Papakura Marae ਵਿਖੇ ਮਾਓਰੀ ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਸੰਬੰਧੀ ਸਮਾਗਮ ਕਰਵਾਇਆ

Papakura Marae ਵਿਖੇ ਮਾਓਰੀ ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਸੰਬੰਧੀ ਸਮਾਗਮ ਕਰਵਾਇਆ

ਭਾਈਚਾਰਕ ਸੰਵਾਦ ਨਾਲ ਮਜਬੂਤ ਰਿਸ਼ਤੇ ਬਣਾਉਣਾ ਸਮੇਂ ਦੀ ਮੁੱਖ ਲੋੜ - ਡਾ. ਸੁਖਪ੍ਰੀਤ ਸਿੰਘ ਉਦੋਕੇ 
ਨਿਊਜ਼ੀਲੈਂਡ , ਆਕਲੈਂਡ ( ਤਰਨਜੋਤ ਸਿੰਘ ) ਪਾਪਾਕੁਰਾ ਮਾਰੇ ਵਿਖੇ ਪੋਵ੍ਹਿਰੀ (Pōwhiri) ਅਤੇ ਕਰਾਕੀਆ ਵਕਾਅਮੁਤੁੰਗਾ (Karakia Whakamutunga) ਸੰਬੰਧੀ ਕਰਵਾਏ ਸਮਾਗਮ ਦੌਰਾਨ ਮਾਓਰੀ ਸੱਭਿਆਚਾਰ ਅਤੇ ਸਮੂਹਿਕ ਰੂਪ ਵਿੱਚ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨ ਤੇ ਜੋਰ ਦਿੱਤਾ ਗਿਆ । 
ਸਮਾਗਮ ਵਿੱਚ ਮਾਓਰੀ, ਭਾਰਤੀ, ਜਾਪਾਨੀ, ਲੈਬਨਾਨੀ ਅਤੇ ਹੋਰ ਅੰਤਰਰਾਸ਼ਟਰੀ ਭਾਈਚਾਰਿਆਂ ਦੇ ਨੁਮਾਇੰਦੇ ਸ਼ਾਮਲ ਸਨ ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਭਾਰਤ, ਜਾਪਾਨ, ਲੈਬਨਾਨ, ਜਾਰਡਨ ਅਤੇ ਫਿਨਲੈਂਡ ਦੇ ਕੌਂਸਲ ਜਨਰਲਾਂ ਦੇ ਨਾਲ-ਨਾਲ ਸੁਪਰੀਮ ਸਿੱਖ ਸੋਸਾਇਟੀ ਅਤੇ ਜਾਪਾਨੀ ਸੋਸਾਇਟੀ ਆਫ ਆਕਲੈਂਡ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ । 
ਇਹਨੀ ਦਿਨੀਂ ਨਿਊਜ਼ੀਲੈਂਡ ਵਿਖੇ ਪ੍ਰਚਾਰ ਦੌਰੇ ਤੇ ਆਏ ਸਿੱਖ ਵਿਦਵਾਨ ਸੁਖਪ੍ਰੀਤ ਸਿੰਘ ਉਦੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈਚਾਰਿਆਂ ਵਿਚਕਾਰ ਸੰਵਾਦ, ਸਮਝ ਅਤੇ ਸਾਂਝੀਆਂ ਕਦਰਾਂ-ਕੀਮਤਾਂ ਰਾਹੀਂ ਮਜ਼ਬੂਤ ਰਿਸ਼ਤੇ ਬਣਾਏ ਜਾ ਸਕਦੇ ਹਨ। ਉਨ੍ਹਾਂ ਨੇ ਸਿੱਖ ਅਤੇ ਮਾਓਰੀ ਪਰੰਪਰਾਵਾਂ ਵਿੱਚ ਸੇਵਾ, ਸਤਿਕਾਰ ਅਤੇ ਸਮੂਹਿਕ ਭਲਾਈ ਵਰਗੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਚਾਨਣਾ ਪਾਇਆ ।


