ਤਰਸਿੱਕਾ ਬਲਾਕ ਦਾ ਦੁਬਾਰਾ ਬਣਨਾ ਲੋਕ ਏਕਤਾ ਅਤੇ ਸੰਘਰਸ਼ ਦੀ ਇਤਿਹਾਸਕ ਜਿੱਤ ਹੋਵੇਗੀ: ਬਲਜੀਤ ਸਿੰਘ ਲਾਲੀ

ਤਰਸਿੱਕਾ ਬਲਾਕ ਦਾ ਦੁਬਾਰਾ ਬਣਨਾ ਲੋਕ ਏਕਤਾ ਅਤੇ ਸੰਘਰਸ਼ ਦੀ ਇਤਿਹਾਸਕ ਜਿੱਤ ਹੋਵੇਗੀ: ਬਲਜੀਤ ਸਿੰਘ ਲਾਲੀ

ਝੂਠ ਦਾ ਪ੍ਰਚਾਰ ਕਰਨ ਵਾਲੇ ਨੇਤਾਵਾਂ ਦਾ ਅਹੰਕਾਰ ਤੋੜ ਕੇ ਲੋਕਾਂ ਨੇ ਆਪਣਾ ਹੱਕ ਖੋਹਿਆ; ਹੁਣ ਜਿੱਤ ਦਾ ਸਿਹਰਾ ਬੰਨ੍ਹਣ ਵਾਲੇ ਮੰਤਰੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਬਲਾਕ ਤਰਸਿੱਕਾ ਬਚਾਓ ਮੋਰਚੇ ਦੇ ਮੁੱਖ ਆਗੂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪਿੰਡ ਤਰਸਿੱਕਾ) ਦੇ ਪ੍ਰਧਾਨ ਬਲਜੀਤ ਸਿੰਘ ਲਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਬਲਾਕ ਤਰਸਿੱਕਾ ਦਾ ਜੋ ਨਵਾਂ ਨਿਰਮਾਣ ਸਬੰਧੀ ਜੋ ਖਬਰਾਂ ਚੱਲ ਰਹੀਆਂ ਹਨ ਜੇਕਰ ਇਹ ਸਚਾਈ ਹੈ ਤਾਂ ਇਹ ਕਿਸੇ ਮੰਤਰੀ ਜਾਂ ਸਰਕਾਰ ਦੀ ਦੇਣ ਨਹੀਂ, ਸਗੋਂ ਇਲਾਕੇ ਦੇ ਜਾਗਰੂਕ ਲੋਕਾਂ ਅਤੇ 'ਬਲਾਕ ਤਰਸਿੱਕਾ ਬਚਾਓ ਮੋਰਚੇ' ਦੇ ਇੱਕ ਸਾਲ ਲੰਮੇ ਡੱਟਵੇਂ ਸੰਘਰਸ਼ ਦੀ ਇਤਿਹਾਸਕ ਜਿੱਤ ਹੋਵੇਗੀ। 

