ ਤੇ ਇਹ ਪੰਜਾਬ ਸਿਰ ਕਰਜ਼ਾ ਹੈ। ਜਿਵੇਂ ਕਿਸੇ ਨੂੰ ਕੁਟਾਪਾ ਚਾੜ੍ਹ ਕੇ ਕੋਈ ਕਹੇ ਕਿ ਜੋ ਤੇਰੇ ਕੋਲ ਆਉਣ ਜਾਣ ਉੱਤੇ ਕਾਰ ਦਾ ਖਰਚਾ ਹੋਇਆ ਉਹ ਵੀ ਦੇਹ। ਕਿਸੇ ਕਾਤਲ ਨੇ ਗੋਲ਼ੀ ਮਾਰਨ ਵਾਲ਼ੇ ਤੋਂ ਕਾਰਤੂਸ ਦਾ ਇਉਂ ਖਰਚਾ ਲਿਆ ? ਪਰ ਸਾਡੀ ਕੌਮ ਨੂੰ ਮਾਰਨ-ਕੁੱਟਣ ਦਾ ਖਰਚਾ ਵੀ ਸਾਡੇ ਸਿਰ ਪਿਆ ਹੈ। ਪੁਰਾਣੇ ਵੇਲਿਆਂ ਵਿੱਚ ਜ਼ਾਲਮ ਰਾਜੇ ਕਿਸੇ ਰਾਜ ਨੂੰ ਹਰਾਉਣ, ਝੁਕਾਉਣ ਮਗਰੋਂ ਜੁਰਮਾਨਾ ਲਾ ਦਿੰਦੇ ਸੀ। ਓਹੀ ਕੁਝ ਪੰਜਾਬ ਨਾਲ਼ ਦਿੱਲੀ ਨੇ ਕੀਤਾ।

1947 ਦੀ ਪੰਦਰਾਂ ਅਗਸਤ ਤੋਂ ਹੁਣ ਤੱਕ ਨਾ ਸੁੱਖ ਦਾ ਸਾਹ ਆਇਆ ਤੇ ਨਾ ਅਗਾਹਾਂ ਕੋਈ ਆਸ ਹੈ। ਫੇਰ ਪੰਜਾਬ ਦੇ ਲੋਕ ਕਾਹਦੇ ਜਸ਼ਨ ਮਨਾਉਣ ? ਜਿਹੜੇ ਤਖ਼ਤਾਂ-ਤਾਜਾਂ ਦੇ ਮਾਲਕ ਬਣੇ ਨੇ, ਜਿਨ੍ਹਾਂ ਦੇ ਘਰ ਖੁਸ਼ੀਆਂ-ਖੇੜੇ ਨੇ ਉਹ ਮਨਾਈ ਜਾਣ। ਸਾਡੇ ਤਾਂ ਹਰ ਘਰ ਸੱਥਰ ਵਿਛਿਆ ਹੋਇਆ ਹੈ। ਸਾਡੇ ਤਾਂ ਧਰਮ, ਬੋਲੀ ਤੇ ਸੱਭਿਆਚਾਰ ਦੀ ਬਰਬਾਦੀ ਪ੍ਰਤੱਖ ਦਿਸ ਰਹੀ ਹੈ।

ਇਸੇ ਕਰਕੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ, ਹਰ ਸਾਲ ਪੰਦਰਾਂ ਅਗਸਤ ਦਾ ਬਾਈਕਾਟ ਕਰਦੇ ਹਨ। ਕਿਉਂ ਦੇਈਏ ਓਸ ਸੰਵਿਧਾਨ ਨੂੰ ਸਤਿਕਾਰ ਜੋ ਸਾਨੂੰ ਹਿੰਦੂ ਕਹਿੰਦਾ ਹੈ ? ਕਿਉਂ ਕਰੀਏ ਓਸ ਤਿਰੰਗੇ ਦਾ ਸਤਿਕਾਰ ਜਿਸ ਵਿੱਚ ਸਿੱਖਾਂ ਦਾ ਰੰਗ ਵੀ ਨਹੀਂ ਪਾਇਆ? ਚਲੋ ਐਨਾ ਸ਼ੁਕਰ ਕਰੋ ਕਿ ਅਸੀਂ ਇਸ ਸੰਵਿਧਾਨ ਤੇ ਇਸ ਤਿਰੰਗੇ ਦਾ ਤ੍ਰਿਸਕਾਰ ਨਹੀਂ ਕਰਦੇ। ਪਰ ਸਾਥੋਂ ਦਿਲ ਉੱਤੇ ਪੱਥਰ ਰੱਖ ਕੇ ਇਹਨਾਂ ਨੂੰ ਸਲਾਮੀਆਂ ਨਹੀਂ ਦੇ ਹੁੰਦੀਆਂ।