Papakura Marae ਦੇ ਮੁੱਖ ਕਾਰਜਕਾਰੀ ਅਧਿਕਾਰੀ ਟੋਨੀ ਕਾਕੇ ਅਤੇ ਐਗਜ਼ੈਕਟਿਵ ਕਮੇਟੀ ਚੇਅਰ ਐਨ ਕੇਂਡਲ ਨੇ ਵੱਖ ਵੱਖ ਭਾਈਚਾਰੇ ਤੋਂ ਆਏ ਆਗੂਆਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਮਾਓਰੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਭਾਈਚਾਰਿਆਂ ਵਿਚਕਾਰ ਮਜ਼ਬੂਤ ਸਬੰਧ ਬਣਾਉਣਾ ਵੀ ਬਹੁਤ ਮਹੱਤਵਪੂਰਨ ਹੈ। ਸਮਾਗਮ ਦਾ ਉਦੇਸ਼ ਮਾਓਰੀ ਸੱਭਿਆਚਾਰ, ਮਾਓਰੀ ਕਾਰੋਬਾਰ ਅਤੇ ਵਪਾਰਕ ਮੌਕਿਆਂ ਨੂੰ ਉਜਾਗਰ ਕਰਨਾ , ਮਾਓਰੀ ਸੰਸਥਾਵਾਂ ਅਤੇ ਨਿਊਜ਼ੀਲੈਂਡ ਵਿੱਚ ਵਸਦੇ ਭਾਈਚਾਰਿਆਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸੀ।
ਸਮਾਗਮ ਦੌਰਾਨ Marae ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਪਾਪਾਕੁਰਾ ਮਾਰੇ ਇੱਕ ਮਹੱਤਵਪੂਰਨ ਸ਼ਹਿਰੀ ਮਾਰੇ ਵਜੋਂ ਵਿਕਸਤ ਹੋ ਚੁੱਕਾ ਹੈ, ਜੋ ਹਰ ਪਿਛੋਕੜ ਦੇ ਲੋਕਾਂ ਲਈ ਖੁੱਲ੍ਹਾ ਹੈ। ਉਨ੍ਹਾਂ ਦੱਸਿਆ ਕਿ ਮਾਰੇ ਰਾਹੀਂ ਇਸ ਵੇਲੇ 60 ਤੋਂ ਵੱਧ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸਿੱਖਿਆ, ਸਿਹਤ, ਡਰਾਈਵਰ ਲਾਇਸੈਂਸ, ਸਮਾਜਿਕ ਸੇਵਾਵਾਂ ਅਤੇ ਭਾਈਚਾਰਕ ਭਲਾਈ ਨਾਲ ਸਬੰਧਿਤ ਸਹਾਇਤਾ ਸ਼ਾਮਲ ਹੈ। Papakura Marae ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਥਾਨ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਰਹਿਤ ਹੈ ਅਤੇ ਨਸਲ, ਧਰਮ ਜਾਂ ਸੱਭਿਆਚਾਰਕ ਪਿਛੋਕੜ ਤੋਂ ਇਲਾਵਾ ਹਰ ਵਿਅਕਤੀ ਦਾ ਸਵਾਗਤ ਕਰਦਾ ਹੈ। 
ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਸਾਰੀਆਂ ਦਾ ਧੰਨਵਾਦ ਕਰਦਿਆਂ ਅੱਜ ਦੇ ਇਸ ਇਕੱਠ ਨੂੰ ਮਿਸਾਲ ਦਸਦਿਆਂ ਕਿਹਾ ਕਿ ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਸਾਂਝੀਆਂ ਕਦਰਾਂ-ਕੀਮਤਾਂ ਦਾ ਜਸ਼ਨ ਮਨਾਉਂਦੇ ਹੋਏ ਇਕੱਠੇ ਹੋ ਸਕਦੇ ਹਨ ਅਤੇ ਮਾਓਰੀ ਪਰੰਪਰਾਵਾਂ ਅਤੇ ਆਧੁਨਿਕ ਨਿਊਜ਼ੀਲੈਂਡ ਵਿੱਚ ਮਾਰੇ ਦੀ ਅਹਿਮ ਭੂਮਿਕਾ ਨੂੰ ਹੋਰ ਨੇੜੇ ਤੋਂ ਸਮਝ ਸਕਦੇ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.