ਕੀਨੋ ਬਡੋ ਕਲੂ ਮਹਿ ਸਾਕਾ
- ਗੁਰਬਾਣੀ-ਇਤਿਹਾਸ
- (Asia/Kolkata)
ਕੀਨੋ ਬਡੋ ਕਲੂ ਮਹਿ ਸਾਕਾ
ਗੁਰੂ ਤੇਗ ਬਹਾਦਰ ਸਾਹਿਬ ਦੀ ਮਨੁੱਖਤਾ ਨੂੰ ਦੇਣ ਨੌ ਨਿਧੀਆਂ , ਰਿੱਧੀਆਂ, ਸਿੱਧੀਆਂ ਤੋਂ ਵੀ ਅਨਮੋਲ ਹੈ। ਗੁਰੂ ਸਾਹਿਬ ਨੇ ਅਲੋਪ ਹੋ ਗਈ ਆਸ ਨੂੰ ਜਗਾਉਣ ‘ਤੇ ਮੁੱਕ ਚੁੱਕੇ ਭਰੋਸੇ ਨੂੰ ਅਡੋਲ ਆਧਾਰ ਦੇਣ ਦਾ ਮਹਾਨ ਉਪਕਾਰ ਕੀਤਾ ਜਿਸ ਨੇ ਸੰਜੀਵਨੀ ਬਣ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਪੁਨਰ ਜੀਵਤ ਕੀਤਾ। ਅਧਰਮ ਤੇ ਜ਼ੁਲਮ ਦੇ ਅਸਮਾਨ ‘ਤੇ ਛਾ ਗਏ ਘੁੱਪ ਹਨੇਰੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਕਲਪ ਭਰੀ ਦੁਪਹਿਰੀ ਦੇ ਲਿਸ਼ਕਦੇ ਸੂਰਜ ਵਾਂਗੂੰ ਇਵੇਂ ਉੱਗਿਆ ਕਿ ਜੱਰਾ ਜੱਰਾ ਸੁਨਹਿਰੀ ਇਤਿਹਾਸ ਬਣ ਕੇ ਸਦ ਰੋਸ਼ਨ ਹੋ ਗਿਆ । ਸੰਸਾਰ ਨੇ ਪਹਿਲੀ ਵਾਰ ਆਤਮਕ ਤੇਗ ਦੀ ਧਾਰ ਮਹਿਸੂਸ ਕੀਤੀ ਤੇ ਰੂਹਾਨੀ ਸੂਰਵੀਰਤਾ ਦਾ ਸ਼ਿਖਰ ਵੇਖਿਆ। ਸਿੱਖ ਪੰਥ ਦੀ ਨੌਵੀਂ ਨਾਨਕ ਜੋਤ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰੂ ਕੇ ਮਹਿਲ , ਅੰਮ੍ਰਿਤਸਰ ਤੋਂ ਆਰੰਭ ਹੋ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸੰਪੂਰਨ ਹੋਈ ਸੰਸਾਰਕ ਜੀਵਨ ਯਾਤਰਾ ਧਰਮ ਦੇ ਅਦੁੱਤੀ ਮਾਣ ਦੀ ਯਾਤਰਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਬਾਲ ਅਵਸਥਾ ਵਿੱਚ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਿੱਖਾਂ ਅੰਦਰ “ ਸਿਰੁ ਧਰਿ ਤਲੀ ਗਲੀ ਮੇਰੀ ਆਉ “ ਦਾ ਜਜਬਾ ਪੈਦਾ ਕਰਦਿਆਂ ਵੇਖਿਆ ਤੇ ਮੁੱਢੋਂ ਹੀ ਆਪਣਾ ਸੀਸ ਧਰਮ ਲਈ ਰਾਖਵਾਂ ਕਰ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਨੂੰ ਧਾਰਮਕ , ਅਧਿਆਤਮਕ ਵਿਦਿਆ ਦੇ ਨਾਲ ਹੀ ਅਸਤਰ ਸ਼ਸਤਰ ਸਿਖਿਆ ਦੇਨ ਦੇ ਖਾਸ ਪ੍ਰਬੰਧ ਕੀਤੇ।ਗੁਰੂ ਹਰਿਗੋਬਿੰਦ ਸਾਹਿਬ ਨੇ ਸ਼ਾਹਜਹਾਂ ਨਾਲ ਚਾਰ ਜੰਗਾਂ ਲੜੀਆਂ ਤੇ ਜਿੱਤੀਆਂ। ਚੌਥੀ ਜੰਗ ਸੰਨ 1632 ਵਿਚ ਕਰਤਾਰਪੁਰ ਵਿੱਚ ਹੋਈ। ਇਸ ਜੰਗ ਵਿੱਚ 11 ਸਾਲ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਹਿੱਸਾ ਲਿਆ ਤੇ ਅਪਾਰ ਸੂਰਵੀਰਤਾ ਦਾ ਪ੍ਰਦਰਸ਼ਨ ਕੀਤਾ ।
ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਨਾਨਕੀ ਜੀ ਅਤੇ ਮਹਿਲ ਮਾਤਾ ਗੁਜਰੀ ਜੀ ਨਾਲ ਬਕਾਲੇ ਆ ਗਏ। ਬਕਾਲੇ ਵਿੱਚ ਆਪ ਦਾ ਸਮਾਂ ਭਗਤੀ ਵਿੱਚ ਲੱਗਿਆ ਪਰ ਸਿੱਖ ਪੰਥ ਨਾਲ ਸਰੋਕਾਰ ਵੀ ਬਣਿਆ ਰਿਹਾ। ਇਸ ਕਾਲ ਵਿੱਚ ਆਪ ਨੇ ਯਾਤਰਾਵਾਂ ਵੀ ਕੀਤੀਆਂ।ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੀਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਤਰਜੀਹ ਦਿੱਤੀ। ਆਪ ਨੇ ਨਵਾਂ ਨਗਰ ਆਨੰਦਪੁਰ ਸਾਹਿਬ ਵਸਾਇਆ ਤੇ ਕੋਈ ਵਿਲੰਬ ਕੀਤੇ ਬਿਨਾ ਧਰਮ ਯਾਤਰਾ ਆਰੰਭ ਕਰ ਦਿੱਤੀ। ਗੁਰੂ ਨਾਨਕ ਸਾਹਿਬ ਤੋਂ ਬਾਅਦ ਆਪ ਪਹਿਲੇ ਗੁਰੂ ਸਨ ਜਿਨ੍ਹਾਂ ਲੰਮੀਆਂ ਧਰਮ ਯਾਤਰਾਵਾਂ ਕੀਤੀਆਂ। ਆਪ ਪੰਜਾਬ , ਯੂ.ਪੀ. ,ਹੁੰਦੇ ਹੋਏ ਪਟਨਾ ਸਾਹਿਬ ਪੁੱਜੇ ਤਾਂ ਪਰਿਵਾਰ ਨੂੰ ਟਿਕਾ ਕੇ ਅੱਗੇ ਵੱਧ ਗਏ। ਪਟਨਾ ਸਾਹਿਬ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਇਆ , ਗੁਰੂ ਤੇਗ ਬਹਾਦਰ ਸਾਹਿਬ ਢਾਕਾ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ।ਨਿਰਲੇਪ ਅਵਸਥਾ ਦੇ ਸੁਆਮੀ ਗੁਰੂ ਤੇਗ ਬਹਾਦਰ ਸਾਹਿਬ ਨੇ ਯਾਤਰਾ ਜਾਰੀ ਰੱਖੀ ਤੇ ਬੰਗਾਲ , ਆਸਾਮ ਤੱਕ ਗਏ। ਪੰਜਾਬ ਦੇ ਹਾਲਾਤ ਚਿੰਤਾਜਨਕ ਹੋ ਗਏ ਇਸ ਕਾਰਨ ਆਸਾਮ ਤੋਂ ਗੁਰੂ ਸਾਹਿਬ ਸਿੱਧੇ ਆਨੰਦਪੁਰ ਸਾਹਿਬ ਪਰਤ ਆਏ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸਮਾਜਕ ਸਰੋਕਾਰਾਂ ਨਾਲ ਵਿਲੱਖਣ ਪ੍ਰਤਿਬੱਧਤਾ ਦਾ ਪ੍ਰਤੀਕ ਸੀ। ਆਪਣੇ ਸਪੁੱਤਰ ਬਾਲ ਗੋਵਿੰਦ ਰਾਇ ਦਾ ਮੁਖ ਤਾਂ ਵੇਖਿਆ ਜਦੋਂ ਉਹ ਪੰਜ ਸਾਲ ਦੇ ਹੋ ਗਏ ਸਨ।