ਹਰ ਸਾਲ ਵਾਂਗ ਇਸ ਵਾਰ ਵੀ ਸਾਡਾ ਪੰਦਰਾਂ ਅਗਸਤ ਨੂੰ ਕਾਲ਼ਾ ਦਿਨ ਹੋਵੇਗਾ। ਮੁਕੰਮਲ ਬਾਈਕਾਟ। ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਇਹ ਉਹ ਲੋਕ ਨੇ ਜੋ ਅਕ੍ਰਿਤਘਣ ਨੇ, ਅਹਿਸਾਨਫਰਾਮੋਸ਼ ਨੇ, ਕਾਲ਼ੇ ਝੰਡੇ ਹੱਥਾਂ ਵਿੱਚ ਲੈ ਕੇ ਡਟਵਾਂ ਵਿਰੋਧ ਕਰਾਂਗੇ, ਦੁਨੀਆਂ ਨੂੰ ਦੱਸਾਂਗੇ ਸਾਡੇ ਨਾਲ ਕੀ ਕੁਝ ਹੋਇਆ। ਇਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਭੁੱਲ ਗਏ ਨੇ ਤਾਂ ਅਠ੍ਹਾਰਵੀਂ ਸਦੀ ਦੇ ਸਿੱਖਾਂ ਦੇ ਅਹਿਸਾਨ ਕਿੱਥੇ ਚੇਤੇ ਰੱਖਦੇ ? ਇਹ ਸਿੱਖੀ ਤੇ ਸਿੱਖਾਂ ਦੇ ਕਾਤਲ ਨੇ। ਇਹਨਾਂ ਉੱਤੇ ਯਕੀਨ ਨਾ ਕਰਿਓ। 1947 ਮੌਕੇ ਇਹਨਾਂ ਉੱਤੇ ਭਰੋਸਾ ਕੀਤਾ ਸੀ ਪਰ ਇਹਨਾਂ ਨੇ ਮੁੱਕਰਨ ਲੱਗਿਆਂ ਸਕਿੰਟ ਨਹੀਂ ਸੋਚਿਆ।

ਮੁਸਲਿਮ ਆਗੂ ਜਿਨਾਹ ਦੀ ਭਵਿੱਖਬਾਣੀ ਵੀ ਸੱਚੀ ਹੋ ਨਿਬੜੀ, ਉਸ ਨੇ ਸਿੱਖ ਆਗੂਆਂ ਨੂੰ ਹਲੂਣਾ ਦਿੰਦੇ ਹੋਏ ਕਿਹਾ ਸੀ ਕਿ ਤੁਸੀਂ ਹਿੰਦੂ ਨੂੰ ਗੁਲਾਮ ਰੂਪ 'ਚ ਵੇਖਿਆ ਹੈ, ਜਦੋਂ ਇਸ ਨੂੰ ਆਜ਼ਾਦ ਹੋਇਆ ਵੇਖੋਗੇ ਤਾਂ ਇਹ ਗਿਰਗਿਟ ਵਾਂਗ ਰੰਗ ਬਦਲ ਜਾਵੇਗਾ ਤੇ ਗ਼ੈਰ ਹਿੰਦੂ-ਕੌਮਾਂ ਨੂੰ ਨੇਸਤੋ-ਨਾਬੂਦ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੇਗਾ।