ਬਲਜੀਤ ਸਿੰਘ ਲਾਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਆਪਣੇ ਅੜੀਅਲ ਰਵੱਈਏ ਨਾਲ ਇਸ ਬਲਾਕ ਨੂੰ ਤੋੜ ਕੇ ਇਲਾਕੇ ਦੇ ਲੋਕਾਂ ਨਾਲ ਵੱਡਾ ਧੱਕਾ ਕੀਤਾ ਸੀ। ਪਿਛਲੇ ਇੱਕ ਸਾਲ ਤੋਂ ਸਰਕਾਰ ਅਤੇ ਉਸ ਦੇ ਨੁਮਾਇੰਦੇ ਇਸ ਮੋਰਚੇ ਨੂੰ ਨਾਕਾਮ ਕਰਨ ਲਈ ਹਰ ਹਥਕੰਡਾ ਅਪਣਾਉਂਦੇ ਰਹੇ। ਸਰਕਾਰ ਦੇ ਆਈ.ਟੀ. ਸੈੱਲ ਵੱਲੋਂ ਮੋਰਚੇ ਦੇ ਆਗੂਆਂ ਉੱਤੇ ਨਿੱਜੀ ਦੂਸ਼ਣਬਾਜ਼ੀ ਕੀਤੀ ਗਈ, ਝੂਠਾ ਅਤੇ ਗੁਮਰਾਹਕੁੰਨ ਪ੍ਰਚਾਰ ਫੈਲਾਇਆ ਗਿਆ ਅਤੇ ਲੋਕਾਂ ਵਿੱਚ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਬਲਾਕ ਕਿਤੇ ਨਹੀਂ ਗਿਆ। ਪਰ ਇਲਾਕੇ ਦੇ ਪਿੰਡਾਂ ਦੀ ਏਕਤਾ ਨੇ ਸਰਕਾਰੀ ਤਾਨਾਸ਼ਾਹੀ ਅਤੇ ਹੰਕਾਰੀ ਮੰਤਰੀ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬਲਾਕ ਕੋਈ ਸਧਾਰਨ ਤੌਰ 'ਤੇ 'ਬਹਾਲ' ਨਹੀਂ ਹੋਇਆ, ਸਗੋਂ ਸਰਕਾਰ ਨੂੰ ਆਪਣੀ ਗਲਤੀ ਮੰਨ ਕੇ ਇਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਬਣਾਉਣਾ ਪਿਆ ਹੈ। ਅੱਜ ਜਿਹੜੇ ਆਪ ਨੇਤਾ ਅਤੇ ਮੰਤਰੀ ਦੀਆਂ ਪਿੱਠੂ ਧਿਰਾਂ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀਆਂ ਹਨ, ਲੋਕ ਉਨ੍ਹਾਂ ਦੇ ਇਸ ਝੂਠ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਜਿਨ੍ਹਾਂ ਨੇ ਪਹਿਲਾਂ ਬਲਾਕ ਤੋੜ ਕੇ ਲੋਕਾਂ ਨੂੰ ਖੱਜਲ-ਖੁਆਰ ਕੀਤਾ, ਅੱਜ ਉਹੋ ਲੋਕ ਆਪਣੇ ਝੂਠ ਨੂੰ ਨੂੰ ਛੁਪਾਉਣ ਲਈ ਅੱਡੀਆਂ ਚੁੱਕ-ਚੁੱਕ ਕੇ ਦਾਅਵੇ ਕਰ ਰਹੇ ਹਨ।

ਲਾਲੀ ਨੇ ਸਰਕਾਰ ਅਤੇ ਸਿਆਸੀ ਲੀਡਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਹਰ ਸਟੇਜ 'ਤੇ ਝੂਠ ਬੋਲਣ ਵਾਲੇ ਇਹਨਾਂ ਨੇਤਾਵਾਂ 'ਤੇ ਹੁਣ ਇਲਾਕੇ ਦਾ ਕੋਈ ਵੀ ਵਿਅਕਤੀ ਭਰੋਸਾ ਨਹੀਂ ਕਰੇਗਾ। ਇਹ ਲੜਾਈ ਸਾਬਤ ਕਰਦੀ ਹੈ ਕਿ ਜੇਕਰ ਕੋਈ ਵੀ ਸਰਕਾਰ ਲੋਕਾਂ ਵਿਰੋਧੀ ਫੈਸਲਾ ਲਵੇਗੀ ਤਾਂ ਜਨਤਾ ਉਸ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ। ਮੋਰਚਾ ਓਨਾ ਚਿਰ ਪੂਰੀ ਤਰ੍ਹਾਂ ਚੌਕਸ ਰਹੇਗਾ ਜਦੋਂ ਤੱਕ ਨਵੇਂ ਬਲਾਕ ਦੇ ਗਠਨ ਦੀਆਂ ਸਾਰੀਆਂ ਕਾਗਜ਼ੀ ਕਾਰਵਾਈਆਂ ਅਤੇ ਨੋਟੀਫਿਕੇਸ਼ਨ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਜਾਂਦੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.