ਆਨੰਦਪੁਰ ਸਾਹਿਬ ਧਾਰਮਕ ਗਤਿਵਿਧਿਆਂ ਦਾ ਕੇਂਦਰ ਬਣ ਗਿਆ। ਸੰਗਤਾਂ ਚਾਅ ਤੇ ਭਾਵਨਾ ਨਾਲ ਦਰਸ਼ਨ ਲਈ ਆਉਣ ਲੱਗ ਪਈਆਂ। ਭਰੋਸੇ ਦਾ ਵਾਤਾਵਰਨ ਬਣ ਗਿਆ “ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ “ . ਔਰੰਗਜੇਬ ਦੇ ਜ਼ੁਲਮ ਦੀ ਇੰਤਿਹਾ ਹੋ ਰਹੀ ਸੀ। ਕਾਸ਼ਮੀਰ ਵਿੱਚ ਹਿੰਦੂ ਤ੍ਰਾਹਿ ਤ੍ਰਾਹਿ ਕਰ ਰਹੇ ਸਨ। ਉਨ੍ਹਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਵਿੱਚ “ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ “ ਦੇ ਦਰਸ਼ਨ ਹੋਏ। ਪੰਡਤ ਕਿਰਪਾ ਰਾਮ ਦੀ ਅਗੁਆਈ ਵਿੱਚ ਆਏ ਕਸ਼ਮੀਰੀ ਬ੍ਰਾਹਮਣਾਂ ਲਈ ਸੀਸ ਵਾਰਨ ਦਾ ਫੈਸਲਾ ਲੈਣ ਵਿੱਚ ਗੁਰੂ ਸਾਹਿਬ ਨੂੰ ਨਾਂ ਸਮਾਂ ਲੱਗਾ ਨਾਂ ਕੋਈ ਸੰਕੋਚ ਹੋਇਆ। ਇਹ ਨਿਵੇਕਲਾ ਇਤਿਹਾਸ ਸੀ ਜਿਸ ਦੇ ਸਿਰਜਣ ਦੀ ਸ਼ੁਰੂਆਤ ਆਨੰਦਪੁਰ ਸਾਹਿਬ ਵਿੱਚ ਹੋਈ। ਗੁਰੂ ਸਾਹਿਬ ਦਾ ਆਪ ਦਿੱਲੀ ਜਾ ਪੁੱਜਣਾ ਸਾਕਤ ਦੀ ਬੇਹਿਸਾਬ ਤਾਕਤ ਨੂੰ ਬੇਮਿਸਾਲ ਚੁਣੌਤੀ ਸੀ।ਕੋਈ ਡਰ ਨਹੀਂ , ਕੋਈ ਦੁਵਿਧਾ ਨਹੀਂ , ਕੋਈ ਭਰਮ ਨਹੀਂ ਬਸ ਸੱਚ ਲਈ ਡੱਟ ਕੇ ਖੜੇ ਹੋਣ ਦਾ ਬਲ ਸੀ ਜਿਸ ਨੇ ਸਾਰੇ ਬੰਧਨ ਤੋੜ ਦਿੱਤੇ।ਔਰੰਗਜੇਬ ਦੇ ਖੌਫ ਤੇ ਰੁਤਬੇ ਦੀ ਕਰਾਰੀ ਸ਼ਿਕਸਤ ਹੋਈ। ਗੁਰੂ ਤੇਗ ਬਹਾਦਰ ਸਾਹਿਬ ਨੇ ਅਨਿਆਈ ਦੇ ਹਰ ਦਬਾਵ, ਸੁਝਾਵ ਨੂੰ ਸਾਫ ਨਕਾਰਦਿਆਂ ਹੋਈਆਂ ਆਪਣੇ ਪਿਆਰੇ ਸਿੱਖਾਂ ਦੀ ਬੇਰਹਿਮ ਸ਼ਹੀਦੀ ਜਰੀ ਫਿਰ ਆਪ ਅਤਿ ਸਹਿਜ ਹੋ ਬਿਨਾ ਇੱਕ ਵੀ ਸੀ ਕੀਤੀਆਂ ਧਰਮ ਹਿੱਤ ਸੀਸ ਵਾਰ ਦਿੱਤਾ। ਗੁਰੂ ਸਾਹਿਬ ਦਾ ਸੀਸ ਵਾਰਨਾ ਅਕਾਲ ਪੁਰਖ ਦੀ ਉਸਤਤ ਦਾ ਨਿਵੇਕਲਾ ਢੰਗ ਸੀ ਜਿਸ ਨੇ ਸਾਰੇ ਸੰਸਾਰ ਨੂੰ ਅਵਾਕ ਕਰ ਦਿੱਤਾ।ਤਿਲਕ , ਜੰਜੂ ਬੱਚ ਗਿਆ। ਪਰ ਹਿੱਤ ਦਾ ਗੁਰੂ ਨਾਨਕ ਸਾਹਿਬ ਦੇ ਪੰਥ ਦਾ ਫ਼ਲਸਫ਼ਾ ਸਦੀਵੀ ਆਦਰਸ਼ ਬਣ ਕੇ ਸਥਾਪਿਤ ਹੋਇਆ ਜਿਸ ਤੋਂ ਯੁਗਾਂ ਯੁਗਾਂ ਤੱਕ ਮਾਨਵ ਸਮਾਜ ਪ੍ਰੇਰਿਤ ਹੁੰਦਾ ਰਹੇਗਾ।
ਡਾ ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ ਆਸਟ੍ਰੇਲੀਆ
Leave a Reply