ਪਰ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਮੁਸਲਿਮ ਆਗੂ ਜਿਨਾਹ ਦੀ ਇੱਕ ਨਾ ਮੰਨੀ। 16 ਮਾਰਚ 1931 ਨੂੰ ਅਖੌਤੀ ਮਹਾਤਮਾ ਗਾਂਧੀ ਨੇ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਭਰਵੇਂ ਇਕੱਠ 'ਚ ਕਿਹਾ ਸੀ ਕਿ "ਸਿੱਖ ਬਹਾਦਰ ਲੋਕ ਹਨ ਤੇ ਜੇ ਕਦੇ ਬਿਪਤਾ ਦਾ ਸਮਾਂ ਬਣ ਵੀ ਜਾਏ, ਕਾਂਗਰਸ ਉਹਨਾਂ ਨੂੰ ਹੱਕ ਨਾ ਦੇਵੇ ਤਾਂ ਸਿੱਖ ਆਪਣੇ ਹੱਕਾਂ ਦੀ ਰਾਖੀ ਸ਼ਸਤਰ ਦੁਆਰਾ ਵੀ ਕਰ ਸਕਦੇ ਹਨ।"

ਦਸੰਬਰ 1929 'ਚ ਕਾਂਗਰਸ ਪਾਰਟੀ ਨੇ ਲਾਹੌਰ ਸੈਸ਼ਨ ਵਿੱਚ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਕੋਈ ਵੀ ਇਹੋ ਜਿਹਾ ਕਾਨੂੰਨ ਨਹੀ ਬਣਾਏਗੀ ਜੋ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ ਤੇ ਸਿੱਖ, ਮੁਸਲਿਮ ਤੇ ਹੋਰ ਘੱਟ-ਗਿਣਤੀਆਂ ਉਸ ਦਾ ਵਿਰੋਧ ਕਰਨ।

6 ਜੁਲਾਈ 1945 ਨੂੰ ਨਹਿਰੂ ਨੇ ਕਲਕੱਤੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ "ਉੱਤਰੀ ਭਾਰਤ ਵਿੱਚ ਸਿੱਖਾਂ ਲਈ ਇੱਕ ਅਜਿਹਾ ਖਿੱਤਾ ਐਲਾਨ ਕੀਤਾ ਜਾਵੇਗਾ ਜਿਸ ਵਿੱਚ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ।"

10 ਅਗਸਤ 1946 ਨੂੰ ਕਾਂਗਰਸ ਨੇ ਬਕਾਇਦਾ ਇਹ ਮਤਾ ਪਾ ਕੇ ਸਿੱਖਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਸਹਾਇਤਾ ਕਰੇਗੀ।

ਅੰਗਰੇਜ਼ ਤਾਂ ਸਿੱਖਾਂ ਨੂੰ ਵੱਖਰਾ ਮੁਲਕ ਦੇਣਾ ਚਾਹੁੰਦੇ ਸਨ ਪਰ ਚਾਣਕੀਆ ਦੇ ਵਾਰਸ ਚਲਾਕ ਬ੍ਰਾਹਮਣਾਂ ਨੇ ਸਿੱਖਾਂ ਨੂੰ ਸਾਂਝੇ ਤੌਰ 'ਤੇ ਭਾਰਤ 'ਚ ਰਹਿਣ ਲਈ ਤਿਆਰ ਕਰ ਲਿਆ, ਦੂਜੇ ਪਾਸੇ ਮੁਸਲਮਾਨਾਂ ਨੇ ਵੱਖਰੇ ਪਾਕਿਸਤਾਨ ਦੀ ਮੰਗ ਜਾਰੀ ਰੱਖੀ ਤੇ ਸਫ਼ਲਤਾ ਪ੍ਰਾਪਤ ਕੀਤੀ। ਲੇਕਿਨ ਸਿੱਖ ਆਗੂਆਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਤੇ ਬਿਪਰਵਾਦ ਤੇ ਭਰੋਸਾ ਕਰਕੇ ਗੰਗੂਆਂ ਨਾਲ ਆਪਣੀ ਕਿਸਮਤ ਜੋੜ ਕੇ ਬਹੁਤ ਵੱਡੀ ਗਲਤੀ ਕੀਤੀ, ਜਿਸ ਦਾ ਖਮਿਆਜਾ ਅੱਜ-ਤੱਕ ਪੂਰੀ ਕੌਮ ਨੂੰ ਭੁਗਤਣਾ ਪੈ ਰਿਹਾ ਹੈ।

ਜੂਨ 1984 'ਚ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਸੁਤੰਤਰਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰ ਅਨੇਕਾਂ ਗੁਰਧਾਮਾਂ 'ਤੇ ਭਾਰਤ ਸਰਕਾਰ ਨੇ ਟੈਂਕਾਂ-ਤੋਪਾਂ ਨਾਲ਼ ਕਹਿਰੀ ਫ਼ੌਜੀ ਹਮਲਾ ਕਰ ਦਿੱਤਾ। ਜਿਸ ਨੂੰ ਸਿੱਖ ਕੌਮ ਤੀਜੇ ਘੱਲੂਘਾਰੇ ਵਜੋਂ ਇਤਿਹਾਸ 'ਚ ਯਾਦ ਕਰਦੀ ਹੈ। ਗੁਰੂ-ਘਰ 'ਤੇ ਚੜ੍ਹ ਕੇ ਆਏ ਵੈਰੀਆਂ ਦਾ ਮੁਕਾਬਲਾ ਵੀਹਵੀਂ ਸਦੀ ਦੇ ਮਹਾਨ ਸਿੱਖ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਤੇ ਜਨਰਲ ਸ਼ਬੇਗ ਸਿੰਘ ਦੀ ਅਗਵਾਈ 'ਚ ਮੁੱਠੀ ਭਰ ਜੁਝਾਰੂ ਸਿੰਘਾਂ ਨੇ ਪੂਰੀ ਨਿਡਰਤਾ ਤੇ ਬਹਾਦਰੀ ਨਾਲ ਕੀਤਾ ਤੇ ਗੰਗੂਕਿਆਂ ਦੇ ਵਾਰਸਾਂ ਨੂੰ ਲੋਹੇ ਦੇ ਚਣੇ ਚਬਾਏ।

ਗੁਰੂ ਕੇ ਲਾਲ ਆਖ਼ਰੀ ਸੁਆਸ ਤੱਕ ਫ਼ੌਜ ਦਾ ਮੁਕਾਬਲਾ ਕਰਦੇ ਰਹੇ ਤੇ ਸ਼ਹਾਦਤਾਂ ਦਾ ਜਾਮ ਪੀ ਗਏ। ਸਰਕਾਰ ਨੇ ਪੰਜਾਬ ਨੂੰ ਫ਼ੌਜ ਦੇ ਹਵਾਲੇ ਕੀਤਾ ਹੋਇਆ ਸੀ, ਚੱਪੇ-ਚੱਪੇ 'ਤੇ ਪੁਲੀਸ ਅਤੇ ਫ਼ੌਜ ਦੀਆਂ ਅਨੇਕਾਂ ਕੰਪਨੀਆਂ ਸਿੱਖਾਂ 'ਤੇ ਮੰਡਰਾ ਰਹੀਆਂ ਸਨ ਤੇ ਅੰਮ੍ਰਿਤਸਰ 'ਚ ਹਜ਼ਾਰਾਂ ਬੇਗ਼ੁਨਾਹਾਂ ਸੰਗਤਾਂ ਨੂੰ ਫ਼ੌਜ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਬੈਠ ਕੇ ਹਜ਼ਾਰਾਂ ਸੰਗਤਾਂ ਇਲਾਹੀ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਸੁਣ ਕੇ ਆਤਮਿਕ ਅਨੰਦ ਪ੍ਰਾਪਤ ਕਰਦੀਆਂ ਸਨ ਓਸੇ ਪ੍ਰਕਰਮਾਂ 'ਚ ਬੈਠ ਕੇ ਹਿੰਦੂ ਫ਼ੌਜੀਆਂ ਨੇ ਬੀੜੀਆਂ-ਸਿਗਰਟਾਂ ਤੇ ਸ਼ਰਾਬਾਂ ਪੀਤੀਆਂ ਤੇ ਸਿੱਖਾਂ ਦੀਆਂ ਪੱਗਾਂ ਨਾਲ ਉਹਨਾਂ ਦੇ ਹੱਥ ਬੰਨ੍ਹ ਕੇ ਧੁੱਪ 'ਚ ਲਿਟਾਇਆ ਤੇ ਅਕਹਿ ਤੇ ਅਸਹਿ ਤਸੀਹੇ ਦੇ ਕੇ ਨੇੜਿਓਂ ਸਿਰ 'ਚ ਗੋਲ਼ੀਆਂ ਮਾਰੀਆਂ। ਇਥੋਂ ਤਕ ਕਿ ਫ਼ੌਜ ਨੇ ਦੁੱਧ ਪੀਂਦੇ ਬੱਚੇ ਤੱਕ ਵੀ ਨਾ ਬਖਸ਼ੇ ਤੇ ਉਹਨਾਂ ਨੂੰ ਪਾਣੀ ਦੀ ਬੂੰਦ ਤਕ ਨਾ ਦਿੱਤੀ ਤੇ ਮਾਵਾਂ ਨੇ ਆਪਣਾ ਪਸੀਨਾ ਪੂੰਝ ਕੇ ਕੱਪੜੇ ਨਾਲ਼ ਨਿਚੋੜ ਕੇ ਬੱਚਿਆਂ ਦੇ ਬੁੱਲ ਗਿੱਲੇ ਕੀਤੇ ਤੇ ਫ਼ੌਜੀਆਂ ਨੇ ਮਾਂਵਾਂ ਦੀਆਂ ਗੋਦੀਆਂ 'ਚੋਂ ਬੱਚੇ ਚੁੱਕ ਕੇ ਕੰਧਾਂ ਨਾਲ਼ ਪਟਕਾ-ਪਟਕਾ ਮਾਰੇ।

ਜਿਸ ਪਵਿੱਤਰ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰਕੇ ਸੰਗਤਾਂ ਆਪਣੇ ਮਨ-ਤਨ ਦੇ ਰੋਗ ਦੂਰ ਕਰਦੀਆਂ ਸਨ, ਉਹ ਸਰੋਵਰ ਖ਼ੂਨ ਨਾਲ਼ ਲਾਲ ਹੋ ਚੁੱਕਾ ਸੀ ਤੇ ਭਾਰਤੀਫ਼ੌਜੀਆਂ ਨੇ ਇਮਾਰਤਾਂ 'ਤੇ ਚੜ੍ਹ ਕੇ ਤਿਰੰਗੇ ਲਹਿਰਾਏ। ਗੁਰੂ ਕੀ ਨਗਰੀ 'ਚ ਅੰਤਾਂ ਦਾ ਕਹਿਰ ਕਰਕੇ ਵੀ ਅਜੇ ਹਿੰਦੂ ਹਾਕਮਾਂ ਦੀ ਪਿਆਸ ਬੁਝੀ ਨਹੀਂ ਸੀ।

ਥੋੜੇ ਸਮੇਂ ਬਾਅਦ ਹੀ ਨਵੰਬਰ 1984 'ਚ ਦਿੱਲੀ, ਕਾਨਪੁਰ ਤੇ ਹੋਰ ਦਸਾਂ ਸ਼ਹਿਰਾਂ 'ਚ ਸਿੱਖਾਂ ਦਾ ਰੱਜ ਕੇ ਕਤਲੇਆਮ ਕੀਤਾ ਗਿਆ। ਸਿੱਖ ਕੌਮ 'ਤੇ ਬਹੁਤ ਭਿਆਨਕ ਸਮਾਂ ਚੱਲ ਰਿਹਾ ਸੀ ਤੇ ਹਿੰਦੂਤਵੀਏ ਖੁਸ਼ੀਆਂ ਮਨਾ ਕੇ ਸਿੱਖਾਂ ਦੀ ਬਰਬਾਦੀ 'ਤੇ ਭੰਗੜੇ ਪਾ ਰਹੇ ਸਨ।

ਫਿਰ ਜਦੋਂ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਸਿਧਾਂਤ ਅਨੁਸਾਰ ਸਿੱਖ ਯੋਧੇ ਸ਼ਸਤਰਧਾਰੀ ਹੋ ਕੇ ਦਿੱਲੀ ਦਰਬਾਰ ਵਿਰੁੱਧ ਜੰਗ ਲੜਨ ਲਈ ਮੈਦਾਨ 'ਚ ਨਿੱਤਰੇ ਤਾਂ ਗਾਂਧੀਵਾਦੀ ਸੋਚ ਵਾਲਿਆਂ ਨੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਦੇਸ਼ਧ੍ਰੋਹੀ, ਕਾਤਲ ਆਦਿਕ ਕਹਿ ਕੇ ਅੰਤਰ-ਰਾਸ਼ਟਰੀ ਪੱਧਰ 'ਤੇ ਭੰਡਣਾ-ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਖ਼ਾਲਸੇ ਨੇ ਚੁਣ-ਚੁਣ ਕੇ ਵੈਰੀਆਂ ਦਾ ਸੋਧੇ ਲਾਏ ਤੇ ਦਿੱਲੀ ਦਰਬਾਰ ਦੇ ਕਿੰਗਰੇ ਹਿਲਾ ਕੇ ਰੱਖ ਦਿੱਤੇ।

ਅਕ੍ਰਿਤਘਣ ਹਿੰਦੂ ਸਰਕਾਰ ਨੇ ਸਿੱਖਾਂ ਦੇ ਸਿਰਾਂ ਦਾ ਪੱਚੀ-ਪੱਚੀ ਲੱਖ ਰੁਪਏ ਮੁੱਲ ਰੱਖਿਆ ਜਿਵੇਂ 18ਵੀਂ ਸਦੀ 'ਚ ਮੁਗਲ ਹਕੂਮਤ ਸਿੱਖਾਂ ਦਾ ਸਿਰ ਵੱਢ ਕੇ ਲਿ ਆਉਣ ਵਾਲ਼ੇ ਨੂੰ ਮੋਹਰਾਂ ਦੇ ਕੇ ਨਿਵਾਜਦੀ ਹੁੰਦੀ ਸੀ। ਓਹੀ ਇਤਿਹਾਸ ਦੁਹਰਾਇਆ, ਬਾਬਰਕਿਆਂ ਦੇ ਵਾਰਸ ਅੱਜ ਬਾਬਿਆਂ ਦੇ ਵਾਰਸ ਸਿੱਖਾਂ 'ਤੇ ਜ਼ੁਲਮ ਢਾਹ ਰਹੇ ਸਨ। ਹਿੰਦ ਸਰਕਾਰ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਅਪਰੇਸ਼ਨ ਵੁੱਡਰੋਜ਼ ਤਹਿਤ ਅਤੇ ਆਲਮ ਸੈਨਾ, ਗਿੱਲ ਸੈਨਾ, ਸੁਮੇਧ ਸੈਨਾ, ਘੋਟਣਾ ਸੈਨਾ, ਵਿਰਕ ਸੈਨਾ ਆਦਿ ਬਣਾ ਕੇ ਸਿੱਖਾਂ ਦੀ ਨਸਲਕੁਸ਼ੀ ਜਾਰੀ ਰੱਖੀ ਤੇ ਹਜ਼ਾਰਾਂ ਬੇਗ਼ੁਨਾਹਾਂ ਨਿਰਦੋਸ਼ੇ ਸਿੰਘਾਂ-ਸਿੰਘਣੀਆਂ ਨੂੰ ਘਰਾਂ, ਖੇਤਾਂ ਤੇ ਦੁਕਾਨਾਂ 'ਚੋਂ ਚੁੱਕ ਕੇ ਲਾਪਤਾ ਕਰ ਦਿੱਤਾ, ਜਿੰਨ੍ਹਾਂ ਚੋਂ ਅੱਜ-ਤਕ ਕਈਆਂ ਦੀ ਉੱਘ-ਸੁੱਘ ਤੱਕ ਨਾ ਮਿਲ਼ੀ ਤੇ ਹਜ਼ਾਰਾਂ ਲਵਾਰਿਸ ਲਾਸ਼ਾਂ ਕਹਿ ਕੇ ਸ਼ਮਸ਼ਾਨ ਘਾਟ 'ਚ ਸਾੜ ਦਿੱਤੀਆਂ ਗਈਆਂ।

ਸਰਕਾਰ ਸਿੱਖਾਂ ਦੇ ਮਸਲੇ ਹੱਲ ਨਹੀਂ ਸੀ ਕਰਨਾ ਚਾਹੁੰਦੀ, ਲੇਕਿਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਢਿੰਡੋਰਾ ਪਿੱਟ ਕੇ ਸਿੱਖ ਨੌਜਵਾਨੀ ਨੂੰ ਝੂਠੇ ਪੁਲੀਸ ਮੁਕਾਬਲਿਆਂ 'ਚ ਮਾਰ ਸੁੱਟਣਾ ਸਰਕਾਰ ਲਈ ਖੇਡ ਬਣ ਚੁੱਕਾ ਸੀ। ਇਹਨੀਂ ਦਿਨੀਂ ਪੁਲੀਸ ਨੇ ਕਈ ਮਾਂਵਾਂ ਦੇ ਗੱਭਰੂ ਪੁੱਤ ਮਾਰ ਮੁਕਾਏ ਤੇ ਕਈ ਜ਼ਾਲਮ ਹਕੂਮਤ ਨਾਲ ਟੱਕਰ ਲੈਂਦਿਆਂ ਖੁਦ ਸ਼ਹੀਦੀਆਂ ਪਾ ਗਏ।

ਸਿੱਖ ਕੌਮ ਇਸ ਤਿਰੰਗੇ ਝੰਡੇ ਨਾਲ ਨਫ਼ਰਤ ਕਰਦੀ ਹੈ ਕਿਉਂਕਿ ਇਸ ਤਿਰੰਗੇ ਵਿੱਚੋਂ ਬੇਕਸੂਰ ਸਿੱਖਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ, ਇਸ ਵਿੱਚੋਂ ਢੱਠਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖਾਈ ਦਿੰਦਾ ਹੈ, ਹਿੰਦੁਸਤਾਨੀ ਸਰਕਾਰਾਂ ਵੱਲੋਂ ਪੰਜਾਬ ਨਾਲ਼ ਪੈਰ-ਪੈਰ 'ਤੇ ਕੀਤੇ ਧੋਖੇ ਵਿਖਾਈ ਦਿੰਦੇ ਹਨ, ਸਾਡੇ ਤੋਂ ਵੱਖ ਹੋਏ ਗੁਰਧਾਮ ਅਤੇ ਉਜਾੜੇ ਗਏ ਸਿੱਖ ਪਰਿਵਾਰ ਵਿਖਾਈ ਦਿੰਦੇ ਹਨ। ਇਹ ਝੰਡਾ ਸਿੱਖ ਕੌਮ ਦਾ ਕਾਤਲ ਹੈ। ਇਸ ਲਈ 15 ਅਗਸਤ ਸਿੱਖਾਂ ਲਈ ਅਜ਼ਾਦੀ ਦਿਨ ਨਹੀਂ, ਬਲਕਿ ਬਰਬਾਦੀ ਦਿਨ ਤੇ ਵਿਸ਼ਵਾਸਘਾਤ ਦਿਹਾੜਾ ਹੈ।

ਅਸੀਂ ਅਰਦਾਸ ਕਰਦੇ ਹਾਂ ਕਿ ਜਲਦ ਹੀ ਸੰਯੁਕਤ ਰਾਸ਼ਟਰ 'ਚ ਖ਼ਾਲਸਾਈ ਨਿਸ਼ਾਨ ਸਾਹਿਬ ਝੁੱਲੇ ਤੇ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ (ਖ਼ਾਲਿਸਤਾਨ) ਦੀ ਸਥਾਪਨਾ ਹੋਵੇ। ਫਿਰ ਜਦੋਂ ਖ਼ਾਲਸੇ ਦੇ ਬੋਲ-ਬਾਲੇ ਹੋਣਗੇ ਤਾਂ ਓਦੋਂ ਅਸੀਂ ਵੀ ਅਜ਼ਾਦੀ ਦੇ ਜਸ਼ਨ ਮਨਾਵਾਂਗੇ।

ਰਣਜੀਤ ਸਿੰਘ ਦਮਦਮੀ ਟਕਸਾਲ

(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)

ਮੋ : 88722-93883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.